ਜੁਬੀਨ ਗਰਗ ਦੀ ਮੌਤ ਮਾਮਲੇ ''ਚ ਅਸਾਮ ਦੇ ਮੁੱਖ ਸੂਚਨਾ ਕਮਿਸ਼ਨਰ ਨੇ ਦਿੱਤਾ ਅਸਤੀਫ਼ਾ
Thursday, Nov 06, 2025 - 05:38 PM (IST)
ਗੁਹਾਟੀ- ਅਸਾਮ ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਘਟਨਾਕ੍ਰਮ ਸਾਹਮਣੇ ਆਇਆ ਹੈ। ਅਸਾਮ ਦੇ ਮੁੱਖ ਸੂਚਨਾ ਕਮਿਸ਼ਨਰ (CIC) ਭਾਸਕਰ ਜੋਤੀ ਮਹੰਤ ਨੇ ਵੀਰਵਾਰ 6 ਨਵੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਆਪਣੇ ਛੋਟੇ ਭਰਾ ਸ਼ਿਆਮਕਾਨੂ ਮਹੰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੁੱਕਿਆ ਹੈ, ਜਿਸ ਦਾ ਨਾਮ ਮਸ਼ਹੂਰ ਗਾਇਕ ਜੁਬੀਨ ਗਰਗ ਦੀ ਮੌਤ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ।
ਫੇਸਬੁੱਕ ਰਾਹੀਂ ਕੀਤਾ ਅਸਤੀਫ਼ੇ ਦਾ ਐਲਾਨ
ਭਾਸਕਰ ਜੋਤੀ ਮਹੰਤ ਜੋ ਕਿ ਅਸਾਮ ਪੁਲਸ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਸ (DGP) ਵੀ ਰਹਿ ਚੁੱਕੇ ਹਨ, ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ 'ਤੇ ਇੱਕ ਲੰਬੀ ਪੋਸਟ ਰਾਹੀਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਰਾਜਪਾਲ ਨੂੰ ਪਹਿਲਾਂ ਹੀ ਪੱਤਰ ਭੇਜਿਆ ਜਾ ਚੁੱਕਾ ਹੈ।
ਆਪਣੇ ਅਸਤੀਫ਼ੇ ਦਾ ਕਾਰਨ ਸਪੱਸ਼ਟ ਕਰਦਿਆਂ, ਭਾਸਕਰ ਜੋਤੀ ਮਹੰਤ ਨੇ ਲਿਖਿਆ:
"ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਭਰਾ ਸ਼ਿਆਮਕਾਨੂ ਮਹੰਤ ਦਾ ਨਾਮ ਹਾਲ ਹੀ ਵਿੱਚ ਸਾਰਿਆਂ ਦੇ ਪਿਆਰੇ ਕਲਾਕਾਰ ਜੁਬੀਨ ਗਰਗ ਦੀ ਮੌਤ ਨਾਲ ਜੁੜਿਆ ਹੈ। ਇਸ ਸੰਦਰਭ ਵਿੱਚ ਮੇਰੀ ਅੰਤਰਾਤਮਾ (ਜ਼ਮੀਰ) ਮੈਨੂੰ ਕਹਿ ਰਹੀ ਸੀ ਕਿ ਜੇਕਰ ਕੋਈ ਮੇਰੇ ਭਰਾ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਮੰਗਦਾ ਹੈ, ਤਾਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਜਾਂ ਆਸ਼ੰਕਾ ਨਾ ਰਹੇ।" ਇਸ ਤੋਂ ਇਲਾਵਾ ਭਾਸਕਰ ਮਹੰਤ ਨੇ ਕਿਹਾ ਕਿ ਉਨ੍ਹਾਂ ਦੇ ਛੋਟੇ ਭਰਾ ਸ਼ਿਆਮਕਾਨੂ ਨੂੰ ਦਿੱਤੀ ਗਈ ਸਰਕਾਰੀ ਫੰਡਾਂ ਨਾਲ ਸਬੰਧਤ ਜਾਣਕਾਰੀ ਮੰਗਣ ਲਈ ਸੂਚਨਾ ਦੇ ਅਧਿਕਾਰ (RTI) ਤਹਿਤ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਕਾਰਨ ਅਹੁਦੇ 'ਤੇ ਰਹਿਣਾ ਨੈਤਿਕ ਤੌਰ 'ਤੇ ਸਹੀ ਨਹੀਂ ਸੀ। ਉਨ੍ਹਾਂ ਨੇ ਅਸਤੀਫ਼ੇ ਦੇ ਫੈਸਲੇ ਬਾਰੇ ਮੁੱਖ ਮੰਤਰੀ ਦਫ਼ਤਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।
ਜੁਬੀਨ ਗਰਗ ਦੀ ਰਹੱਸਮਈ ਮੌਤ
ਭਾਸਕਰ ਜੋਤੀ ਮਹੰਤ ਜੋ ਕਿ 5 ਅਪ੍ਰੈਲ 2023 ਨੂੰ ਸੀ.ਆਈ.ਸੀ. ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਅਹੁਦਾ ਸੰਭਾਲਿਆ ਸੀ, ਦਾ ਅਸਤੀਫ਼ਾ ਜੁਬੀਨ ਗਰਗ ਦੀ ਮੌਤ ਨਾਲ ਜੁੜਿਆ ਹੈ:
ਦੱਸਣਯੋਗ ਹੈ ਕਿ ਗਾਇਕ ਜੁਬੀਨ ਗਰਗ (52) ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਰਹੱਸਮਈ ਹਾਲਾਤਾਂ ਵਿੱਚ ਹੋ ਗਈ ਸੀ। ਜੁਬੀਨ ਗਰਗ ਸ਼ਿਆਮਕਾਨੂ ਮਹੰਤ ਅਤੇ ਉਨ੍ਹਾਂ ਦੀ ਕੰਪਨੀ ਵੱਲੋਂ ਆਯੋਜਿਤ ਚੌਥੇ ਉੱਤਰ-ਪੂਰਬ ਭਾਰਤ ਮਹਾਂਉਤਸਵ ਵਿੱਚ ਹਿੱਸਾ ਲੈਣ ਲਈ ਸਿੰਗਾਪੁਰ ਗਏ ਸਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਮਾਮਲੇ ਦੀ ਜਾਂਚ ਚੱਲਣ ਦੇ ਬਾਵਜੂਦ ਗਰਗ ਦੀ ਹੱਤਿਆ ਸਿੰਗਾਪੁਰ ਵਿੱਚ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਵਰਤਮਾਨ ਵਿੱਚ ਅਸਾਮ ਪੁਲਸ ਦੀ ਸੀਆਈਡੀ ਦੀ 10 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦੋਂ ਕਿ ਸਿੰਗਾਪੁਰ ਪੁਲਸ ਫੋਰਸ (SPF) ਵੀ ਸੁਤੰਤਰ ਤੌਰ 'ਤੇ ਮੌਤ ਦੀ ਜਾਂਚ ਕਰ ਰਹੀ ਹੈ।
