ਮਨੋਰੰਜਨ ਦੀ ਟ੍ਰਿੱਪਲ ਡੋਜ਼ ‘ਕੈਰੀ ਆਨ ਜੱਟਾ 3’

Wednesday, Jun 28, 2023 - 02:22 PM (IST)

ਮਨੋਰੰਜਨ ਦੀ ਟ੍ਰਿੱਪਲ ਡੋਜ਼ ‘ਕੈਰੀ ਆਨ ਜੱਟਾ 3’

ਚੰਡੀਗੜ੍ਹ (ਬਿਊਰੋ)– ‘ਕੈਰੀ ਆਨ ਜੱਟਾ’ 1 ਤੇ 2 ਉਹ ਪੰਜਾਬੀ ਫ਼ਿਲਮਾਂ ਹਨ, ਜਿਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਦਾ ਇਕ ਇਤਿਹਾਸ ਰਚਦਿਆਂ ਪੰਜਾਬੀ ’ਚ ਕਾਮੇਡੀ ਫ਼ਿਲਮਾਂ ਦਾ ਦੌਰ ਸ਼ੁਰੂ ਕੀਤਾ ਸੀ। ਇਸੇ ਤਰ੍ਹਾਂ ਦੀ ਹੀ ਆਸ ਹੁਣ ਇਸ ਫ਼ਿਲਮ ਦੇ ਇਸ ਤੀਜੇ ਸੀਕੁਅਲ ਤੋਂ ਕੀਤੀ ਜਾ ਰਹੀ ਹੈ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਆਖੀ ਜਾ ਸਕਦੀ ਹੈ, ਜਿਸ ਦਾ ਟਰੇਲਰ ਕੌਮੀ ਪੱਧਰ ’ਤੇ ਮੁੰਬਈ ਵਿਖੇ ਬਾਲੀਵੁੱਡ ਸਟਾਰ ਆਮਿਰ ਖ਼ਾਨ ਤੇ ਕਪਿਲ ਸ਼ਰਮਾ ਵਲੋਂ ਰਿਲੀਜ਼ ਕੀਤਾ ਗਿਆ। 29 ਜੂਨ ਯਾਨੀ ਕੱਲ ਨੂੰ ਦੁਨੀਆ ਭਰ ’ਚ ਰਿਲੀਜ ਹੋ ਰਹੀ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਦੀ ਨਿੱਜੀ ਪ੍ਰੋਡਕਸ਼ਨ ਕੰਪਨੀ ‘ਹੰਬਲ ਮੋਸ਼ਨ ਪਿਕਚਰਜ਼’ ਨੇ ਪ੍ਰੋਡਿਊਸ ਕੀਤਾ ਹੈ। ਵੈਭਵ ਸੁਮਨ ਤੇ ਸ਼ਰੇਆ ਸ੍ਰੀਵਾਸਤਵ ਦੀ ਲਿਖੀ ਤੇ ਸਮੀਪ ਕੰਗ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਸ ਫ਼ਿਲਮ ’ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਸ਼ਿੰਦਾ ਗਰੇਵਾਲ, ਕਵਿਤਾ ਕੌਸ਼ਿਕ, ਰੁਪਿੰਦਰ ਰੂਪੀ ਤੇ ਪਾਕਿਸਤਾਨੀ ਅਦਾਕਾਰ ਨਾਸਿਰ ਚਿਨੌਟੀ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ 30 ਦੇਸ਼ਾਂ ’ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣੀ ‘ਕੈਰੀ ਆਨ ਜੱਟਾ 3’, ਦੇਖੋ ਸਿਨੇਮਾ ਲਿਸਟਿੰਗ

ਲੰਡਨ ’ਚ ਫ਼ਿਲਮਾਈ ਗਈ ਇਹ ਫ਼ਿਲਮ ਕਾਮੇਡੀ ਤੇ ਡਰਾਮੇ ਨਾਲ ਭਰਪੂਰ ਹੈ। ਫ਼ਿਲਮ ਦੀ ਚਾਰੇ ਪਾਸੇ ਹੋ ਰਹੀ ਚਰਚਾ ਇਹ ਅਹਿਸਾਸ ਕਰਵਾ ਰਹੀ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ’ਚ ਇਕ ਨਵਾਂ ਇਤਿਹਾਸ ਰਚੇਗੀ। ਫ਼ਿਲਮ ’ਚ ਮੁੱਖ ਭੂਮਿਕਾ ਨਿਭਾਅ ਰਹੇ ਗਿੱਪੀ ਗਰੇਵਾਲ ਮੁਤਾਬਕ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਬਣੇਗੀ। ‘ਕੈਰੀ ਆਨ ਜੱਟਾ’ ਪਹਿਲਾਂ ਤੋਂ ਹੀ ਪੰਜਾਬੀ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਫਰੈਂਚਾਇਜ਼ੀ ਬਣ ਚੁੱਕੀ ਹੈ, ਇਸ ਦਾ ਤੀਜਾ ਭਾਗ ਵੀ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਵੇਗਾ। ਇਸ ਵਾਰ ਫ਼ਿਲਮ ਦੀ ਕਹਾਣੀ ਯੂ. ਕੇ. ’ਚ ਦਿਖਾਈ ਗਈ ਹੈ। ਫ਼ਿਲਮ ਦੀ ਲਗਭਗ ਸਾਰੀ ਟੀਮ ਉਹੀ ਹੈ, ਜੋ ਪਹਿਲੀ ‘ਕੈਰੀ ਆਨ ਜੱਟਾ’ ਤੋਂ ਨਾਲ ਜੁੜੀ ਹੋਈ ਹੈ। ਫ਼ਿਲਮ ਦੀ ਅਦਾਕਾਰਾ ਸੋਨਮ ਬਾਜਵਾ ਨੇ ਦੱਸਿਆ ਕਿ ਇਸ ਫ਼ਿਲਮ ’ਚ ਉਹ ਪ੍ਰੀਤ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਬੇਹੱਦ ਚੁਲਬੁਲੀ ਹੈ। ਪ੍ਰੀਤ ਦੀ ਮੁਲਾਕਾਤ ਜਦੋਂ ਜੱਸ (ਗਿੱਪੀ ਗਰੇਵਾਲ) ਨਾਲ ਹੁੰਦੀ ਹੈ ਤਾਂ ਕਹਾਣੀ ’ਚ ਇਕ ਰੁਮਾਂਚਿਤ ਮੋੜ ਆਉਂਦਾ ਹੈ। ਦਰਸ਼ਕ ਉਸ ਨੂੰ ਪ੍ਰੀਤ ਦੇ ਕਿਰਦਾਰ ’ਚ ਬੇਹੱਦ ਪਸੰਦ ਕਰਨਗੇ। ਸੋਨਮ ਬਾਜਵਾ ਮੁਤਾਬਕ ਇਸ ਵਾਰ ਫ਼ਿਲਮ ’ਚ ਮਨੋਰੰਜਨ ਦੀ ਡਬਲ ਨਹੀਂ, ਸਗੋਂ ਟ੍ਰਿੱਪਲ ਡੋਜ਼ ਹੈ।

 
 
 
 
 
 
 
 
 
 
 
 
 
 
 
 

A post shared by Humble Motion Pictures (@humblemotionpictures)

ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਸ ਦਾ ਸੰਗੀਤ ਨਾਮਵਾਰ ਜੋੜੀ ਬੀ ਪਰਾਕ ਤੇ ਜਾਨੀ ਨੇ ਤਿਆਰ ਕੀਤਾ ਹੈ, ਜੋ ਪਹਿਲਾਂ ਹੀ ਦਰਸ਼ਕਾਂ ਦੀ ਕਸਵੱਟੀ ’ਤੇ ਖਰਾ ਉਤਰ ਚੁੱਕੇ ਹਨ। ਨਿਰਦੇਸ਼ਕ ਸਮੀਪ ਕੰਗ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਸਿਰਫ਼ ਪੰਜਾਬ ਜਾਂ ਪੰਜਾਬੀ ਦਰਸ਼ਕਾਂ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ, ਸਗੋਂ ਇਸ ਨੂੰ ਦੁਨੀਆ ਭਰ ਦੇ ਸਿਨੇਮਾ ਪ੍ਰੇਮੀਆਂ ਲਈ ਬਣਾਇਆ ਗਿਆ ਹੈ। ਇਹ ਫ਼ਿਲਮ ਪੰਜਾਬੀ ਸਿਨੇਮਾ ਦਾ ਦਾਇਰਾ ਹੋਰ ਵੱਡਾ ਕਰਨ ਦਾ ਦਮ ਰੱਖਦੀ ਹੈ।

ਨੋਟ– ‘ਕੈਰੀ ਆਨ ਜੱਟਾ 3’ ਫ਼ਿਲਮ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News