ਭੱਟ ਜੋੜੇ ਨੂੰ ਨਹੀਂ ਮਿਲੀ ਰਾਹਤ, ਹੁਣ ਭਲਕੇ ਹੋਵੇਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ
Sunday, Dec 21, 2025 - 10:23 AM (IST)
ਉਦੈਪੁਰ (ਸ. ਹ.) - ਫਿਲਮ ਬਣਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ’ਚ ਮਸ਼ਹੂਰ ਫਿਲਮ ਨਿਰਦੇਸ਼ਕ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਨੂੰ ਸ਼ਨੀਵਾਰ ਨੂੰ ਵੀ ਰਾਹਤ ਨਹੀਂ ਮਿਲੀ। ਸੈਸ਼ਨ ਕੋਰਟ ’ਚ ਜੱਜ ਦੇ ਛੁੱਟੀ ’ਤੇ ਹੋਣ ਕਾਰਨ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਨਹੀਂ ਹੋਈ। ਹੁਣ ਇਸ ਮਾਮਲੇ ’ਚ ਸੋਮਵਾਰ ਨੂੰ ਉਦੈਪੁਰ ਦੀ ਏ. ਡੀ. ਜੇ.-3 ਕੋਰਟ ’ਚ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਏ. ਸੀ. ਜੇ. ਐੱਮ. ਕੋਰਟ-4 ਨੇ ਭੱਟ ਜੋੜੇ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਸੈਸ਼ਨ ਕੋਰਟ ’ਚ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ’ਤੇ ਸ਼ਨੀਵਾਰ ਨੂੰ ਸੁਣਵਾਈ ਤੈਅ ਸੀ। ਏ. ਸੀ. ਜੇ. ਐੱਮ. ਕੋਰਟ ਨੇ ਜ਼ਮਾਨਤ ਅਰਜ਼ੀ ਖਾਰਿਜ ਕਰਦੇ ਹੋਏ ਆਪਣੇ ਹੁਕਮ ’ਚ ਕਿਹਾ ਸੀ ਕਿ ਜੇ ਮੁਲਜ਼ਮਾਂ ਨੂੰ ਰਿਹਾਅ ਕੀਤਾ ਗਿਆ ਤਾਂ ਗਵਾਹਾਂ ਨੂੰ ਪ੍ਰਭਾਵਿਤ ਕੀਤੇ ਜਾਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਦੋ ਦਿਨ ਦੀ ਸੁਣਵਾਈ ਤੋਂ ਬਾਅਦ ਹੁਕਮ ਸੁਰੱਖਿਅਤ ਰੱਖ ਕੇ ਫੈਸਲਾ ਸੁਣਾਇਆ ਸੀ।
