ਜੰਗਲਾਤ ਮੰਤਰੀ ਦੇ ਇਸ ਆਫਰ ਨੂੰ ਇਨਕਾਰ ਕਰਨਾ ਵਿਦਿਆ ਨੂੰ ਪਿਆ ਮਹਿੰਗਾ, ਸ਼ੂਟਿੰਗ ਰੁਕਵਾਈ

Monday, Nov 30, 2020 - 12:02 PM (IST)

ਜੰਗਲਾਤ ਮੰਤਰੀ ਦੇ ਇਸ ਆਫਰ ਨੂੰ ਇਨਕਾਰ ਕਰਨਾ ਵਿਦਿਆ ਨੂੰ ਪਿਆ ਮਹਿੰਗਾ, ਸ਼ੂਟਿੰਗ ਰੁਕਵਾਈ

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਇਸ ਸਮੇਂ ਮੱਧ ਪ੍ਰਦੇਸ਼ ’ਚ ਆਪਣੀ ਨਵੀਂ ਫ਼ਿਲਮ ‘ਸ਼ੇਰਨੀ’ ਦੀ ਸ਼ੂਟਿੰਗ ਕਰ ਰਹੀ ਹੈ। ਵਿਦਿਆ ਪਿਛਲੇ ਕੁਝ ਹਫ਼ਤਿਆਂ ਤੋਂ ਇਥੋਂ ਦੇ ਜੰਗਲਾਂ ’ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ ਪਰ ਅਚਾਨਕ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਸ਼ੂਟਿੰਗ ਰੋਕਣ ਦਾ ਕਾਰਨ ਮੱਧ ਪ੍ਰਦੇਸ਼ ਦੇ ਜੰਗਲਾਤ ਮੰਤਰੀ ਵਿਜੇ ਸ਼ਾਹ ਨੂੰ ਦੱਸਿਆ ਜਾ ਰਿਹਾ ਹੈ।

ਅਸਲ ’ਚ ਇਹ ਖ਼ਬਰਾਂ ਉੱਡ ਰਹੀਆਂ ਹਨ ਕਿ ਵਿਜੇ ਸ਼ਾਹ ਨੇ ਵਿਦਿਆ ਬਾਲਨ ਨੂੰ ਆਪਣੇ ਨਾਲ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਸੀ, ਜਿਸ ਨੂੰ ਵਿਦਿਆ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਖ਼ਬਰਾਂ ਮੁਤਾਬਕ ਫ਼ਿਲਮ ਦੀ ਪ੍ਰੋਡਕਸ਼ਨ ਟੀਮ ਦੀ ਕਾਰ ਨੂੰ ਕਥਿਤ ਤੌਰ ’ਤੇ ਸ਼ੂਟਿੰਗ ਲਈ ਜੰਗਲ ’ਚ ਜਾਣ ਤੋਂ ਰੋਕਿਆ ਗਿਆ ਸੀ। ਬਾਲਾਘਾਟ ਦੇ ਜ਼ਿਲਾ ਜੰਗਲਾਤ ਅਧਿਕਾਰੀ ਨੇ ਪ੍ਰੋਡਕਸ਼ਨ ਟੀਮ ਦੇ ਵਾਹਨਾਂ ਨੂੰ ਜੰਗਲ ’ਚ ਜਾਣ ਤੋਂ ਰੋਕਦਿਆਂ ਕਿਹਾ ਕਿ ਸਿਰਫ ਦੋ ਗੱਡੀਆਂ ਦੀ ਇਜਾਜ਼ਤ ਦਿੱਤੀ ਗਈ ਹੈ।

ਉਥੇ ਸੂਬੇ ਦੇ ਜੰਗਲਾਤ ਮੰਤਰੀ ਵਿਜੇ ਸ਼ਾਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਕਿ ਉਸ ਨੇ ਖ਼ੁਦ ਉਨ੍ਹਾਂ ਦੇ ਖਾਣੇ ਤੇ ਦੁਪਹਿਰ ਦੇ ਖਾਣੇ ਦੇ ਸੱਦੇ ਨੂੰ ਰੱਦ ਕੀਤਾ ਹੈ। ਵਿਜੇ ਸ਼ਾਹ ਨੇ ਕਿਹਾ, ‘ਜਿਨ੍ਹਾਂ ਨੇ ਸ਼ੂਟ ਲਈ ਇਜਾਜ਼ਤ ਮੰਗੀ, ਮੈਂ ਉਨ੍ਹਾਂ ਲੋਕਾਂ ਲਈ ਬਾਲਾਘਾਟ ਵਿਖੇ ਮੌਜੂਦ ਸੀ ਤੇ ਉਨ੍ਹਾਂ ਨੇ ਮੈਨੂੰ ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਦੀ ਅਪੀਲ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਹੁਣ ਸੰਭਵ ਨਹੀਂ।’

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਫ਼ਿਲਮ ਦੀ ਸ਼ੂਟਿੰਗ ਰੋਕੀ ਗਈ ਸੀ, ਜਦੋਂ ਅਦਾਕਾਰ ਵਿਜੇ ਰਾਜ ’ਤੇ ਸ਼ੂਟਿੰਗ ਦੌਰਾਨ ਸੈੱਟ ’ਤੇ ਇਕ ਔਰਤ ਨੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਔਰਤ ਨੇ ਉਸ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਤੇ ਹੁਣ ਉਹ ਜ਼ਮਾਨਤ ’ਤੇ ਬਾਹਰ ਹੈ।


author

Rahul Singh

Content Editor

Related News