'ਆਪ੍ਰੇਸ਼ਨ ਸੀਲ 5' ਤਹਿਤ ਪੰਜਾਬ ਦੀਆਂ ਸਰਹੱਦਾਂ 'ਤੇ ਕੀਤੀ ਨਾਕਾਬੰਦੀ
Wednesday, Dec 06, 2023 - 01:18 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਮਹਿੰਮ ਤਹਿਤ ਸੂਬੇ ਭਰ ਵਿੱਚ 'ਆਪ੍ਰੇਸ਼ਨ ਸੀਲ 5' ਚਲਾਇਆ ਗਿਆ, ਜਿਸ ਤਹਿਤ ਪੰਜਾਬ ਦੇ ਨਾਲ ਲੱਗਦੇ ਦੂਸਰੇ ਸੂਬਿਆਂ ਦੀਆਂ ਸਰਹੱਦਾਂ 'ਤੇ ਨਾਕਾਬੰਦੀ ਕਰਕੇ ਦੂਸਰਿਆਂ ਸੂਬਿਆਂ ਦੀ ਪੁਲਸ ਨਾਲ ਸਾਂਝੇ ਤੌਰ 'ਤੇ ਸਰਚ ਅਭਿਆਨ ਚਲਾਇਆ ਗਿਆ। ਇਸੇ ਤਹਿਤ ਐੱਸ.ਐਸ. ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੀਆਂ ਸਰੱਹਦਾਂ 'ਤੇ ਹਰਿਆਣਾ ਅਤੇ ਰਾਜਸਥਾਨ ਪੁਲਸ ਨਾਲ ਸਾਂਝੇ ਤੌਰ 'ਤੇ ਨਾਕਾਬੰਦੀ ਕਰ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਸਰਚ ਆਪ੍ਰੇਸ਼ਨ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਦੂਜੇ ਸੂਬਿਆਂ ਦੀਆਂ ਸਰਹੱਦਾਂ 'ਤੇ ਕੁੱਲ 19 ਨਾਕੇ ਲਗਾਏ ਗਏ। ਇਨ੍ਹਾਂ ਨਾਕਿਆਂ 'ਤੇ ਅਧਿਕਾਰੀਆਂ ਸਮੇਤ 200 ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਇਹ ਵੀ ਪੜ੍ਹੋ : ਬਠਿੰਡਾ ਸਣੇ 4 ਜ਼ਿਲ੍ਹਿਆਂ ਦੇ ਕਿਸਾਨਾਂ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ
ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਲੋਕਾਂ ਅੰਦਰ ਸਦਭਾਵਨਾ ਬਣਾਈ ਰੱਖਣ ਦੇ ਲਈ ਅੱਜ 'ਆਪ੍ਰੇਸ਼ਨ ਸੀਲ 5' ਤਹਿਤ ਨਸ਼ਿਆਂ ਦੇ ਤਸਕਰਾਂ, ਸ਼ਰਾਰਤੀ ਅਨਸਰਾਂ ਅਤੇ ਗੈਰ ਸਮਾਜਿਕ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪੰਜਾਬ, ਰਾਜਸਥਾਨ ਅਤੇ ਹਰਿਆਣਾ ਤਿੰਨਾਂ ਸੂਬਿਆਂ ਦੀ ਪੁਲਸ ਵੱਲੋਂ ਸਾਂਝੇ ਤੌਰ 'ਤੇ ਸਰੱਹਦਾਂ 'ਤੇ ਨਾਕਾਬੰਦੀ ਕਰ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਅੰਤਰਰਾਜੀ ਨਾਕਾ ਬੰਦੀ ਕਰਕੇ ਜਿੱਥੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਲਈ ਉੱਥੇ ਹੀ ਸ਼ੱਕੀ ਵਹੀਕਲਾਂ ਨੂੰ ਵਾਹਨ ਐਪ ਰਾਹੀਂ ਵੈਰੀਫਾਈ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਜਸਥਾਨ ਤੇ ਹਰਿਆਣਾ ਸੂਬੇ ਨਾਲ ਲੱਗਦੀਆਂ ਸਰਹੱਦਾਂ 'ਤੇ ਕੁੱਲ 19 ਨਾਕੇ ਲਾਏ ਗਏ ਹਨ ਜਿਨ੍ਹਾਂ ਵਿੱਚੋਂ 13 ਨਾਕੇ ਹਰਿਆਣਾ ਨਾਲ ਲੱਗਦੇ ਹਨ ਤੇ 06 ਨਾਕੇ ਰਾਜਸਥਾਨ ਸਰਹੱਦ ਦੇ ਨਾਲ ਲੱਗਦੇ ਹਨ।
ਇਹ ਵੀ ਪੜ੍ਹੋ : ਦਿਵਿਆਂਗਜਨਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8