ਫ਼ਿਲਮ ਲਈ ਜਨੂੰਨ ਤੇ ਕਬੱਡੀ ਖਿਡਾਰਣਾਂ ਲਈ ਜਜ਼ਬਾ : ‘ਥਾਪੀ’ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਨੇ ਪ੍ਰਮੋਸ਼ਨ ਲਈ ਕਾਇਮ ਕੀਤੀ ਵੱਖਰੀ ਮਿਸਾਲ
Friday, Oct 16, 2026 - 09:19 AM (IST)
ਜਲੰਧਰ (ਬਿਊਰੋ)- ਪੰਜਾਬੀ ਫ਼ਿਲਮ ‘ਥਾਪੀ’ ਨਿਰਮਾਤਾ ਅਮਨਪ੍ਰੀਤ ਸਿੰਘ ਦੀ ਮਿਹਨਤ, ਸਮਰਪਣ ਅਤੇ ਉਨ੍ਹਾਂ ਦੇ ਪ੍ਰਚਾਰ ਕਰਨ ਦੇ ਵੱਖਰੇ ਤੇ ਸ਼ਲਾਘਾਯੋਗ ਅੰਦਾਜ਼ ਨੂੰ ਉਜਾਗਰ ਕਰਦੀ ਹੈ। ਆਮ ਤੌਰ ’ਤੇ ਫ਼ਿਲਮਾਂ ਦੇ ਪ੍ਰਚਾਰ ਲਈ ਪ੍ਰੈੱਸ ਕਾਨਫ਼ਰੰਸਾਂ, ਵੱਡੇ ਸਮਾਗਮਾਂ ਅਤੇ ਇੰਟਰਵਿਊਆਂ ਦਾ ਸਹਾਰਾ ਲਿਆ ਜਾਂਦਾ ਹੈ ਪਰ ਅਮਨਪ੍ਰੀਤ ਸਿੰਘ ਨੇ ਰਵਾਇਤੀ ਰਾਹ ਛੱਡ ਕੇ ਜ਼ਮੀਨੀ ਪੱਧਰ ’ਤੇ ਕਬੱਡੀ ਖਿਡਾਰਣਾਂ ਨਾਲ ਸਿੱਧਾ ਜੁੜਨ ਦੀ ਪਹਿਲਕਦਮੀ ਕੀਤੀ ਹੈ।
ਇਸ ਪ੍ਰਾਜੈਕਟ ਰਾਹੀਂ ਉਨ੍ਹਾਂ ਦੀ ਭੂਮਿਕਾ ਸਿਰਫ਼ ਇਕ ਫ਼ਿਲਮ ਬਣਾਉਣ ਜਾਂ ਉਸ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਉਨ੍ਹਾਂ ਨੇ ਖ਼ੁਦ ਖਿਡਾਰੀਆਂ ਦੇ ਵਿਚਕਾਰ ਪਹੁੰਚ ਕੇ ਉਨ੍ਹਾਂ ਦੀ ਜ਼ਿੰਦਗੀ, ਰੋਜ਼ਾਨਾ ਦੇ ਸੰਘਰਸ਼ਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਲੋੜਵੰਦ ਖਿਡਾਰਣਾਂ ਦੀ ਮਦਦ ਲਈ ਹੱਥ ਵਧਾ ਕੇ ਇਹ ਸਾਬਤ ਕੀਤਾ ਹੈ ਕਿ ਉਹ ‘ਥਾਪੀ’ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਨਾਲ ਜੁੜਿਆ ਇਕ ਮਹੱਤਵਪੂਰਨ ਉਪਰਾਲਾ ਮੰਨਦੇ ਹਨ।
ਖੇਡ, ਖਿਡਾਰੀਆਂ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੇ ਵਿਸ਼ੇ ਦੀ ਚੋਣ ਕਰਨਾ ਆਪਣੇ ਆਪ ਵਿਚ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਅਮਨਪ੍ਰੀਤ ਸਿੰਘ ਦੀ ਇਹ ਪਹਿਲ ਇਹ ਸੰਦੇਸ਼ ਦਿੰਦੀ ਹੈ ਕਿ ਫ਼ਿਲਮਾਂ ਸਿਰਫ਼ ਪਰਦੇ ’ਤੇ ਕਹਾਣੀਆਂ ਦਿਖਾਉਣ ਦਾ ਜ਼ਰੀਆ ਨਹੀਂ ਹਨ, ਸਗੋਂ ਸਮਾਜ ਦੇ ਅਹਿਮ ਮੁੱਦਿਆਂ ਵੱਲ ਧਿਆਨ ਖਿੱਚਣ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਵੀ ਬਣ ਸਕਦੀਆਂ ਹਨ।
ਇਹ ਫ਼ਿਲਮ 16 ਅਕਤੂਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਦਰਸ਼ਕਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਕਬੱਡੀ ਵਰਗੇ ਰਵਾਇਤੀ ਵਿਸ਼ੇ ਨੂੰ ਪਰਦੇ ’ਤੇ ਕਿਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਸ ਰਾਹੀਂ ਦਿੱਤਾ ਗਿਆ ਸਮਾਜਿਕ ਸੰਦੇਸ਼ ਲੋਕਾਂ ਤੱਕ ਕਿੰਨਾ ਅਸਰਦਾਰ ਸਾਬਤ ਹੁੰਦਾ ਹੈ।
