ਦਿੱਲੀ ਕੰਸਰਟ ਵਿਵਾਦ ਤੋਂ ਬਾਅਦ ਹਰਿਦੁਆਰ ਪਹੁੰਚੇ ਯੋ ਯੋ ਹਨੀ ਸਿੰਘ, ਨੀਲੇਸ਼ਵਰ ਮਹਾਦੇਵ ਮੰਦਰ ''ਚ ਕੀਤੀ ਵਿਸ਼ੇਸ਼ ਪੂਜਾ
Friday, Jan 16, 2026 - 02:44 PM (IST)
ਮਨੋਰੰਜਨ ਡੈਸਕ - ਮਸ਼ਹੂਰ ਬਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ ਇਨੀਂ ਦਿਨੀਂ ਸੁਰਖੀਆਂ ਵਿਚ ਹਨ। ਦਿੱਲੀ ਵਿਚ ਇਕ ਕੰਸਰਟ ਦੌਰਾਨ ਠੰਡ ਨੂੰ ਲੈ ਕੇ ਕੀਤੀ ਗਈ ਇਕ ਇਤਰਾਜ਼ਯੋਗ ਟਿੱਪਣੀ ਕਾਰਨ ਉਹ ਸਖ਼ਤ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਇਸ ਵਿਵਾਦ ਵਿਚਾਲੇ, ਹਨੀ ਸਿੰਘ ਹਰਿਦੁਆਰ ਪਹੁੰਚੇ, ਜਿੱਥੇ ਉਨ੍ਹਾਂ ਨੇ ਨੀਲੇਸ਼ਵਰ ਮਹਾਦੇਵ ਮੰਦਰ ਵਿਚ ਭਗਵਾਨ ਸ਼ਿਵ ਦੀ ਸ਼ਰਨ ਲਈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਵਿਧੀ-ਵਿਧਾਨ ਨਾਲ ਰੁਦਰਾਭਿਸ਼ੇਕ ਅਤੇ ਪੂਜਾ-ਅਰਚਨਾ ਕਰਦੇ ਹੋਏ ਦੀਆਂ ਵੀਡੀਓਜ਼ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਪੂਰੀ ਤਰ੍ਹਾਂ ਭਗਤੀ ਵਿਚ ਲੀਨ ਨਜ਼ਰ ਆ ਰਹੇ ਹਨ।

ਵਿਵਾਦ 'ਤੇ ਸਫਾਈ ਅਤੇ ਮਾਫੀ
ਇਸ ਘਟਨਾ ਤੋਂ ਬਾਅਦ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕਰਕੇ ਸਾਰਿਆਂ ਤੋਂ ਮਾਫੀ ਮੰਗੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਬਲਕਿ ਉਹ ਨੌਜਵਾਨ ਪੀੜ੍ਹੀ (Gen-Z) ਨੂੰ ਸੁਰੱਖਿਅਤ ਸੈਕਸ ਅਤੇ ਸੈਕਸੁਅਲੀ ਟ੍ਰਾਂਸਮੀਟਿਡ ਡਿਜ਼ੀਜ਼ (STDs) ਬਾਰੇ ਜਾਗਰੂਕ ਕਰਨਾ ਚਾਹੁੰਦੇ ਸਨ। ਹਨੀ ਸਿੰਘ ਅਨੁਸਾਰ, ਡਾਕਟਰਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਉਹ ਇਹ ਸੰਦੇਸ਼ ਨੌਜਵਾਨਾਂ ਦੀ 'ਓਟੀਟੀ ਭਾਸ਼ਾ' ਵਿਚ ਦੇਣਾ ਚਾਹੁੰਦੇ ਸਨ, ਜਿਸ ਨੂੰ ਕੁਝ ਲੋਕਾਂ ਨੇ ਗਲਤ ਸਮਝ ਲਿਆ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਵੀਡੀਓ ਨੂੰ ਐਡਿਟ ਕਰਕੇ ਗਲਤ ਤਰੀਕੇ ਨਾਲ ਵਾਇਰਲ ਕੀਤਾ ਗਿਆ ਸੀ।
