ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ ਪਟਿਆਲਾ ਵਿੱਖੇ ਨਤਮਸਤਕ ਹੋਈ ਫ਼ਿਲਮ Bibi Rajni ਦੀ ਟੀਮ
Thursday, Aug 15, 2024 - 02:43 PM (IST)
ਜਲੰਧਰ- ਪਾਲੀਵੁੱਡ ਗਲਿਆਰੇ 'ਚ ਇਸ ਸਮੇਂ ਰੂਪੀ ਗਿੱਲ ਸਟਾਰਰ ਪੰਜਾਬੀ ਫ਼ਿਲਮ 'ਬੀਬੀ ਰਜਨੀ' ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਅੱਜ ਇਸ ਫ਼ਿਲਮ ਦੀ ਸਟਾਰ ਕਾਸਟ ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ ਪਟਿਆਲਾ ਵਿੱਖੇ ਨਤਮਸਤਕ ਹੋਈ।ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਇਤਿਹਾਸਿਕ ਫਿਲਮਾਂ ਕਦੇ-ਕਦੇ ਹੀ ਬਣਦੀਆਂ ਹਨ, ਸਾਡੀ ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦੇ ਚੱਲਦੇ ਅਸੀਂ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਗੁਰੂ ਘਰ ਪੁੱਜੇ ਹਾਂ।
ਫ਼ਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਦੀ ਸਾਰੀ ਕਹਾਣੀ ਬਹੁਤ ਹੀ ਪਿਆਰ, ਨਿਮਰਤਾ ਨਾਲ ਸਰਚ ਕਰਕੇ ਬਣਾਈ ਗਈ ਹੈ, ਤਾਂ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜੀਏ ਤਾਂ ਜੋ ਇਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ। ਇਸ ਫਿਲਮ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਹਰੇਕ ਪਰਿਵਾਰ ਨੂੰ ਦੇਖਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਅਰਥ-ਭਰਪੂਰ ਫ਼ਿਲਮ ਦੀ ਸਟਾਰ-ਕਾਸਟ 'ਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀਐਨ ਸ਼ਰਮਾ, ਪ੍ਰਦੀਪ ਚੀਮਾ, ਗੁਰਪ੍ਰੀਤ ਭੰਗੂ ਵੀ ਸ਼ਾਮਿਲ ਹਨ। ਪਾਲੀਵੁੱਡ ਦੇ ਅਜ਼ੀਮ ਲੇਖਕ ਬਲਦੇਵ ਗਿੱਲ ਅਤੇ ਅਮਰ ਹੁੰਦਲ ਵੱਲੋਂ ਲਿਖੀ ਇਸ ਫ਼ਿਲਮ ਦਾ ਸੰਗੀਤ ਐਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਗੀਤਾਂ ਦੀ ਰਚਨਾ ਹਰਮਨਜੀਤ ਸਿੰਘ ਅਤੇ ਰਿੱਕੀ ਖਾਨ ਵੱਲੋਂ ਕੀਤੀ ਗਈ ਹੈ।