ਮੋਹਾਲੀ ''ਚ ਥੀਏਟਰ ਕਲਾਕਾਰਾਂ ਵੱਲੋਂ ਰੋਸ ਪ੍ਰਦਰਸ਼ਨ, ਸਰਕਾਰ ਅੱਗੇ ਰੱਖੀ ਇਹ ਮੰਗ

6/2/2020 12:14:53 PM

ਮੋਹਾਲੀ (ਨਿਆਮੀਆਂ) : ਥੀਏਟਰ ਨਾਲ ਜੁੜੇ ਕਲਾਕਾਰਾਂ ਨੇ ਮੰਗਲਵਾਰ ਨੂੰ ਮੋਹਾਲੀ ਦੇ ਸਿਲਵੀ ਪਾਰਕ ਵਿਖੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਇਹ ਮੰਗ ਕੀਤੀ ਕਿ ਕਲਾਕਾਰਾਂ ਨੂੰ ਵੀ ਆਪਣੇ ਏਜੰਡੇ 'ਤੇ ਲਿਆ ਜਾਵੇ। ਇੱਕ ਕੁਰਸੀ ਨੂੰ ਵਿਚਾਲੇ ਰੱਖ ਕੇ ਉਸ ਦੇ ਦੁਆਲੇ ਬੈਠ ਕੇ ਸਾਰੇ ਕਲਾਕਾਰਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ 'ਚ ਰੰਗਕਰਮੀ ਤਾਲਾਬੰਦੀ ਦੇ ਚੱਲਦਿਆਂ ਵਿੱਤੀ ਸੰਕਟ 'ਚ ਹਨ ਕਿਉਂਕਿ ਨਾਟਕ ਖੇਡੇ ਨਹੀਂ ਜਾ ਸਕਦੇ। ਰੰਗਕਰਮੀ ਨਾਟਕ ਪੇਸ਼ਕਾਰੀਆਂ ਤੋਂ ਕਮਾਏ ਪੈਸਿਆਂ 'ਤੇ ਨਿਰਭਰ ਕਰਦੇ ਹਨ। ਇਸ ਲਈ ਰੰਗਕਰਮੀਆਂ ਨੇ ਸਰਕਾਰੀ ਸੱਭਿਆਚਾਰਕ ਅਦਾਰਿਆਂ ਅੱਗੇ ਮੰਗ ਰੱਖੀ ਹੈ ਕਿ ਅਮਰਜੈਂਸੀ ਹਾਲਾਤ ਨੂੰ ਦੇਖਦਿਆਂ ਰੰਗਮੰਚ ਲਈ ਵਿਸ਼ੇਸ਼ ਫ਼ੰਡ ਜਾਰੀ ਕੀਤੇ ਜਾਣ।

PunjabKesari

ਨਾਲ ਹੀ ਇਹ ਵੀ ਮੰਗ ਰੱਖੀ ਗਈ ਹੈ ਕਿ ਇਹ ਅਦਾਰੇ ਰੰਗਕਰਮੀਆਂ ਨੂੰ ਇੱਕ ਡਿਜ਼ੀਟਲ ਪਲੇਟਫਾਰਮ ਮੁਹੱਈਆ ਕਰਵਾਉਣ, ਜਿੱਥੇ ਕਲਾਕਾਰ ਆਪੋ-ਆਪਣੀ ਥਾਂ ਬੈਠ ਕੇ ਛੋਟੀਆਂ-ਛੋਟੀਆਂ ਪੇਸ਼ਕਾਰੀਆਂ ਦੇ ਸਕਣ, ਜਿਵੇਂ ਕਵਿਤਾ ਗੀਤ ਦੀ ਪੇਸ਼ਕਾਰੀ, ਕਿਸੇ ਨਾਟਕ ਦੀ ਸਕ੍ਰਿੱਪਟ ਨੂੰ ਪੜ੍ਹਨ ਦੀ ਨਾਟਕੀ ਪੇਸ਼ਕਾਰੀ ਆਦਿ। ਇਸ ਨਾਲ ਕਲਾਕਾਰਾਂ ਦੀ ਵਿੱਤੀ ਸਹਾਇਤਾ ਵੀ ਹੋ ਜਾਵੇਗੀ ਅਤੇ ਇਸੇ ਬਹਾਨੇ ਕੁਝ ਨਵਾਂ-ਨਿਵੇਕਲਾ ਸਿਰਜਿਆ ਵੀ ਜਾ ਸਕੇਗਾ ਪਰ ਜਦੋਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਤਾਂ ਅੱਜ ਪੂਰੇ ਦੇਸ਼ ਅੰਦਰ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਸਿਰਲੇਖ ਹੈ "ਸੁੰਨੇ ਸਾਜ਼ ਸੁਣੇ ਸਰਕਾਰ।"
 ਅਦਾਕਾਰ ਮੰਚ ਮੋਹਾਲੀ ਦੇ ਕਲਾਕਾਰਾਂ ਵੱਲੋਂ ਇਸ ਮੁਹਿੰਮ ਅਧੀਨ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਦੀ ਅਗਵਾਈ ਹੇਠ ਸਿਲਵੀ ਪਾਰਕ ਮੋਹਾਲੀ ਦੀ ਸਟੇਜ 'ਤੇ ਸਰੀਰਕ ਦੂਰੀ ਦਾ ਖਿਆਲ ਰੱਖਦਿਆਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾਕਟਰ ਸਾਹਿਬ ਸਿੰਘ ਨੇ ਮੰਗ ਕੀਤੀ ਕਿ ਸਰਕਾਰੀ ਅਦਾਰੇ ਮਤੇ ਪਾ ਕੇ ਨਵੇਂ ਕਾਨੂੰਨ ਬਣਾਉਣ ਅਤੇ ਰੰਗ ਕਰਮੀਆਂ ਦੀ ਪਿੱਠ 'ਤੇ ਖੜ੍ਹਨ। ਨਾਲ ਹੀ ਉਨ੍ਹਾਂ ਲੋਕ ਪੱਖੀ ਜੱਥੇਬੰਦੀਆਂ ਦੀ ਸਰਾਹਨਾ ਅਤੇ ਧੰਨਵਾਦ ਵੀ ਕੀਤਾ ਕਿ ਉਹ ਰੰਗਕਰਮੀਆਂ ਦਾ ਸਾਥ ਦੇ ਰਹੇ ਹਨ। ਮੋਹਾਲੀ ਤੋਂ ਡਾਕਟਰ ਆਤਮਜੀਤ, ਸੰਗੀਤਾ ਗੁਪਤਾ, ਅਨੀਤਾ ਸਬਦੀਸ਼, ਪ੍ਰਵੀਨ ਜੱਗੀ, ਸੰਜੀਵਨ ਸਿੰਘ, ਨਰਿੰਦਰ ਨੀਨਾ, ਡਾ ਕੁਲਵੀਰ ਵਿਰਕ, ਇਕੱਤਰ ਸਿੰਘ, ਰਾਜਿੰਦਰ ਰੋਜ਼ੀ, ਜ਼ੁਬਿਨ ਮਹਿਤਾ, ਪਦਮ ਸਿੰਧਰਾ ਨੇ ਆਪੋ-ਆਪਣੇ ਘਰਾਂ ਤੋਂ ਇਸ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ।


Babita

Content Editor Babita