ਰਾਸ਼ਟਰੀ ਗੀਤ ਵਾਂਗ ਗਾਇਆ ਜਾਂਦਾ ਸੀ ਸੋਵੀਅਤ ਸੰਘ ’ਚ ‘ਅਵਾਰਾ ਹੂੰ’ ਗਾਣਾ

Saturday, Dec 14, 2024 - 05:37 PM (IST)

ਜਲੰਧਰ - ਸਿਨੇਮਾ ਦੇ ਮਹਾਨ ਸ਼ੋਅਮੈਨ ਰਾਜ ਕਪੂਰ ਦਾ 14 ਦਸੰਬਰ ਨੂੰ 100ਵਾਂ ਜਨਮ ਦਿਨ ਹੈ। ਹਿੰਦੀ ਸਿਨੇਮਾ ਨੂੰ ‘ਬੌਬੀ’, ‘ਮੇਰਾ ਨਾਮ ਜੋਕਰ’ ਅਤੇ ‘ਅਵਾਰਾ’ ਵਰਗੀਆਂ ਫਿਲਮਾਂ ਦੀ ਸੌਗਾਤ ਦੇਣ ਵਾਲੇ ਰਾਜ ਕਪੂਰ ਹਿੰਦੀ ਸਿਨੇਮਾ ਦੇ ਪਹਿਲੇ ਇੰਟਰਨੈਸ਼ਨਲ ਸ‍ਟਾਰ ਸਨ। ਉਨ੍ਹਾਂ ਦੀਆਂ ਫਿਲ‍ਮਾਂ ਈਰਾਨ, ਰੂਸ ਅਤੇ ਚੀਨ ਤੱਕ ਦੇ ਸਿਨੇਮਾ ਹਾਲ ’ਚ ਰਿਲੀਜ਼ ਹੁੰਦੀਆਂ ਸਨ। ਕਿਹਾ ਜਾਂਦਾ ਹੈ ਕਿ ਜਦੋਂ ‘ਅਵਾਰਾ’ ਫਿਲਮ ਰੂਸ ’ਚ ਰਿਲੀਜ਼ ਹੋਈ ਤਾਂ ਉੱਥੋਂ ਦੀ ਇਕ ਤਰ੍ਹਾਂ ਰਾਸ਼ਟਰੀ ਫਿਲਮ ਬਣ ਗਈ। ਫਿਲਮ ਦਾ ਗਾਣਾ ‘ਅਵਾਰਾ ਹੂੰ’ ਹਰ ਸੋਵੀਅਤ ਦੀ ਜ਼ੁਬਾਨ ’ਤੇ ਸੀ, ਅਜਿਹਾ ਲੱਗਦਾ ਸੀ ਕਿ ਇਹ ਗਾਣਾ ਉੱਥੋਂ ਦਾ ਰਾਸ਼ਟਰੀ ਗਾਣ ਹੋਵੇ। ਸਾਲ 1954 ’ਚ 6 ਕਰੋਡ਼ 40 ਲੋਕਾਂ ਨੇ ‘ਅਵਾਰਾ’ ਦੀਆਂ ਟਿਕਟਾਂ ਖਰੀਦੀਆਂ ਸਨ। ਰੂਸੀ ਭਾਸ਼ਾ ’ਚ ਡੱਬ ਹੋਈ ‘ਅਵਾਰਾ’ ਦਾ ਰੂਸੀ ਨਾਂ ‘ਬ੍ਰਦਾਗਿਆ’ ਹੈ। ‘ਅਵਾਰਾ’ ਫਿਲਮ ਦੀ ਕਹਾਣੀ ਲਿਖਣ ਵਾਲੇ ਖਵਾਜਾ ਅਹਿਮਦ ਅੱਬਾਸ ਆਪਣੀ ਆਤਮਕਥਾ ’ਚ ਲਿਖਦੇ ਹਨ ਕਿ ਰੂਸ ’ਚ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਜਦੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੂਰੇ ਸੋਵੀਅਤ ਸੰਘ ’ਚ ਤੁਹਾਡੇ ਤੋਂ ਇਲਾਵਾ ਸਿਰਫ ਇਕ ਹੀ ਹੋਰ ਭਾਰਤੀ ਬਹੁਤ ਹਰਮਨ ਪਿਆਰੇ ਹਨ ਅਤੇ ਉਨ੍ਹਾਂ ਦਾ ਨਾਂ ਰਾਜ ਕਪੂਰ ਹੈ।

ਪੀ. ਐੱਮ. ਮੋਦੀ ਨੇ ਰੂਸ ’ਚ ਕੀਤਾ ਸੀ ਰਾਜ ਕਪੂਰ ਦਾ ਜ਼ਿਕਰ
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੀ ਆਪਣੀ ਆਧਿਕਾਰਤ ਯਾਤਰਾ ਦੌਰਾਨ ਮਾਸਕੋ ’ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਾਜ ਕਪੂਰ ਅਤੇ ਮਿਥੁਨ ਚੱਕਰਵਰਤੀ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੇ ਭਾਰਤ ਅਤੇ ਰੂਸ ਦੀ ਦੋਸਤੀ ਨੂੰ ਮਜ਼ਬੂਤ ਕੀਤਾ ਹੈ।

ਇਹ ਵੀ ਪੜ੍ਹੋ-  ਰਿਹਾਅ ਮਗਰੋਂ ਅੱਲੂ ਅਰਜੁਨ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਖ਼ੁਲਾਸੇ, ਛਿੜ ਗਏ ਚਰਚੇ

ਰੂਸ ਦੀ ਸਭ ਤੋਂ ਲੋਕਪ੍ਰਿਯ ਫਿਲਮ
ਅੱਬਾਸ ਨੇ ਲਿਖਿਆ ਕਿ 1954 ’ਚ 7 ਨਵੰਬਰ ਨੂੰ ਧਰੁਵੀ ਮੁਹਿੰਮ ’ਤੇ ਗਏ ਵਿਗਿਆਨੀਆਂ ਲਈ ਇਕ ਸਟੀਲ ਦੇ ਬਕਸੇ ’ਚ ਰੱਖ ਕੇ ਇਹ ਫਿਲਮ ਹਵਾਈ ਜਹਾਜ਼ ਤੋਂ ਹੇਠਾਂ ਸੁੱਟੀ ਗਈ ਸੀ। ਪੂਰੇ ਸੋਵੀਅਤ ਸੰਘ ’ਚ ਇਹ ਫਿਲਮ ਵੇਖਦਿਆਂ ਹੀ ਵੇਖਦਿਆਂ ਬਹੁਤ ਮਸ਼ਹੂਰ ਹੋ ਗਈ। ਕੁਝ ਹੀ ਮਹੀਨਿਆਂ ’ਚ ਹੋਟਲਾਂ ਅਤੇ ਰੇਸਤਰਾਂ ਦੇ ਬੈਂਡ ਅਤੇ ਆਰਕੈਸਟਰਾ ਇਸ ਫਿਲਮ ਦੀਆਂ ਧੁਨਾਂ ਵਜਾਉਣ ਲੱਗੇ। ਉਹ ਲਿਖਦੇ ਹਨ ਕਿ ਮੈਂ ਕਈ ਨੌਜਵਾਨਾਂ ਨੂੰ ਮਿਲਿਆ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਹ ਫਿਲਮ 20 ਜਾਂ 30 ਵਾਰ ਵੇਖੀ ਹੈ। ਸੋਵੀਅਤ ਸੰਘ ਦੇ ਪੂਰੇ ਇਤਹਾਸ ’ਚ ਕਿਸੇ ਫਿਲਮ ਨੇ ਅਜਿਹੀ ਲੋਕਪ੍ਰਿਯਤਾ ਹਾਸਲ ਨਹੀਂ ਕੀਤੀ ਸੀ।

ਰੂਸ ਦੇ ਪ੍ਰਧਾਨ ਮੰਤਰੀ ਨੇ ਵੀ ਗਾਇਆ ਸੀ ਗਾਣਾ
ਰਾਜ ਕਪੂਰ ਦੀ ਧੀ ਰਿਤੂ ਨੰਦਾ ਨੇ ਆਪਣੀ ਕਿਤਾਬ ‘ਰਾਜ ਕਪੂਰ-ਦਿ ਵਨ ਐਂਡ ਓਨਲੀ ਸ਼ੋਅਮੈਨ’ ’ਚ ਲਿਖਿਆ ਹੈ ਕਿ ਹਰ ਜਗ੍ਹਾ ਇਹ ਦ੍ਰਿਸ਼ ਆਮ ਹੁੰਦਾ ਸੀ ਕਿ ਰਾਜ ਕਪੂਰ ਪਿਆਨੋ ਦੇ ਸਟੂਲ ’ਤੇ ਬੈਠੇ ਹਨ। ਉਨ੍ਹਾਂ ਨੂੰ ਚਾਰਾਂ ਪਾਸਿਓਂ ਵੋਦਕਾ ਦੇ ਗਿਲਾਸ ਆਫਰ ਕੀਤੇ ਜਾਂਦੇ ਸਨ। ਉਹ ਜਿਵੇਂ ਹੀ ਗਾਣਾ ਸ਼ੁਰੂ ਕਰਦੇ ਸਨ, ਸਾਰੇ ਪੁਰਸ਼ ਤੇ ਔਰਤਾਂ ਨੱਚਦੇ ਹੋਏ ਉਨ੍ਹਾਂ ਦੇ ਸੁਰ ’ਚ ਸੁਰ ਮਿਲਾਉਣ ਲੱਗਦੇ ਸਨ।

ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ

ਉਹ ਲਿਖਦੀ ਹੈ ਕਿ ਜਦੋਂ ਨਹਿਰੂ ਆਪਣੀ ਪਹਿਲੀ ਸੋਵੀਅਤ ਯਾਤਰਾ ’ਤੇ ਗਏ ਸਨ ਤਾਂ ਭੀੜ ਉਨ੍ਹਾਂ ਨੂੰ ਵੇਖ ਕੇ ਉੱਚੀ-ਉੱਚੀ ਗਾਉਂਦੀ ਸੀ, ‘ਅਵਾਰਾ ਹੂੰ’। ਉਸ ਸਮੇਂ ਬੁਲਗਾਨਿਨ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਸਨ। ਜਦੋਂ ਇਕ ਸਰਕਾਰੀ ਭੋਜ ’ਚ ਨਹਿਰੂ ਤੋਂ ਬਾਅਦ ਬੁਲਗਾਨਿਨ ਦੇ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ‘ਅਵਾਰਾ ਹੂੰ’ ਗਾ ਕੇ ਸੁਣਾਇਆ ਸੀ।

ਕਹਾਣੀ ਦਾ ਥੀਮ ‘ਵਰਗ ਭੇਦ’
ਰਿਤੂ ਨੰਦਾ ਲਿਖਦੀ ਹੈ ਕਿ ‘ਅਵਾਰਾ’ ਦੀ ਕਹਾਣੀ ਦਾ ਥੀਮ ‘ਵਰਗ ਭੇਦ’ ਸੀ, ਜਿਸ ’ਚ ਇਕ ਰੋਮਾਂਟਿਕ ਕਹਾਣੀ ਨੂੰ ਉਸ ਗਰੀਬੀ ’ਚ ਲਪੇਟ ਕੇ ਵਿਖਾਇਆ ਗਿਆ ਸੀ ਜੋ ਭਾਰਤ ਨੂੰ ਆਜ਼ਾਦੀ ਤੋਂ ਬਾਅਦ ਮਿਲੀ ਸੀ। ਇਹ ਫਿਲਮ ਚਿੱਕੜ ’ਚ ਕਮਲ ਦੇ ਫੁਲ ਵਾਂਗ ਖਿੜੀ ਹੋਈ ਸੀ। ਉਦੋਂ ਤੱਕ ਇਸ ਤਰ੍ਹਾਂ ਦੀ ਫਿਲਮ ਨਾਲ ਲੋਕਾਂ ਦਾ ਵਾਹ ਨਹੀਂ ਪਿਆ ਸੀ। ਇਹ ਫਿਲਮ ਇਕ ਤਰ੍ਹਾਂ ਗਣਰਾਜ ਦੀ ਮਾਸੂਮੀਅਤ ਦਾ ਜਸ਼ਨ ਮਨਾਉਂਦੀ ਸੀ, ਜੋ ਨਵਾਂ ਨਵਾਂ ਪੈਦਾ ਹੋਇਆ ਸੀ ਅਤੇ ਇਸ ਮੁਸ਼ਕਿਲ ਦੁਨੀਆ ਦਾ ਸਾਹਮਣਾ ਕਰਨਾ ਸਿੱਖ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


sunita

Content Editor

Related News