ਸੋਨੂੰ ਸੂਦ ਵਲੋਂ ਕੋਰੋਨਾ ਮਰੀਜ਼ਾਂ ਦੀ ਮਦਦ ਜਾਰੀ, ਫਰਿਆਦਾਂ ਲੈ ਕੇ ਘਰ ਪਹੁੰਚਣ ਲੱਗੇ ਲੋਕ
Thursday, May 06, 2021 - 11:12 AM (IST)
ਮੁੰਬਈ: ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਗਰੀਬਾਂ, ਕਮਜ਼ੋਰ ਵਰਗ ਦੇ ਲੋਕਾਂ ਅਤੇ ਜ਼ਰੂਰਤਮੰਦਾਂ ਲਈ ਫਰਿਸ਼ਤਾ ਬਣ ਕੇ ਉਭਰੇ ਹਨ। ਪਿਛਲੇ ਸਾਲ ਹੋਈ ਤਾਲਾਬੰਦੀ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਸੀ ਜੋ ਹੁਣ ਤੱਕ ਜਾਰੀ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਸ਼ੂਟਿੰਗ ਸੈੱਟ ’ਤੇ ਪਹੁੰਚ ਕੇ ਵੀ ਲੋਕ ਸੋਨੂੰ ਸੂਦ ਤੋਂ ਮਦਦ ਮੰਗਦੇ ਰਹਿੰਦੇ ਹਨ। ਹੁਣ ਉਨ੍ਹਾਂ ਤੋਂ ਮਦਦ ਦੀ ਫਰਿਆਦ ਲੈ ਕੇ ਲੋਕ ਉਨ੍ਹਾਂ ਦੇ ਘਰ ਜਾਣ ਲੱਗੇ ਹਨ।
ਮੁੰਬਈ ’ਚ ਤਾਲਾਬੰਦੀ ਹੋ ਗਈ ਹੈ, ਬਾਵਜੂਦ ਇਸ ਦੇ ਸੋਨੂੰ ਸੂਦ ਲੋਕਾਂ ਦੀ ਮਦਦ ਕਰਨ ’ਚ ਲੱਗੇ ਹੋਏ ਹਨ। ਉੱਧਰ ਲੋਕ ਵੀ ਆਪਣੇ ਪਰੇਸ਼ਾਨੀ ਲੈ ਕੇ ਉਨ੍ਹਾਂ ਦੇ ਘਰ ’ਚ ਜਾਣ ਲੱਗੇ ਹਨ। ਪਰੇਸ਼ਾਨ ਲੋਕਾਂ ਦੀ ਫਰਿਆਦ ਸੁਣਦੇ ਹੋਏ ਸੋਨੂੰ ਸੂਦ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਲੋਕ ਉਨ੍ਹਾਂ ਨੂੰ ਆਪਣੀ ਪਰੇਸ਼ਾਨ ਦੱਸਦੇ ਹੋਏ ਦਿਖਾਈ ਦੇ ਰਹੇ ਹਨ, ਅਦਾਕਾਰ ਵੀ ਉਨ੍ਹਾਂ ਨੂੰ ਪੂਰੀ ਮਦਦ ਕਰਨ ਦਾ ਭਰੋਸਾ ਦੇ ਰਹੇ ਹਨ।
ਇਸ ਵੀਡੀਓ ’ਚ ਸੋਨੂੰ ਸੂਦ ਲੋਕਾਂ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਦੀ ਮਦਦ ਲਈ ਹਰ ਸਮੇਂ ਤਿਆਰ ਹਨ। ਕਿਸੇ ਵੀ ਚੀਜ਼ ਦੀ ਲੋੜ ਪਏ ਤਾਂ ਮੇਰੇ ਨਾਲ ਸੰਪਰਕ ਕਰੋ। ਲੋਕਾਂ ਦੀ ਪਰੇਸ਼ਾਨੀ ਸੁਣਦੇ ਹੋਏ ਸੋਨੂੰ ਸੂਦ ਦੀ ਵੀਡੀਓ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਪੋਸਟ ’ਚ ਲਿਖਿਆ ਕਿ ਕੋਵਿਡ-19 ਸਮੇਂ ਦੇ ਦੌਰਾਨ ਮਦਦ ਲਈ ਲੋਕ ਭਾਰੀ ਗਿਣਤੀ ’ਚ ਸੋਨੂੰ ਸੂਦ ਦੇ ਘਰ ਦੇ ਬਾਹਰ ਇਕੱਠੇ ਹੁੰਦੇ ਹਨ। ਉਹ ਇਕਮਾਤਰ ਵਿਅਕਤੀ ਹੈ ਜਿਸ ’ਤੇ ਲੋਕ ਇਸ ਦੇਸ਼ ’ਚ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਹਨ’।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਦੀ ਅੱਧੀ ਰਾਤ ਨੂੰ ਬੰਗਲੁਰੂ ਦੇ ਏ.ਆਰ.ਏ.ਕੇ. ਹਸਪਤਾਲ ਨੇ ਸੋਨੂੰ ਸੂਦ ਤੋਂ ਮਦਦ ਦੀ ਗੁਹਾਰ ਲਗਾਈ ਸੀ। ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਆਕਸੀਜਨ ਸਿਲੰਡਰ ਖਤਮ ਹੋ ਗਏ ਹਨ ਜਿਸ ਦੇ ਚੱਲਦੇ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਬਾਅਦ ਸੋਨੂੰ ਸੂਦ ਆਪਣੀ ਪੂਰੀ ਟੀਮ ਦੇ ਨਾਲ ਆਕਸੀਜਨ ਸਪਲਾਈ ਦੇ ਕੰਮ ’ਚ ਜੁਟੇ ਅਤੇ ਕੁਝ ਹੀ ਘੰਟਿਆਂ ’ਚ 15 ਆਕਸੀਜਨ ਸਿਲੰਡਰਾਂ ਦਾ ਬੰਦੋਬਸਤ ਕੀਤਾ।