ਮੈਨੂੰ ਸਿਰਫ਼ ਥੌਟ ਚੰਗਾ ਲੱਗਣਾ ਚਾਹੀਦੈ, ਫਿਰ ਉਸ ਫ਼ਿਲਮ ਨੂੰ ਕਰ ਲੈਂਦਾ ਹਾਂ : ਕਿੱਚਾ ਸੁਦੀਪ

Thursday, Jul 28, 2022 - 03:37 PM (IST)

ਮੈਨੂੰ ਸਿਰਫ਼ ਥੌਟ ਚੰਗਾ ਲੱਗਣਾ ਚਾਹੀਦੈ, ਫਿਰ ਉਸ ਫ਼ਿਲਮ ਨੂੰ ਕਰ ਲੈਂਦਾ ਹਾਂ : ਕਿੱਚਾ ਸੁਦੀਪ

ਕਿੱਚਾ ਸੁਦੀਪ ਸਟਾਰਰ ‘ਵਿਕਰਾਂਤ ਰੋਨਾ’ ਲੰਬੇ ਸਮੇਂ ਤੋਂ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਹੈ। ਅਨੂਪ ਭੰਡਾਰੀ ਵਲੋਂ ਨਿਰਦੇਸ਼ਿਤ ਇਸ ਐਕਸ਼ਨ ਥ੍ਰਿਲਰ ਫ਼ਿਲਮ ਨੂੰ ਕਿੱਚਾ ਸੁਦੀਪ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ’ਚੋਂ ਇਕ ਕਿਹਾ ਜਾ ਰਿਹਾ ਹੈ। ਇਹ 3ਡੀ ਪੈਨ ਇੰਡੀਆ ਫ਼ਿਲਮ ਕੰਨੜ, ਤਾਮਿਲ, ਤੇਲਗੂ, ਮਲਿਆਲਮ, ਹਿੰਦੀ, ਅਰਬੀ, ਜਰਮਨ, ਰੂਸੀ, ਮੰਦਾਰਿਨ ਤੇ ਅੰਗ੍ਰੇਜ਼ੀ ਸਮੇਤ ਕਈ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ਇਸ ਦੇ 3ਡੀ ਵਿਜ਼ੂਅਲ ਨੂੰ ਸਲਮਾਨ ਖ਼ਾਨ ਫ਼ਿਲਮਜ਼ ਨੇ ਪੇਸ਼ ਕੀਤਾ ਹੈ। ਫ਼ਿਲਮ ’ਚ ਜੈਕਲੀਨ ਫਰਨਾਂਡੀਜ਼, ਨਿਰੂਪ ਭੰਡਾਰੀ, ਨੀਤਾ ਅਸ਼ੋਕ, ਰਵੀਸ਼ੰਕਰ ਗੌੜਾ, ਮਧੁਸੂਦਨ ਰਾਓ ਤੇ ਵਾਸੂਕੀ ਵੈਭਵ ਵੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦੀ ਪ੍ਰੋਮੋਸ਼ਨ ਲਈ ਦਿੱਲੀ ਪਹੁੰਚੇ ਕਿੱਚਾ ਸੁਦੀਪ, ਨਿਰੂਪ ਭੰਡਾਰੀ, ਅਨੂਪ ਭੰਡਾਰੀ ਤੇ ਨੀਤਾ ਅਸ਼ੋਕ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼–

ਫੂਡੀ ਨਹੀਂ, ਸਿਰਫ਼ ਜਿਊਣ ਲਈ ਖਾਂਦਾ ਹਾਂ : ਕਿੱਚਾ ਸੁਦੀਪ

ਸਵਾਲ– ਤੁਸੀਂ ਹਰ ਵਾਰ ਆਪਣੀ ਪ੍ਰਫਾਰਮੈਂਸ ਨਾਲ ਸਭ ਨੂੰ ਖ਼ੁਸ਼ ਕਰ ਦਿੰਦੇ ਹੋ। ‘ਵਿਕਰਾਂਤ ਰੋਨਾ’ ’ਚ ਸਾਨੂੰ ਕੀ ਨਵਾਂ ਦੇਖਣ ਨੂੰ ਮਿਲਣ ਵਾਲਾ ਹੈ?
ਜਵਾਬ–
ਮੇਰੇ ਲਈ ਇਸ ’ਚ ਸਭ ਕੁਝ ਨਵਾਂ ਹੈ। ਇਸ ਫ਼ਿਲਮ ’ਚ ਬਹੁਤ ਵੱਡੇ-ਵੱਡੇ ਸੈੱਟ ਦੇਖਣ ਨੂੰ ਮਿਲਣਗੇ, ਭਾਵੇਂ ਫਾਈਟਿੰਗ ਦੇ ਹੋਣ ਜਾਂ ਫਿਰ ਜੰਗਲ ਦੇ। ਜਦੋਂ ਮੈਨੂੰ ਕਹਾਣੀ ਦੱਸੀ ਗਈ ਤਾਂ ਲੱਗਾ ਕਿ ਇਹ ਬਿਲਕੁਲ ਅਲੱਗ ਹੈ। ਇਹ ਫਿਕਸ਼ਨਲ, ਥ੍ਰਿਲਰ ਐਕਸ਼ਨ ਫ਼ਿਲਮ ਹੈ, ਜੋ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ।

ਸਵਾਲ– ਤੁਹਾਨੂੰ ਦਿੱਲੀ ਆ ਕੇ ਕਿਹੋ-ਜਿਹਾ ਲੱਗਾ ਤੇ ਇਥੋਂ ਦਾ ਫੂਡ ਪਸੰਦ ਆਇਆ?
ਜਵਾਬ–
(ਹੱਸਦੇ ਹੋਏ ਦੱਸਦੇ ਹਨ) ਮੈਂ ਇਕ ਵਾਰ ਪਹਿਲਾਂ ਵੀ ਦਿੱਲੀ ਆਇਆ ਸੀ। ਉਦੋਂ ਸਰਦੀਆਂ ਦਾ ਸਮਾਂ ਸੀ, ਹੁਣ ਥੋੜੀ ਗਰਮੀ ਹੈ। ਰਹੀ ਖਾਣੇ ਦੀ ਗੱਲ ਤਾਂ ਬਿਲੁਕਲ ਵੀ ਫੂਡੀ ਨਹੀਂ ਹਾਂ। ਬਹੁਤ ਘੱਟ ਖਾਂਦਾ ਹਾਂ ਜਾਂ ਕਹਿ ਲਵੋ ਕਿ ਸਿਰਫ਼ ਜਿਊਣ ਲਈ ਖਾਂਦਾ ਹਾਂ।

ਸਵਾਲ– ‘ਵਿਕਰਾਂਤ ਰੋਨਾ’ ਨੂੰ ਹਾਂ ਬੋਲਣ ਦਾ ਕੀ ਕਾਰਨ ਸੀ?
ਜਵਾਬ–
ਮੈਂ ਸਵੇਰੇ ਉੱਠ ਕੇ ਇਹ ਨਹੀਂ ਸੋਚਦਾ ਕਿ ਖਾਣੇ ’ਚ ਕੀ ਮਿਲੇਗਾ, ਜੋ ਮਿਲਦਾ ਹੈ ਖਾ ਲੈਂਦਾ ਹਾਂ। ਉਂਝ ਹੀ ਜੋ ਵੀ ਕਹਾਣੀ ਆਉਂਦੀ ਹੈ, ਅਜਿਹਾ ਕੁਝ ਨਹੀਂ ਸੋਚਦਾ, ਕਰਾਂਗਾ ਜਾਂ ਨਹੀਂ। ਮੌਜੂਦਾ ਸਮੇਂ ’ਚ ਤੁਸੀਂ ਹਰ ਕਹਾਣੀ ਸੁਣ ਚੁੱਕੇ ਹੋਵੋਗੇ ਪਰ ਕਿਸੇ ਵੀ ਕਹਾਣੀ ਨੂੰ ਪੇਸ਼ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਹਰ ਅਦਾਕਾਰ ਤੇ ਡਾਇਰੈਕਟਰ ਆਪਣੇ ਹਿਸਾਬ ਨਾਲ ਕੰਮ ਕਰਦੇ ਹਨ। ਮੈਨੂੰ ਸਿਰਫ਼ ਥੌਟ ਚੰਗਾ ਲੱਗਣਾ ਚਾਹੀਦਾ ਹੈ, ਫਿਰ ਮੈਂ ਉਸ ਫ਼ਿਲਮ ਨੂੰ ਕਰ ਲੈਂਦਾ ਹਾਂ।

ਸਵਾਲ– 26 ਸਾਲ ਦੇ ਕਰੀਅਰ ’ਚ ਤੁਸੀਂ ਅਜਿਹੇ ਮੁਕਾਮ ’ਤੇ ਹੋ, ਜਿਥੇ ਸਭ ਕੁਝ ਹਾਸਲ ਕਰ ਚੁੱਕੇ ਹੋ। ਅਜਿਹਾ ਕੋਈ ਡ੍ਰੀਮ ਹੈ, ਜੋ ਪੂਰਾ ਨਾ ਹੋਇਆ ਹੋਵੇ?
ਜਵਾਬ–
ਅਜੇ ਤਾਂ ਮੈਂ ਬਹੁਤ ਘੱਟ ਕੰਮ ਕੀਤਾ ਹੈ। ਮੈਂ ਜਦੋਂ ਆਇਆ ਸੀ, ਉਦੋਂ ਸਟੂਡੈਂਟ ਸੀ ਤੇ ਸਾਲ ’ਚ ਇਕ ਹੀ ਫ਼ਿਲਮ ਕਰਦਾ ਹਾਂ। ਜੇਕਰ ਕਹਾਂ ਕਿ ਮੈਂ ਟੈਲੇਂਟ ਤੇ ਫੈਨ ਫਾਲੋਵਿੰਗ ਕਾਰਨ ਟਿਕਿਆ ਹੋਇਆ ਹਾਂ ਤਾਂ ਇਹ ਬਿਲਕੁਲ ਗਲਤ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਸਿਨੇਮਾ ’ਚ ਈਮਾਨਦਾਰੀ ਨਾਲ ਕੰਮ ਕਰ ਰਹੇ ਹੋ ਤੇ ਸਿਨੇਮਾ ਵੀ ਵਾਪਸ ਪਿਆਰ ਦੇ ਰਿਹਾ ਹੈ ਤਾਂ ਤੁਸੀਂ ਬਹੁਤ ਕਿਸਮਤ ਵਾਲੇ ਹੋ ਤਾਂ ਹੀ ਤੁਸੀਂ ਇੰਨੇ ਲੰਬੇ ਸਮੇਂ ਤੱਕ ਟਿਕ ਸਕਦੇ ਹੋ।

ਨਿਰੂਪ ਭੰਡਾਰੀ

ਸਵਾਲ– ਤੁਸੀਂ ਆਪਣੇ ਕਿਰਦਾਰ ਲਈ ਕੀ ਖ਼ਾਸ ਤਿਆਰੀ ਕੀਤੀ?
ਜਵਾਬ–
ਅਨੂਪ ਨਾਲ ਇਹ ਮੇਰੀ ਤੀਜੀ ਫ਼ਿਲਮ ਹੈ। ਇਸ ’ਚ ਮੇਰੇ ਕਿਰਦਾਰ ਦਾ ਨਾਂ ਸੰਜੀਵ ਗੰਭੀਰ ਹੈ, ਜੋ ਲੰਬੇ ਸਮੇਂ ਬਾਅਦ ਲੰਡਨ ਤੋਂ ਪਿੰਡ ਵਾਪਸ ਆ ਕੇ ਬਹੁਤ ਖ਼ੁਸ਼ ਹੈ। ਹਰ ਕਿਸੇ ਨਾਲ ਬਹੁਤ ਵਧੀਆ ਢੰਗ ਨਾਲ ਮਿਲਦਾ ਹੈ। ਅਨੂਪ ਤੇ ਮੈਂ ਦੋਵੇਂ ਭਰਾ ਹਾਂ ਪਰ ਸੈੱਟ ’ਤੇ ਅਨੂਪ ਡਾਇਰੈਕਟਰ ਤੇ ਮੈਂ ਅਦਾਕਾਰ ਵਾਂਗ ਰਹਿੰਦਾ ਹਾਂ। ਮੈਨੂੰ ਬਚਪਨ ਤੋਂ ਹੀ ਫ਼ਿਲਮਾਂ ਦਾ ਸ਼ੌਕ ਸੀ।

ਸਵਾਲ– ਤੁਹਾਨੂੰ ਕਿਹੋ-ਜਿਹੇ ਕਿਰਦਾਰ ਪਸੰਦ ਹਨ?
ਜਵਾਬ–
ਮੈਂ ਪਹਿਲਾਂ ਕਹਾਣੀ ਸੁਣਦਾ ਹਾਂ ਤੇ ਕੋਸ਼ਿਸ਼ ਕਰਦਾ ਹਾਂ ਕਿ ਜੋ ਪਹਿਲਾਂ ਕੀਤਾ ਗਿਆ ਹੋਵੇ ਉਸ ਨੂੰ ਨਾ ਦੋਹਰਾਵਾਂ। ਮੈਨੂੰ ਕੰਪਲੀਟ ਐਕਸ਼ਨ ਫ਼ਿਲਮਾਂ ਜ਼ਿਆਦਾ ਪਸੰਦ ਨਹੀਂ ਹਨ। ਮੈਨੂੰ ਬਰਫੀ ਵਰਗੀਆਂ ਫ਼ਿਲਮਾਂ ਪਸੰਦ ਹਨ।

ਸਵਾਲ– ਓ. ਟੀ. ਟੀ. ਦੇ ਆਉਣ ਨਾਲ ਅਦਾਕਾਰਾਂ ’ਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਆ ਗਿਆ ਹੈ?
ਜਵਾਬ–
ਮੈਨੂੰ ਲੱਗਦਾ ਹੈ ਕਿ ਓ. ਟੀ. ਟੀ. ਨਾਲ ਅਦਾਕਾਰਾਂ ਨੂੰ ਚੰਗਾ ਐਕਸਪੋਜ਼ਰ ਮਿਲ ਰਿਹਾ ਹੈ। ਬਹੁ-ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਇਹ ਬਹੁਤ ਵਧੀਆ ਸਮਾਂ ਹੈ। ਗੁੱਡ ਲੁਕਿੰਗ ਹੋਣਾ ਹੁਣ ਪਛਾਣ ਨਹੀਂ ਹੈ, ਹੀਰੋ ਦੀ ਪਰਿਭਾਸ਼ਾ ਬਦਲ ਗਈ ਹੈ।

ਅਨੂਪ ਭੰਡਾਰੀ

ਸਵਾਲ– ਜਦੋਂ ਕਿਸੇ ਫ਼ਿਲਮ ਦਾ ਡਾਇਰੈਕਟਰ ਤੇ ਲੇਖਕ ਇਕ ਹੀ ਹੋਵੇ ਤਾਂ ਕਿੰਨਾ ਸੌਖਾ ਰਹਿੰਦਾ ਹੈ ਕੰਮ ਕਰਨਾ?
ਸਵਾਲ–
ਕਈ ਡਾਇਰੈਕਟਰ ਹਨ ਜੋ ਕਿਸੇ ਹੋਰ ਦੀ ਕਹਾਣੀ ਨੂੰ ਡਾਇਰੈਕਟ ਕਰਦੇ ਹਨ ਪਰ ਮੈਂ ਆਪਣੀ ਕਹਾਣੀ ’ਤੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅਜਿਹਾ ਕਰਨ ਨਾਲ ਚੀਜ਼ਾਂ ਬਹੁਤ ਆਸਾਨ ਹੋ ਜਾਂਦੀਆਂ ਹਨ। ਜੇਕਰ ਤੁਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਆਸਾਨ ਹੋ ਜਾਂਦਾ ਹੈ ਕਿਉਂਕਿ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਅਸਲ ’ਚ ਤੁਹਾਨੂੰ ਚਾਹੀਦਾ ਕੀ ਹੈ।

ਸਵਾਲ– ਇਸ ਫ਼ਿਲਮ ਨੂੰ ਤਿਆਰ ਹੋਣ ’ਚ ਪੰਜ ਸਾਲ ਦਾ ਲੰਬਾ ਸਮਾਂ ਕਿਵੇਂ ਲੱਗ ਗਿਆ?
ਜਵਾਬ–
ਹਾਂ, ਕੋਵਿਡ ਕਾਰਨ ਜ਼ਿਆਦਾ ਸਮਾਂ ਲੱਗ ਗਿਆ। ਇਕ ਸਾਲ ਲਿਖਣ ’ਚ ਨਿਕਲ ਗਿਆ, 140 ਦਿਨ ਸ਼ੂਟਿੰਗ ਦੇ, 1 ਸਾਲ ਪੋਸਟ ਪ੍ਰੋਡਕਸ਼ਨ ਤੇ ਬਾਕੀ ਕੋਵਿਡ ਕਾਰਨ ਲੇਟ ਹੋਇਆ।

ਸਵਾਲ– ਹਿੰਦੀ ਫ਼ਿਲਮ ਦੇ ਦਰਸ਼ਕਾਂ ਤੇ ਕੰਨੜ ਫ਼ਿਲਮ ਦੇ ਦਰਸ਼ਕਾਂ ’ਚ ਕੀ ਫਰਕ ਹੈ?
ਜਵਾਬ–
ਮੈਂ ਕਹਿਣਾ ਚਾਹਾਂਗਾ ਕਿ ਇਥੇ ਕੰਨੜ ਫ਼ਿਲਮਾਂ ਨੂੰ ਬਹੁਤ ਪਿਆਰ ਮਿਲਦਾ ਹੈ। ਇਸੇ ਤਰ੍ਹਾਂ ਉਥੇ ਹਿੰਦੀ ਫ਼ਿਲਮਾਂ ਨੂੰ ਵੀ ਬਹੁਤ ਪਿਆਰ ਮਿਲਦਾ ਹੈ। ਹਿੰਦੀ ਗੀਤਾਂ ਦੀ ਅੰਤਾਕਸ਼ਰੀ ਬਹੁਤ ਵਧੀਆ ਖੇਡੀ ਜਾਂਦੀ ਹੈ। ਹਿੰਦੀ ਫ਼ਿਲਮਾਂ ਨੂੰ ਸਾਡੇ ਇਥੇ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਲਈ ਤਾਂ ਸਾਨੂੰ ਕੋਵਿਡ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਕਾਰਨ ਲੋਕ ਆਪਣੇ ਘਰਾਂ ’ਚ ਓ. ਟੀ. ਟੀ. ’ਤੇ ਹਰ ਭਾਸ਼ਾ ਦੀਆਂ ਫਿਲਮਾਂ ਦੇਖਣ ਲੱਗੇ।

ਨੀਤਾ ਅਸ਼ੋਕ

ਸਵਾਲ– ਡੈਬਿਊ ਫ਼ਿਲਮ, ਉਹ ਵੀ ਸੁਪਰਸਟਾਰ ਕਿੱਚਾ ਸੁਦੀਪ ਨਾਲ, ਜਦੋਂ ਤੁਹਾਨੂੰ ਇਸ ਬਾਰੇ ਪਤਾ ਲੱਗਾ ਤਾਂ ਕਿਵੇਂ ਲੱਗਾ?
ਜਵਾਬ–
ਮੈਂ ਸੀਰੀਅਲ ਕਰ ਰਹੀ ਸੀ ਤੇ ਬਰੇਕ ਚਾਹੁੰਦੀ ਸੀ। ਇਸੇ ਦੌਰਾਨ ਸੁਦੀਪ ਸਰ ਦਾ ਮੈਸਿਜ ਆਉਂਦਾ ਹੈ ਕਿ ਅਸੀਂ ਕਿਸੇ ਪ੍ਰਾਜੈਕਟ ਬਾਰੇ ਗੱਲ ਕਰਨੀ ਹੈ। ਮੈਨੂੰ ਸਰ ਦੀ ਡੀ. ਪੀ. ਦੇਖ ਕੇ ਲੱਗਾ ਕੌਣ ਹੈ, ਸ਼ਾਇਦ ਕੋਈ ਫੈਨ ਨਾ ਹੋਵੇ ਕਿਉਂਕਿ ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਦੀ ਡੀ. ਪੀ. ਵੀ ਲਗਾ ਲੈਂਦੇ ਹਨ। ਮੈਂ ਕਿਹਾ ਤੁਸੀਂ ਕੌਣ? ਉਨ੍ਹਾਂ ਕਿਹਾ ਮੈਂ ਸੁਦੀਪ ਹਾਂ। ਫਿਰ ਮੈਨੂੰ ਲੱਗਾ ਕਿ ਕੋਈ ਮੈਨੂੰ ਬੱਕਰਾ ਬਣਾ ਰਿਹਾ ਹੈ। ਬਸ ਇਸ ਤੋਂ ਬਾਅਦ ਗੱਲਬਾਤ ਤੇ ਆਡੀਸ਼ਨ ਹੋਇਆ, ਫਿਰ ਕੰਮ ਸ਼ੁਰੂ ਹੋ ਗਿਆ।

ਸਵਾਲ– ਤੁਹਾਡੇ ਪਰਿਵਾਰ ਤੇ ਦੋਸਤਾਂ ਦੀ ਕੀ ਪ੍ਰਤੀਕਿਰਿਆ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਤੁਸੀਂ ਸੁਪਰਸਟਾਰ ਨਾਲ ਕੰਮ ਕਰ ਰਹੇ ਹੋ?
ਜਵਾਬ–
ਮੈਨੂੰ ਖ਼ੁਦ ’ਤੇ ਵਿਸ਼ਵਾਸ ਨਹੀਂ ਸੀ ਤਾਂ ਉਹ ਲੋਕ ਕਿਵੇਂ ਵਿਸ਼ਵਾਸ ਕਰਦੇ? ਜਦੋਂ ਤੱਕ ਮੈਂ ਪਹਿਲਾ ਸੀਨ ਸ਼ੂਟ ਨਹੀਂ ਕਰ ਲਿਆ ਉਦੋਂ ਤੱਕ ਮੈਨੂੰ ਯਕੀਨ ਨਹੀਂ ਹੋਇਆ ਸੀ। ਮੈਂ ਉਸ ਸਮੇਂ ਬਹੁਤ ਨਰਵਸ ਸੀ।

ਸਵਾਲ– ਇਹ ਇਕ ਕਾਲਪਨਿਕ, ਥ੍ਰਿਲਰ ਐਕਸ਼ਨ ਫ਼ਿਲਮ ਹੈ ਤਾਂ ਕਿਸ ਤਰ੍ਹਾਂ ਦੇ ਦਰਸ਼ਕ ਇਸ ਫ਼ਿਲਮ ਦਾ ਆਨੰਦ ਲੈਣਗੇ?
ਜਵਾਬ–
ਇਹ ਇਕ ਯੂਨੀਵਰਸਲ ਵਿਸ਼ਾ ਹੈ, ਜੋ ਸਾਰਿਆਂ ਨੂੰ ਪਸੰਦ ਆਵੇਗਾ। ਹਾਲਾਂਕਿ ਇਹ ਬੱਚਿਆਂ ਦੀ ਫ਼ਿਲਮ ਨਹੀਂ ਹੈ ਪਰ ਐਕਸ਼ਨ ਕਾਰਨ ਬੱਚੇ ਇਸ ਨੂੰ ਪਸੰਦ ਕਰਨਗੇ ਤੇ ਡਾਰਕ ਮਿਸਟਰੀ ਸਭ ਨੂੰ ਪਸੰਦ ਆਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News