''ਵਾਪਸੀ'' ਨਾਲ ਹੋਵੇਗੀ ਪੰਜਾਬੀ ਸਿਨੇਮੇ ਦੀ ਨਵੀਂ ਸ਼ੁਰੂਆਤ : ਹਰੀਸ਼ ਵਰਮਾ

Saturday, May 28, 2016 - 07:18 AM (IST)

ਚੰਡੀਗੜ੍ਹ : ਅਗਲੇ ਮਹੀਨੇ 3 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ ''ਵਾਪਸੀ'' ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਸੰਜੀਦਾ ਸਿਨੇਮਾ ਦੇ ਦੀਦਾਰ ਵੀ ਕਰਵਾਏਗੀ। ਇਹ ਕਹਿਣਾ ਹੈ ਅਦਾਕਾਰ ਹਰੀਸ਼ ਵਰਮਾ ਦਾ। ਹਰੀਸ਼ ਵਰਮਾ ਨਿਰਦੇਸ਼ਕ ਰਾਕੇਸ਼ ਸ਼ਰਮਾ ਦੀ ਇਸ ਫ਼ਿਲਮ ਦਾ ਹੀਰੋ ਹੈ। ਹਰੀਸ਼ ਇਸ ਫ਼ਿਲਮ ''ਚ ਇਕ ਅਜਿਹੇ ਹਾਕੀ ਖਿਡਾਰੀ ਦਾ ਕਿਰਦਾਰ ਅਦਾ ਕਰ ਰਿਹਾ ਹੈ, ਜਿਸ ਨੂੰ ਕੌਮੀ ਹਾਕੀ ਖਿਡਾਰੀ ਬਣਨ ਦਾ ਸੁਪਨਾ ਤਿਆਗ ਕੇ ਮਜਬੂਰੀ ਵੱਸ ਵਿਦੇਸ਼ ਜਾਣਾ ਪੈਂਦਾ ਹੈ। ਹਰੀਸ਼ ਨੇ ਦੱਸਿਆ ਕਿ ਨਿਰਦੇਸ਼ਕ ਰਾਕੇਸ਼ ਮਹਿਤਾ ਵੱਲੋਂ ਹੀ ਲਿਖੀ ਗਈ ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਗੱਲ ਕਰਦੀ ਹੈ, ਜਿਸ ਦੌਰ ''ਚ ਪੰਜਾਬ ਦੇ ਨੌਜਵਾਨਾਂ ਨੂੰ ਘਰ-ਬਾਰ ਤਿਆਗ ਕੇ ਵਿਦੇਸ਼ਾਂ ਵੱਲ ਰੁਖ਼ ਕਰਨਾ ਪਿਆ ਸੀ। ਉਨ੍ਹਾਂ ਮੁਤਾਬਕ ਉਸ ਨੇ ਇਸ ਫ਼ਿਲਮ ਵਿਚਲਾ ਕਿਰਦਾਰ ਨਿਭਾਉਣ ਲਈ ਬੇਹੱਦ ਮਿਹਨਤ ਕੀਤੀ ਹੈ। ਉਹ ਇਸ ''ਚ ਹਾਕੀ ਖਿਡਾਰੀ ਅਜੀਤ ਸਿੰਘ ਦਾ ਕਿਰਦਾਰ ਅਦਾ ਕਰ ਰਿਹਾ ਹੈ। ਉਹ ਪਹਿਲੀ ਵਾਰ ਸਕ੍ਰੀਨ ''ਤੇ ਪੱਗ ''ਚ ਨਜ਼ਰ ਆਵੇਗਾ। ਅਜੀਤ ਦੇ ਪਰਿਵਾਰ ''ਚ ਇਕ ਅਜਿਹੀ ਘਟਨਾ ਵਾਪਰਦੀ ਹੈ, ਜਿਸ ਤੋਂ ਬਾਅਦ ਉਸ ਕੋਲ ਘਰ-ਬਾਰ ਤਿਆਗ ਕੇ ਵਿਦੇਸ਼ ਜਾਣ ਤੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਬਚਦਾ। ਹਰੀਸ਼ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਨੂੰ ਇਕ ਸੱਚ ਦੇ ਰੂ-ਬਰੂ ਵੀ ਕਰਵਾਏਗੀ। ਇਸ ''ਚ ਬਾਲੀਵੁੱਡ ਅਦਾਕਾਰ ਗੁਲਸ਼ਨ ਗਰੋਵਰ, ਅਸ਼ੀਸ਼ ਦੁੱਗਲ, ਸਮੀਕਸ਼ਾ ਤੇ ਧ੍ਰਿਤੀ ਸਹਾਰਨ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਨੇ ਸੋਸ਼ਲ ਮੀਡੀਆ ''ਤੇ ਵੱਡਾ ਹੰਗਾਰਾ ਦਿੱਤਾ ਹੈ। ਇਸ ਦਾ ਸੰਗੀਤ ਵੀ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਆਪਣੀ ਇਸ ਫ਼ਿਲਮ ''ਵਾਪਸੀ'' ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਰੀਸ਼ ਦਾ ਕਹਿਣਾ ਹੈ ਕਿ ਉਸ ਨੂੰ ਆਸ ਹੀ ਨਹੀਂ, ਪੂਰਨ ਯਕੀਨ ਹੈ ਕਿ ਉਸਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ''ਤੇ ਜ਼ਰੂਰ ਖ਼ਰਾ ਉਤਰੇਗੀ।


Related News