ਸੁੱਖੀ ਤੇ ਟੋਨੀ ਕੱਕੜ ਸਣੇ ਕਈ ਕਲਾਕਾਰ ਆਏ ਹਨੀ ਸਿੰਘ ਦੇ ਪੱਖ 'ਚ, ਸੋਸ਼ਲ ਮੀਡੀਆ 'ਤੇ ਆਖੀਆਂ ਇਹ ਗੱਲਾਂ

08/10/2021 11:36:52 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ 'ਚ ਆਪਣਾ ਨਾਂ ਕਮਾ ਚੁੱਕੇ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹਨ। 3 ਅਗਸਤ ਨੂੰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਨ੍ਹਾਂ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਸੀ। ਸ਼ਾਲਿਨੀ ਤਲਵਾਰ ਨੇ ਦਾਅਵਾ ਕੀਤਾ ਕਿ ਹਨੀ ਸਿੰਘ ਨੇ ਉਨ੍ਹਾਂ ਨੂੰ ਕਈ ਵਾਰ ਧੋਖਾ ਦਿੱਤਾ ਹੈ। ਇੰਨਾ ਹੀ ਨਹੀਂ ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਦੇ ਪਰਿਵਾਰ 'ਤੇ ਗੰਭੀਰ ਦੋਸ਼ ਵੀ ਲਗਾਏ। ਸ਼ਾਲਿਨੀ ਤਲਵਾਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਸਹੁਰੇ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ।
ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਦੇ ਖਿਲਾਫ਼ ਯੌਨ ਉਤਪੀੜਨ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਤੋਂ ਇਲਾਵਾ ਸ਼ਾਲਿਨੀ ਨੇ ਹਨੀ ਸਿੰਘ ਤੋਂ ਹਰਜਾਨੇ ਵਜੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ। ਹੁਣ ਪਹਿਲੀ ਵਾਰ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ 'ਤੇ ਆਪਣੀ ਚੁੱਪ ਤੋੜਦੇ ਹੋਏ ਆਪਣਾ ਅਧਿਕਾਰਤ ਬਿਆਨ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਬਾਅਦ ਕਈ ਸਿਤਾਰਿਆਂ ਨੇ ਹਨੀ ਸਿੰਘ ਦਾ ਹੌਸਲਾ ਵਧਾਇਆ ਤੇ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਕੁਮੈਂਟ ਕੀਤੇ ਹਨ। ਜਦੋਂ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕੀਤਾ ਤਾਂ ਅਪਾਰਸ਼ਕਤੀ ਖੁਰਾਣਾ, ਟੋਨੀ ਕੱਕੜ, ਅਵੀ ਸਰਾ, ਸੁੱਖੀ ਵਰਗੇ ਕਈ ਕਲਾਕਾਰ ਹਨੀ ਸਿੰਘ ਦੇ ਸਮਰਥਨ 'ਚ ਅੱਗੇ ਆਏ ਹਨ।

PunjabKesari

ਪਤਨੀ ਦੇ ਦੋਸ਼ਾਂ ਤੋਂ ਦੁਖੀ ਨੇ ਹਨੀ ਸਿੰਘ
ਆਪਣੀ ਪੋਸਟ ਵਿਚ ਹਨੀ ਸਿੰਘ ਨੇ ਲਿਖਿਆ, ''20 ਸਾਲ ਦੀ ਮੇਰੀ ਸਾਥੀ/ਪਤਨੀ, ਸ਼ਾਲਿਨੀ ਤਲਵਾਰ ਵੱਲੋਂ ਮੇਰੇ ਤੇ ਮੇਰੇ ਪਰਿਵਾਰ ਉੱਪਰ ਲਗਾਏ ਗਏ ਝੂਠੇ ਦੋਸ਼ਾਂ ਤੋਂ ਮੈਂ ਬਹੁਤ ਦੁਖੀ ਤੇ ਬੇਚੈਨ ਹਾਂ। ਇਲਜ਼ਾਮ ਗੰਭੀਰ ਰੂਪ 'ਚ ਨਿੰਦਾਯੋਗ ਹਨ। ਮੇਰੇ ਗਾਣਿਆਂ ਦੀ ਆਲੋਚਨਾ, ਮੇਰੀ ਸਿਹਤ ਸਬੰਧੀ ਕਿਆਫ਼ੇ ਤੇ ਨੈਗੇਟਿਵ ਮੀਡੀਆ ਕਵਰੇਜ ਦੇ ਬਾਵਜੂਦ ਮੈਂ ਕਦੇ ਵੀ ਜਨਤਕ ਬਿਆਨ ਜਾਂ ਪ੍ਰੈੱਸ ਨੋਟ ਜਾਰੀ ਨਹੀਂ ਕੀਤਾ ਹੈ।''

ਸੋਸ਼ਲ ਮੀਡੀਆ 'ਤੇ ਲਿਖੀਆਂ ਇਹ ਗੱਲਾਂ
ਹਨੀ ਸਿੰਘ ਨੇ ਆਪਣੇ ਬਿਆਨ ਵਿਚ ਅੱਗੇ ਲਿਖਿਆ, ''ਹਾਲਾਂਕਿ ਇਸ ਵਾਰ ਮੈਨੂੰ ਇਸ ਮਾਮਲੇ 'ਤੇ ਚੁੱਪ ਧਾਰਨੀ ਠੀਕ ਨਹੀਂ ਲੱਗੀ ਕਿਉਂਕਿ ਕੁਝ ਦੋਸ਼ ਮੇਰੇ ਪਰਿਵਾਰ, ਮੇਰੇ ਬਜ਼ੁਰਗ ਮਾਤਾ-ਪਿਤਾ ਅਤੇ ਛੋਟੀ ਭੈਣ 'ਤੇ ਲਗਾਏ ਹਨ, ਜਿਹੜੇ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜ੍ਹੇ ਰਹੇ। ਮੈਂ ਇਸ ਇੰਡਸਟਰੀ 'ਚ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੁੜਿਆ ਹਾਂ ਅਤੇ ਦੇਸ਼ ਭਰ ਦੇ ਕਲਾਕਾਰਾਂ ਤੇ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ। ਮੇਰੀ ਪਤਨੀ ਨਾਲ ਮੇਰੇ ਰਿਸ਼ਤੇ ਤੋਂ ਹਰ ਕੋਈ ਵਾਕਿਫ਼ ਹੈ, ਜੋ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਕਰੂ ਦਾ ਅਟੁੱਟ ਹਿੱਸਾ ਰਹੀ ਹੈ ਤੇ ਹਮੇਸ਼ਾ ਮੇਰੇ ਨਾਲ ਸ਼ੂਟਿੰਗ, ਇਵੈਂਟਸ ਤੇ ਮੀਟਿੰਗਜ਼ 'ਚ ਜਾਂਦੀ ਰਹੀ ਹੈ।''

PunjabKesari

ਨਿਆਂ ਵਿਵਸਥਾ 'ਤੇ ਪੂਰਾ ਭਰੋਸਾ ਹੈ, ਸੱਚਾਈ ਜਲਦ ਸਾਹਮਣੇ ਆਵੇਗੀ : ਹਨੀ ਸਿੰਘ
ਇਸ ਤੋਂ ਬਾਅਦ ਹਨੀ ਸਿੰਘ ਲਿਖਦੇ ਹਨ, ''ਮੈਂ ਸਾਰੇ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਾ ਹਾਂ ਪਰ ਅੱਗੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਮੈਨੂੰ ਦੇਸ਼ ਦੀ ਨਿਆਂ ਵਿਵਸਥਾ 'ਤੇ ਪੂਰਾ ਯਕੀਨ ਹੈ ਤੇ ਵਿਸ਼ਵਾਸ ਹੈ ਕਿ ਸੱਚਾਈ ਜਲਦ ਹੀ ਸਾਹਮਣੇ ਆਵੇਗੀ। ਮਾਮਲਾ ਅਦਾਲਤ 'ਚ ਹੈ ਤੇ ਅਦਾਲਤ ਨੇ ਮੈਨੂੰ ਅਜਿਹੇ ਦੋਸ਼ਾਂ ਦਾ ਜਵਾਬ ਦੇਣ ਦਾ ਮੌਕਾ ਦਿੱਤਾ ਹੈ। ਇਸ ਦੌਰਾਨ ਮੈਂ ਆਪਣੇ ਪ੍ਰਸ਼ੰਸਕਾਂ ਤੇ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਿਵਾਰ ਬਾਰੇ ਕਿਸੇ ਨਤੀਜੇ ਤਕ ਨਾ ਪਹੁੰਚਣ ਜਦੋਂ ਤਕ ਕਿ ਅਦਾਲਤ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਨਾ ਸੁਣਾਵੇ।''

PunjabKesari

ਸੱਚਾਈ ਦੀ ਹੀ ਹੋਵੇਗੀ ਜਿੱਤ 
ਆਪਣੇ ਬਿਆਨ ਦੇ ਅਖੀਰ ਵਿਚ ਹਨੀ ਸਿੰਘ ਨੇ ਲਿਖਿਆ, ''ਮੈਨੂੰ ਵਿਸ਼ਵਾਸ ਹੈ ਕਿ ਨਿਆਂ ਮਿਲੇਗਾ ਤੇ ਸੱਚਾਈ ਦੀ ਜਿੱਤ ਹੋਵੇਗੀ। ਹਮੇਸ਼ਾ ਵਾਂਗ, ਮੈਂ ਆਪਣੇ ਪ੍ਰਸ਼ੰਸਕਾਂ ਤੇ ਸ਼ੁੱਭ ਚਿੰਤਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਕੜੀ ਮਿਹਨਤ ਕਰਨ ਤੇ ਚੰਗਾ ਸੰਗੀਤ ਬਣਾਉਣ ਲਈ ਪ੍ਰੇਰਿਤ ਕੀਤਾ।''

ਇਹ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਹਨੀ ਸਿੰਘ 'ਤੇ ਸ਼ਾਲਿਨੀ ਨੇ ਘਰੇਲੂ ਹਿੰਸਾ, ਤੰਗ ਕਰਨ ਵਰਗੇ ਸੰਗੀਨ ਦੋਸ਼ ਲਗਾਏ ਹਨ। ਨਾਲ ਹੀ ਹਨੀ ਸਿੰਘ ਦੇ ਪਿਤਾ ਲਈ ਵੀ ਕਿਹਾ ਕਿ ਉਹ ਆਪਣੀ ਨੂੰਹ ਸ਼ਾਲਿਨੀ ਨੂੰ ਗ਼ਲਤ ਤਰੀਕੇ ਨਾਲ ਛੂੰਹਦੇ ਹਨ। ਸ਼ਾਲਿਨੀ ਨੇ ਹਨੀ ਸਿੰਘ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ, ਨਾਲ ਹੀ ਹਰ ਮਹੀਨੇ ਮਕਾਨ ਦੇ ਕਿਰਾਏ ਦੇ ਤੌਰ 'ਤੇ 5 ਲੱਖ ਰੁਪਏ ਮੰਗੇ ਹਨ।

ਨੋਟ - ਹਨੀ ਸਿੰਘ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News