ਰੇਲ ਗੱਡੀ ਹੇਠ ਆਉਣ ਨਾਲ ਵਿਅਕਤੀ ਦੀ ਹੋਈ ਮੌਤ
Monday, May 20, 2024 - 03:24 PM (IST)
ਜੈਤੋ (ਰਘੂਨੰਦਨ ਪਰਾਸ਼ਰ) : ਰੇਲ ਗੱਡੀ ਹੇਠਾਂ ਆਉਣ ਕਾਰਣ ਇਕ ਵਿਅਕਤੀ ਦੀ ਮੌਤ ਹੋ ਗਈ। ਇਲਾਕੇ ਦੀ ਪ੍ਰਸਿੱਧ ਮਾਨਵਤਾ ਨੂੰ ਸਮਰਪਿਤ 24 ਘੰਟੇ ਨਿਸ਼ਕਾਮ ਸੇਵਾ ਕਰਨ ਵਾਲ਼ੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਇਕਾਈ ਜੈਤੋ ਦੇ ਐਮਰਜੰਸੀ ਨੰਬਰ 'ਤੇ ਸੰਪਰਕ ਕਰਕੇ ਸੂਚਨਾ ਦਿੱਤੀ ਗਈ ਕਿ ਛੋਟੀ ਨਹਿਰ ਨੇੜੇ ਜੈਤੋ ਤੋਂ ਬਠਿੰਡਾ ਜਾਣ ਵਾਲੀ ਰੇਲ ਗੱਡੀ ਹੇਠ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ.) ਜੈਤੋ ਦੀ ਸਮੁੱਚੀ ਟੀਮ ਮੌਕੇ 'ਤੇ ਪਹੁੰਚੀ।
ਆਰ. ਪੀ. ਐੱਫ਼ ਜੈਤੋ ਦੇ ਮੁਲਾਜ਼ਮ ਏ. ਐਸ. ਆਈ. ਹਰਜੀਤ ਸਿੰਘ ਅਤੇ ਏ. ਐਸ. ਆਈ. ਜਸਵਿੰਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਬਣਦੀ ਕਾਰਵਾਈ ਕੀਤੀ ਗਈ। ਮੌਕੇ 'ਤੇ ਮਿਲੇ ਪਛਾਣ ਪੱਤਰ ਰਾਹੀਂ ਮ੍ਰਿਤਕ ਦੀ ਪਛਾਣ ਬਿਹਾਰੀ ਲਾਲ ਬਠਿੰਡਾ ਰੋਡ ਕਲੋਨੀ ਰਗੇਰ ਬਸਤੀ ਜੈਤੋ ਦੇ ਰੂਪ ਵਿਚ ਹੋਈ ਹੈ। ਆਰ. ਪੀ. ਐੱਫ. ਦੇ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਮ੍ਰਿਤਕ ਦੇਹ ਨੂੰ ਅਗਲੀ ਕਾਰਵਾਈ ਲਈ ਬਠਿੰਡਾ ਸਿਵਲ ਹਸਪਤਾਲ ਲਿਜਾਇਆ ਗਿਆ।