ਕਾਲੇ ਦੌਰ ''ਚੋਂ ਉਭਰੇ ਨੌਜਵਾਨਾਂ ਦੀ ਕਹਾਣੀ ਹੈ ''ਵਾਪਸੀ''
Tuesday, May 31, 2016 - 07:38 AM (IST)

ਜਲੰਧਰ : ਤਕਰੀਬਨ ਇਕ ਦਹਾਕੇ ਤੱਕ ਪੰਜਾਬ ''ਤੇ ਝੁੱਲੀ ਕਾਲੀ ਹਨੇਰੀ ਦੌਰਾਨ ਆਪਣੀ ਜ਼ਿੰਦਗੀ ਨੂੰ ਨਵੇਂ ਪੰਧ ''ਤੇ ਤੋਰਨ ਲਈ ਵਿਦੇਸ਼ਾਂ ''ਚ ਜਾ ਵਸੇ ਪੰਜਾਬੀਆਂ ਦੇ ਜਜ਼ਬੇ ਨੂੰ ਬਿਆਨ ਕਰਦੀ ਪੰਜਾਬੀ ਫਿਲਮ ''ਵਾਪਸੀ'' ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ ਦੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ। ਫਿਲਮ ਸੰਬੰਧੀ ਗੱਲਬਾਤ ਕਰਨ ਲਈ ਸਮੁੱਚੀ ਟੀਮ ਅੱਜ ਇੱਥੇ ਪੱਤਰਕਾਰਾਂ ਦੇ ਰੂ-ਬ-ਰੂ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਅਦਾਕਾਰ ਹਰੀਸ਼ ਵਰਮਾ ਨੇ ਕਿਹਾ ਕਿ ਉਹ ਫਿਲਮ ਵਿਚ ਹਾਕੀ ਦੇ ਖਿਡਾਰੀ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਜਿਸ ਨੌਜਵਾਨ ਦੀ ਭੂਮਿਕਾ ਉਹ ਅਦਾ ਕਰ ਰਹੇ ਹਨ, ਉਸ ਦੀ ਜ਼ਿੰਦਗੀ ਵਿਚ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਉਸ ਨੂੰ ਆਪਣਾ ਘਰ ਛੱਡ ਕੇ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ।
ਬਾਲੀਵੁੱਡ ਦੇ ਪ੍ਰਸਿੱਧ ਖਲਨਾਇਕ ਗੁਲਸ਼ਨ ਗਰੋਵਰ ਵੀ ਇਸ ਫਿਲਮ ਵਿਚ ਵੱਖਰੇ ਕਿਸਮ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਵਿਦੇਸ਼ ਵਸੇ ਪੰਜਾਬੀਆਂ ਦੀ ਜ਼ਿੰਦਗੀ ਦੇ ਅਹਿਮ ਪਹਿਲੂਆਂ ਨੂੰ ਪੇਸ਼ ਕਰਨਗੇ। ਫਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਪੁਲਸ ਦੇ ਤਸ਼ੱਦਦ ਤੋਂ ਸਤਾਏ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹੋ ਗਏ ਸਨ, ਉਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਦੇ ਅਹਿਮ ਪਹਿਲੂਆਂ ਨੂੰ ਹੀ ਇਸ ਫਿਲਮ ਦਾ ਵਿਸ਼ਾ ਬਣਾਇਆ ਗਿਆ ਹੈ।
ਜਰਮਨੀ ਨਿਵਾਸੀ ਫਿਲਮ ਨਿਰਮਾਤਾ ਲਖਵਿੰਦਰ ਛਾਬੜਾ ਵੀ ਫਿਲਮ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿਚ ਹੋਰਨਾਂ ਤੋਂ ਇਲਾਵਾ ਦੀਪ ਮਨਦੀਪ, ਧਰੁਤੀ ਸਹਾਰਨ, ਗੁਰਿੰਦਰ ਮਕਨਾ ਅਤੇ ਕਰਨ ਸਿੰਘ ਆਦਿ ਆਪਣੀ ਭੂਮਿਕਾ ਨਿਭਾਉਣਗੇ। ਇਸ ਮੌਕੇ ਸਪੀਡ ਰਿਕਾਰਡਸ ਦੇ ਸਤਵਿੰਦਰ ਕੋਹਲੀ ਨੇ ਵੀ ਫਿਲਮ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ।