ਟ੍ਰੈਂਡਿੰਗ ''ਚ ਛਾਇਆ ਫ਼ਿਲਮ ''ਸ਼ਿੰਦਾ ਸ਼ਿੰਦਾ ਨੋ ਪਾਪਾ'' ਦਾ ਟਰੇਲਰ,10 ਮਈ ਨੂੰ ਵੱਡੇ ਪੱਧਰ ’ਤੇ ਹੋਵੇਗੀ ਰਿਲੀਜ਼
Monday, May 06, 2024 - 10:09 AM (IST)
ਜਲੰਧਰ (ਬਿਊਰੋ)- ਆਉਂਦੀ 10 ਮਈ ਨੂੰ ਸਿਨੇਮਾਘਰਾਂ ’ਚ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਚਰਚਾ ਹਰ ਪਾਸੇ ਹੋ ਰਹੀ ਹੈ । ਫ਼ਿਲਮ ਦੇ ਟ੍ਰੇਲਰ ਨੇ ਯੂ-ਟਿਊਬ ’ਤੇ ਧੁੰਮਾਂ ਪਾਈਆਂ ਹੋਈਆਂ ਹਨ ਅਤੇ ਟ੍ਰੇਲਰ ਹੁਣ ਯੂ-ਟਿਊਬ ਦੀ ਟ੍ਰੈਂਡਿੰਗ ਲਿਸਟ ’ਚ ਨੰਬਰ 1 ’ਤੇ ਹੈ । ‘ਸਾਰੇਗਾਮਾ ਪੰਜਾਬੀ’ ਦੇ ਆਫ਼ੀਸ਼ੀਅਲ ਯੂ-ਟਿਊਬ ਚੈਨਲ ’ਤੇ ਇਸ ਟ੍ਰੇਲਰ ਨੂੰ ਹੁਣ ਤੱਕ 8 ਮਿਲੀਅਨ ਤੋਂ ਵੱਧ ਵਾਰ ਵੇਖਿਆ ਗਿਆ ਹੈ ਅਤੇ ਟ੍ਰੇਲਰ ਦੇ ਨਾਲ ਫ਼ਿਲਮ ਦੇ ਰਿਲੀਜ਼ ਹੋਏ ਗੀਤ ‘ਡਿਸਕੋ’ ਨੂੰ ਵੀ ਲੋਕ ਖੂਬ ਪਸੰਦ ਕਰ ਰਹੇ ਹਨ।
‘ਸ਼ਿੰਦਾ ਸ਼ਿੰਦਾ ਨੋ ਪਾਪਾ’ ’ਚ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਪਹਿਲੀ ਵਾਰ ਪਿਓ-ਪੁੱਤ ਦੇ ਕਿਰਦਾਰ ’ਚ ਨਜ਼ਰ ਆਉਣਗੇ । ਫਿਲਮ ਨੂੰ ਚਾਰ-ਚੰਨ੍ਹ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਹਿਨਾ ਖ਼ਾਨ ਲੱਗਾ ਰਹੀ ਹੈ, ਜਿਸ ਦੀ ਇਹ ਡੈਬਿਊ ਫ਼ਿਲਮ ਹੈ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ’ਚ ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ । ਫ਼ਿਲਮ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਛਾਬੜਾ ਹਨ, ਜੋ ਇਸ ਤੋਂ ਪਹਿਲਾ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਹਿੱਟ ਫ਼ਿਲਮ ‘ਹਨੀਮੂਨ’ ਸਮੇਤ ਕਈ ਫਿਲਮਾਂ ਤੇ ਸੀਰੀਅਲ ਡਾਇਰੈਕਟ ਕਰ ਚੁੱਕੇ ਹਨ। ਫ਼ਿਲਮ ਦੀ ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ, ਜੋ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ।
ਫ਼ਿਲਮ ਦੀ ਪ੍ਰਮੋਸ਼ਨ ਵੱਡੇ ਪੱਧਰ ’ਤੇ ਚੱਲ ਰਹੀ ਹੈ। ਗਿੱਪੀ ਗਰੇਵਾਲ, ਹਿਨਾ ਖ਼ਾਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਖ਼ੁਦ ਗ੍ਰਾਊਂਡ ਲੈਵਲ ’ਤੇ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਪੰਜਾਬ, ਦਿੱਲੀ ਅਤੇ ਮੁੰਬਈ ਸਮੇਤ ਵਿਦੇਸ਼ਾਂ ’ਚ ਇਸ ਫ਼ਿਲਮ ਦੀ ਪ੍ਰਮੋਸ਼ਨ ਕਾਫ਼ੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ।
‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫ਼ਿਲਮ ਸਾਰੇਗਾਮਾ, ਹੰਬਲ ਮੋਸ਼ਨ ਪਿਕਚਰਜ਼ ਅਤੇ ਏ-ਯੂਡਲੀ ਵੱਲੋਂ ਸਾਂਝੇ ਤੌਰ ’ਤੇ ਪ੍ਰੋਡਿਊਸ ਕੀਤੀ ਗਈ ਹੈ। ਜੇਕਰ ਮਿਊਜ਼ਿਕ ਦੀ ਗੱਲ ਕਰੀਏ ਤਾਂ ਫ਼ਿਲਮ ’ਚ ਗਿੱਪੀ ਗਰੇਵਾਲ, ਬਾਦਸ਼ਾਹ, ਮਾਸਟਰ ਸਲੀਮ ਅਤੇ ਮਨਜੀਤ ਸਹੋਤਾ ਨੇ ਪਲੇਅਬੈਕ ਗਾਇਆ ਹੈ। ਗੀਤਾਂ ਨੂੰ ਗੀਤਕਾਰ ਕੁਮਾਰ, ਵੀਤ ਬਲਜੀਤ ਤੇ ਹਰਮਨਜੀਤ ਨੇ ਲਿਖਿਆ ਹੈ ਤੇ ਮਿਊਜ਼ਿਕ ਸ਼ਾਹ ਐਂਡ ਸ਼ਾਹ, ਬਾਦਸ਼ਾਹ ਤੇ ਐਵੀ ਸਰਾਂ ਨੇ ਦਿੱਤਾ ਹੈ। ਦੱਸ ਦਈਏ ਕਿ ਇਸ ਫਿਲਮ ’ਚ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ ਅਤੇ ਹਿਨਾ ਖ਼ਾਨ ਤੋਂ ਇਲਾਵਾ ਨਿਰਮਲ ਰਿਸ਼ੀ, ਜਸਵਿੰਦਰ ਭੱਲਾ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਹਰਿੰਦਰ ਭੁੱਲਰ, ਹਰਦੀਪ ਗਿੱਲ, ਗੁਰੀ ਘੁੰਮਣ, ਸੀਮਾ ਕੌਸ਼ਲ ਅਤੇ ਏਕਮ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਓਮਜੀ ਗਰੁੱਪ ਵੱਲੋਂ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।