‘ਥਾਪੀ’ ਫਿਲਮ ਦਾ ਟ੍ਰੇਲਰ ਅੱਜ ਹੋਵੇਗਾ ਰਿਲੀਜ਼: ਰਿਸ਼ਤਿਆਂ, ਜਜ਼ਬਾਤਾਂ ਤੇ ਵਿਰਾਸਤ ਦੀ ਕਹਾਣੀ ਦੀ ਮਿਲੇਗੀ ਪਹਿਲੀ ਝਲਕ

Saturday, Oct 03, 2026 - 09:22 AM (IST)

‘ਥਾਪੀ’ ਫਿਲਮ ਦਾ ਟ੍ਰੇਲਰ ਅੱਜ ਹੋਵੇਗਾ ਰਿਲੀਜ਼: ਰਿਸ਼ਤਿਆਂ, ਜਜ਼ਬਾਤਾਂ ਤੇ ਵਿਰਾਸਤ ਦੀ ਕਹਾਣੀ ਦੀ ਮਿਲੇਗੀ ਪਹਿਲੀ ਝਲਕ

ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਦੇ ਦਰਸ਼ਕਾਂ ਵਿਚ ਆਉਣ ਵਾਲੀ ਪੰਜਾਬੀ ਫ਼ਿਲਮ ‘ਥਾਪੀ’ ਨੂੰ ਲੈ ਕੇ ਉਤਸੁਕਤਾ ਲਗਾਤਾਰ ਵਧ ਰਹੀ ਹੈ। ਨੀਰੂ ਬਾਜਵਾ ਅਤੇ ਬਾਲੀਵੁੱਡ ਅਦਾਕਾਰ ਸੰਨੀ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦਾ 3 ਅਕਤੂਬਰ ਯਾਨੀ ਅੱਜ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ। ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਦੀ ਕਹਾਣੀ ਅਤੇ ਕਿਰਦਾਰਾਂ ਨਾਲ ਜੁੜੀਆਂ ਕਈ ਹੋਰ ਅਹਿਮ ਗੱਲਾਂ ਤੋਂ ਪਰਦਾ ਉੱਠਣ ਦੀ ਉਮੀਦ ਹੈ। ‘ਥਾਪੀ’ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਸ ਫ਼ਿਲਮ ਰਾਹੀਂ ਬਾਲੀਵੁੱਡ ਅਦਾਕਾਰ ਸੰਨੀ ਸਿੰਘ ਪੰਜਾਬੀ ਸਿਨੇਮਾ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਹ ਨੀਰੂ ਬਾਜਵਾ ਦੇ ਨਾਲ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।

ਫ਼ਿਲਮ ਦੀ ਕਹਾਣੀ ਨੂੰ ਹੁਣ ਤੱਕ ਕਾਫ਼ੀ ਹੱਦ ਤੱਕ ਗੁਪਤ ਰੱਖਿਆ ਗਿਆ ਹੈ। ਹਾਲਾਂਕਿ ‘ਥਾਪੀ’ ਦੇ ਐਲਾਨ ਨਾਲ ਜਾਰੀ ਕੀਤੇ ਗਏ ਸੰਕੇਤਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ਼ਿਲਮ ਰਿਸ਼ਤਿਆਂ, ਜਜ਼ਬਾਤਾਂ ਅਤੇ ਵਿਰਾਸਤ ਨਾਲ ਜੁੜੀ ਕਹਾਣੀ ਨੂੰ ਦਰਸ਼ਕਾਂ ਸਾਹਮਣੇ ਲਿਆਏਗੀ। ‘ਥਾਪੀ’ ਦੀ ਕਹਾਣੀ ਅਤੇ ਨਿਰਦੇਸ਼ਨ ਦੀ ਕਮਾਨ ਜਗਦੀਪ ਵੜਿੰਗ ਨੇ ਸੰਭਾਲੀ ਹੈ। ਨੀਰੂ ਬਾਜਵਾ ਅਤੇ ਜਗਦੀਪ ਵੜਿੰਗ ਪਹਿਲਾਂ ਵੀ ਕਈ ਪ੍ਰਾਜੈਕਟਾਂ ਵਿਚ ਇਕੱਠੇ ਕੰਮ ਕਰ ਚੁੱਕੇ ਹਨ।

ਨੀਰੂ ਬਾਜਵਾ ਅਤੇ ਸੰਨੀ ਸਿੰਘ ਤੋਂ ਇਲਾਵਾ ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ, ਸਾਵਣ ਰੂਪੋਵਾਲੀ, ਪਵਨ ਜੋਹਲ, ਸਿਮਰਨ ਚਾਹਲ, ਨਿਕਿਤਾ ਗਰੋਵਰ, ਪਰਵੀਨ ਖ਼ਾਨ, ਸੀਮਾ ਕੌਸ਼ਲ, ਮਲਕੀਤ ਰੌਣੀ, ਕੇਵਲ ਧਾਲੀਵਾਲ, ਸਾਹਿਬ ਸਿੰਘ, ਤਰਸੇਮ ਪਾਲ, ਗੋਪੀ ਭੱਲਾ, ਰਵਿੰਦਰ ਮੰਡ ਵੀ ਫ਼ਿਲਮ ਦਾ ਹਿੱਸਾ ਹਨ। ਫ਼ਿਲਮ ਦੇ ਨਿਰਮਾਣ ਨਾਲ ਸਮਾਰਟਰਜ਼ ਫ਼ਿਲਮਜ਼ ਦਾ ਨਾਂ ਜੁੜਿਆ ਹੋਇਆ ਹੈ। ਫ਼ਿਲਮ ਦੇ ਨਿਰਮਾਤਾਵਾਂ ਵਿਚ ਅਮਨਪ੍ਰੀਤ ਸਿੰਘ ਦਾ ਨਾਂ ਸ਼ਾਮਲ ਹੈ। ਫਿਲਮ ਪੂਰੀ ਦੁਨੀਆ ਵਿਚ 16 ਅਕਤੂਬਰ 2026 ਨੂੰ ਰਿਲੀਜ਼ ਹੋਵੇਗੀ।


author

cherry

Content Editor

Related News