ਮੂੰਹ ਚੁੱਕ ਕੇ ਸੈੱਟ ’ਤੇ ਚਲੀ ਗਈ, ਕਿਰਦਾਰ ਆਰਗੈਨਿਕ ਸੀ, ਖ਼ੁਦ ਆਉਂਦਾ ਗਿਆ : ਕੁਬਰਾ ਸੈਤ
Sunday, Jul 20, 2025 - 10:54 AM (IST)

ਮੁੰਬਈ- 25 ਜੁਲਾਈ ਨੂੰ ‘ਸਨ ਆਫ ਸਰਦਾਰ’ ਆਪਣੀ ਦੂਜੀ ਸੀਕਵਲ ‘ਸਨ ਆਫ਼ ਸਰਦਾਰ 2’ ਨਾਲ ਸਿਨੇਮਾਘਰਾਂ ’ਚ ਦਸਤਕ ਦੇਣ ਜਾ ਰਹੀ ਹੈ। ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਵਾਰ ਵੀ ਅਜੇ ਦੇਵਗਨ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ ਅਤੇ ਉਨ੍ਹਾਂ ਦੇ ਨਾਲ ਮ੍ਰਿਣਾਲ ਠਾਕੁਰ ਦੀ ਇਕ ਨਵੀਂ ਜੋੜੀ ਦੇਖਣ ਨੂੰ ਮਿਲੇਗੀ। ਫਿਲਮ ’ਚ ਕੁਬਰਾ ਸੈਤ, ਰਵੀ ਕਿਸ਼ਨ, ਮਰਹੂਮ ਅਦਾਕਾਰ ਮੁਕੁਲ ਦੇਵ ਅਤੇ ਸੰਜੇ ਦੱਤ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਦਿਖਾਈ ਦੇਣਗੇ। ਦਰਸ਼ਕਾਂ ਨੂੰ ਇਕ ਵਾਰ ਫਿਰ ਜੱਸੀ ਦੀ ਵਾਪਸੀ ਨਾਲ ਹਾਸੇ ਦਾ ਡਬਲ ਡੋਜ਼ ਮਿਲਣ ਵਾਲਾ ਹੈ। ਹਾਲ ਹੀ ’ਚ ਫਿਲਮ ਦੀ ਅਦਾਕਾਰਾ ਕੁਬਰਾ ਸੈਤ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
ਪ੍ਰ. ਫਿਲਮ ‘ਸਨ ਆਫ਼ ਸਰਦਾਰ 2’ ’ਚ ਤੁਹਾਡਾ ਕਿਰਦਾਰ ਕੀ ਹੈ?
ਮੇਰੇ ਕਿਰਦਾਰ ਦਾ ਨਾਮ ਮਹਵਿਸ਼ ਹੈ। ਉਹ ਬਹੁਤ ਹੀ ਜੋਸ਼ੀਲੀ, ਮਸਤੀ ਭਰੀ, ਬਿੰਦਾਸ ਤੇ ਸਟਾਈਲਿਸ਼ ਲੜਕੀ ਹੈ। ਇਕਦਮ ਹੈਪੀ ਗੋਅ ਲੱਕੀ ਟਾਈਪ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਕੀ ਸੋਚਦੇ ਹਨ, ਉਹ ਜੋ ਸੋਚਦੀ ਹੈ, ਉਹੀ ਬੋਲਦੀ ਹੈ, ਬਿਲਕੁਲ ਅਨਪਾਲੋਜੈਟਿਕ ਹੈ ਅਤੇ ਹਾਂ, ਮੈਂ ਇਸ ਫਿਲਮ ਦੀ ਦੁਲਹਨ ਵੀ ਹਾਂ ਅਤੇ ਮੇਰਾ ਖ਼ੁਦ ਦਾ ਇਕ ਬੈਂਡ ਵੀ ਹੈ।
ਪ੍ਰ. ਫਿਲਮ ਲਈ ਤੁਹਾਡੀ ਕਾਸਟਿੰਗ ਕਿਵੇਂ ਹੋਈ?
ਮੈਨੂੰ ਫਿਲਮ ਵਿਚ ਮੁਕੇਸ਼ ਛਾਬੜਾ ਕਾਸਟਿੰਗ ਕੰਪਨੀ ਨੇ ਕਾਸਟ ਕੀਤਾ। ਉਨ੍ਹਾਂ ਨੇ ਪਹਿਲਾਂ ਵੀ ਮੈਨੂੰ ‘ਸੈਕ੍ਰੇਡ ਗੇਮਜ਼’ ਵਿਚ ਕਾਸਟ ਕੀਤਾ ਸੀ, ਇਸ ਲਈ ਉਨ੍ਹਾਂ ਨੂੰ ਮੇਰੇ ਕੰਮ ’ਤੇ ਭਰੋਸਾ ਸੀ। ਜਦੋਂ ਇਸ ਫਿਲਮ ਦੀ ਇਨਕੁਆਰੀ ਆਈ ਤਾਂ ਮੈਂ ਮੀਟਿੰਗ ਲਈ ਗਈ ਅਤੇ ਡਾਇਰੈਕਟਰ ਸਾਹਿਬ ਨੂੰ ਮਿਲੀ। ਉਨ੍ਹਾਂ ਨੂੰ ਮੇਰਾ ਕੰਮ ਪਸੰਦ ਆਇਆ, ਸਕ੍ਰਿਪਟ ਮਿਲੀ, ਪੜ੍ਹੀ ਅਤੇ ਫਿਰ ਮਜ਼ਾ ਆ ਗਿਆ। ਸਕ੍ਰਿਪਟ ਬਹੁਤ ਚੰਗੀ ਲੱਗੀ।
ਪ੍ਰ. ਸਕ੍ਰਿਪਟ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ?
ਈਮਾਨਦਾਰੀ ਨਾਲ ਕਹਾਂ ਤਾਂ ਪੂਰੀ ਫਿਲਮ ਹੀ ਬਹੁਤ ਮਜ਼ੇਦਾਰ ਹੈ। ਅਜਿਹਾ ਕੋਈ ਇਕ ਹਿੱਸਾ ਨਹੀਂ ਹੈ, ਜਿਸ ਨੇ ਮੈਨੂੰ ਹਿੱਟ ਕੀਤਾ ਹੋਵੇ, ਬਲਕਿ ਹਰ ਕਿਰਦਾਰ ਦਾ ਆਪਣਾ ਅਲੱਗ ਮਹੱਤਵ ਹੈ। ਇਹ ਫਿਲਮ ਕਿਸੇ ਇਕ ਦੇ ਆਲੇ-ਦੁਆਲੇ ਨਹੀਂ ਘੁੰਮਦੀ। ਸਾਰੇ ਕਿਰਦਾਰ ਜ਼ਰੂਰੀ ਹਨ ਅਤੇ ਹਰ ਕੋਈ ਕੁਝ ਦੇ ਕੇ ਜਾਂਦਾ ਹੈ, ਇਸ ਲਈ ਇਹ ਫਿਲਮ ਮੈਂ ਕੀਤੀ ਕਿਉਂਕਿ ਇਸ ਵਿਚ ਮਜ਼ਾ ਵੀ ਹੈ ਅਤੇ ਮਤਲਬ ਵੀ।
ਪ੍ਰ. ਅਜੇ ਦੇਵਗਨ ਅਤੇ ਮ੍ਰਿਣਾਲ ਠਾਕੁਰ ਵਰਗੇ ਕਲਾਕਾਰਾਂ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?
ਅਜੇ ਸਰ ਦੇ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ ਸੀ। ਉਹ ਸੈੱਟ ’ਤੇ ਇਕ ਪਰਿਵਾਰ ਦੇ ਮੁਖੀਆ ਵਰਗੇ ਹੁੰਦੇ ਹਨ, ਸਭ ਦਾ ਖਿਆਲ ਰੱਖਣ ਵਾਲੇ। ਉਨ੍ਹਾਂ ਦਾ ਤਜਰਬਾ ਤੇ ਵਿਵਹਾਰ ਬਹੁਤ ਹੀ ਸਹਿਜ ਤੇ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਇਕ ਅਜਿਹਾ ਮਾਹੌਲ ਬਣਾਇਆ, ਜਿੱਥੇ ਹਰ ਕੋਈ ਖੁਲ੍ਹ ਕੇ ਕੰਮ ਕਰ ਸਕੇ। ਸੈੱਟ ’ਤੇ ਸਭ ਇਕ-ਦੂਜੇ ਦੇ ਨਾਲ ਘੁਲੇ-ਮਿਲੇ ਸੀ, ਇਕਦਮ ਪਰਿਵਾਰ ਵਰਗਾ ਮਾਹੌਲ ਸੀ।
ਪ੍ਰ. ਪਿਛਲੀਆਂ ਫਿਲਮਾਂ ’ਚ ਤੁਸੀਂ ਸੀਰੀਅਸ ਰੋਲ ਕੀਤੇ, ਇਹ ਫਿਲਮ ਕਮੇਡੀ ਹੈ। ਦੋਵਾਂ ’ਚ ਕੀ ਫਰਕ ਮਹਿਸੂਸ ਕੀਤਾ?
ਮੈਂ ਹੁਣ ਤੱਕ ਲਗਭਗ 85 ਫੀਸਦੀ ਸੀਰੀਅਸ ਰੋਲ ਕੀਤੇ ਹਨ ਅਤੇ ਬਸ 15 ਫੀਸਦੀ ਮਸਤੀ ਭਰੇ ਕਿਰਦਾਰ। ਇਸ ਵਾਰ ਫਨ ਦਾ ਡੋਜ਼ ਜ਼ਿਆਦਾ ਹੈ ਅਤੇ ਮੈਂ ਇਸ ਤੋਂ ਬੇਹੱਦ ਖ਼ੁਸ਼ ਹਾਂ। ਅਸਲ ਜ਼ਿੰਦਗੀ ’ਚ ਮੈਂ ਖ਼ੁਦ ਬਹੁਤ ਮਜ਼ਾਕੀਆ, ਮਸਤੀ ਭਰੀ ਤੇ ਜ਼ਿੰਦਗੀ ਨੂੰ ਇੰਜੁਆਏ ਕਰਨ ਵਾਲੀ ਇਨਸਾਨ ਹਾਂ। ਇਸ ਤਰ੍ਹਾਂ ਦਾ ਕਿਰਦਾਰ ਕਰਨਾ ਇਕ ਤਰ੍ਹਾਂ ਨਾਲ ਕਾਂਫੀਡੈਂਸ ਬਿਲਡਿੰਗ ਦਾ ਤਜਰਬਾ ਸੀ, ਖ਼ੁਦ ਨੂੰ ਜਿਵੇਂ ਹਾਂ, ਉਵੇਂ ਪਰਦੇ ’ਤੇ ਵੀ ਦਿਖਾਉਣਾ।
ਪ੍ਰ. ਤੁਸੀਂ 13 ਸਾਲ ਦੀ ਉਮਰ ’ਚ ਸ਼ੋਅ ਹੋਸਟ ਕਰਨਾ ਸ਼ੁਰੂ ਕੀਤਾ ਸੀ, ਕੀ ਉਦੋਂ ਤੋਂ ਪਤਾ ਸੀ ਕਿ ਐਕਟਿੰਗ ਕਰਨੀ ਹੈ?
ਬਿਲਕੁਲ ਨਹੀਂ। ਸਾਡੇ ਪਰਿਵਾਰ ਵਿਚ ਕੋਈ ਐਕਟਰ ਨਹੀਂ ਸੀ। ਮੈਂ ਕਦੇ ਸੋਚਿਆਂ ਵੀ ਨਹੀਂ ਸੀ ਕਿ ਮੈਂ ਐਕਟ੍ਰੈੱਸ ਬਣਾਂਗੀ ਪਰ ਹਮੇਸ਼ਾ ਪਤਾ ਸੀ ਕਿ ਮੈਨੂੰ ਮੁੰਬਈ ’ਚ ਰਹਿਣਾ ਹੈ। ਅਜਿਹਾ ਕਰਨਾ ਹੈ, ਜਿਸ ਵਿਚ ਮੈਂ ਦਿਖਾਈ ਦੇਵਾਂ। ਮੈਂ ਜੌਬ ਵੀ ਕੀਤੀ ਪਰ 5 ਸਾਲ ਬਾਅਦ ਸਮਝ ਆ ਗਿਆ ਕਿ ਇਹ ਮੇਰਾ ਰਸਤਾ ਨਹੀਂ ਹੈ।
ਪ੍ਰ. ਇਸ ਕਿਰਦਾਰ ਦੇ ਲਈ ਕੋਈ ਖ਼ਾਸ ਤਿਆਰੀ ਕੀਤੀ ਤੁਸੀਂ?
ਨਹੀਂ, ਮੈਂ ਬਸ ਮੂੰਹ ਚੁੱਕ ਕੇ ਸੈੱਟ ’ਤੇ ਚਲੀ ਗਈ। ਇਹ ਕਿਰਦਾਰ ਇੰਨਾ ਆਰਗੈਨਿਕ ਸੀ ਕਿ ਖ਼ੁਦ ਹੀ ਆਉਂਦਾ ਗਿਆ। ਮੈਨੂੰ ਕਿਤੇ ਨਾ ਕਿਤੇ ਅੰਦਰੋਂ ਲੱਗਦਾ ਸੀ ਕਿ ਇਹ ਕਿਰਦਾਰ ਮੇਰੇ ਲਈ ਹੀ ਹੈ। ਇਕ ਤਰ੍ਹਾਂ ਦੀ ਸਹਿਜ ਪ੍ਰਵਿਰਤੀ ਸੀ। ਜਦੋਂ ਤੁਸੀਂ ਆਪਣੇ ਕਿਰਦਾਰ ਨਾਲ ਜੁੜ ਜਾਂਦੇ ਹੋ ਤਾਂ ਉਹ ਤੁਹਾਡੇ ’ਚ ਵਸਣ ਲੱਗਦਾ ਹੈ।
ਪ੍ਰ. ਕੋਈ ਅਜਿਹਾ ਕਿਰਦਾਰ, ਜੋ ਅੱਜ ਵੀ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ।
ਲੋਕ ਅੱਜ ਵੀ ਮੈਨੂੰ ਸੈਕ੍ਰੇਡ ਗੇਮਜ਼ ਦੀ ਕੁਕੂ ਦੇ ਕਿਰਦਾਰ ਨਾਲ ਯਾਦ ਕਰਦੇ ਹਨ। ਉਹ ਕਿਰਦਾਰ ਮੇਰੇ ਲਈ ਬਹੁਤ ਖ਼ਾਸ ਰਿਹਾ। ਉਸ ਨੇ ਮੈਨੂੰ ਸਿਖਾਇਆ ਕਿ ਆਪਣੀ ਰੋਸ਼ਨੀ ਘੱਟ ਨਹੀਂ ਕਰਨੀ ਚਾਹੀਦੀ ਅਤੇ ਖ਼ੁਦ ਨਾਲ ਪਿਆਰ ਕਰਨਾ ਚਾਹੀਦਾ। ਲਵ ਇਜ਼ ਲਵ-ਇਹ ਮੈਸੇਜ ਮੈਂ ਉਸ ਕਿਰਦਾਰ ਤੋਂ ਪਾਇਆ ਅਤੇ ਉਹ ਮੇਰੇ ਲਈ ਬਹੁਤ ਪਾਵਰਫੁਲ ਹੈ।
ਪ੍ਰ. ਫਿਲਮ ਦੌਰਾਨ ਕੋਈ ਮਜ਼ੇਦਾਰ ਜਾਂ ਯਾਦਗਾਰ ਬਿਹਾਈਂਡ-ਦਿ-ਸੀਨ ਮੋਮੈਂਟ?
ਹਾਂ, ਇੰਗਲਿਸ਼ ਮੰਮੀ ਵਾਲੀ ਸੀਨ ਬੜਾ ਫੰਨੀ ਸੀ। ਉਸ ਵਿਚ ਹਰ ਐਕਟਰ ਮੌਜੂਦ ਸੀ ਅਤੇ ਸੈੱਟ ਦਾ ਮਾਹੌਲ ਬਹੁਤ ਮਜ਼ੇਦਾਰ ਸੀ। ਫਿਰ ਕਲਾਈਮੈਕਸ ਸੀਨ, ਉਸ ’ਚ ਸਭ ਕਲਾਕਾਰ ਸਨ ਅਤੇ ਬਹੁਤ ਠੰਢ ਵੀ ਸੀ। ਅਸੀਂ ਜੈਕੇਟ ਅਤੇ ਗਰਮ ਪਾਣੀ ਦੀਆਂ ਬੋਤਲਾਂ ਦੇ ਸਹਾਰੇ ਸ਼ੂਟ ਕਰ ਰਹੇ ਸੀ। ਸਾਡੇ ਰੋਜ਼ ਦੇ 10,000 ਕਦਮ ਪੂਰੇ ਹੋ ਜਾਂਦੇ ਸਨ ਕਿਉਂਕਿ ਲੋਕੇਸ਼ਨ ਇੰਨਾ ਵੱਡਾ ਸੀ। ਪੂਰਾ ਸਕਾਟਲੈਂਡ ਪੈਦਲ ਘੁੰਮ ਆਏ ਅਸੀਂ।
ਪ੍ਰ. ਰਵੀ ਕਿਸ਼ਨ ਜੀ ਦੇ ਨਾਲ ਕੰਮ ਕਰ ਕੇ ਕਿਵੇਂ ਦਾ ਲੱਗਿਆ?
ਰਵੀ ਸਰ ਦੇ ਨਾਲ ਕੰਮ ਕਰਨਾ ਬਹੁਤ ਸ਼ਾਨਦਾਰ ਸੀ। ਉਨ੍ਹਾਂ ਦੀ ਭਾਰੀ-ਭਰਕਮ ਆਵਾਜ਼ ਅਤੇ ਜ਼ਬਰਦਸਤ ਐਨਰਜੀ ਸੈੱਟ ’ਤੇ ਮਾਹੌਲ ਹੀ ਬਦਲ ਦਿੰਦੀ ਸੀ। ਉਹ ਬਹੁਤ ਮਜ਼ਾਕੀਆ ਹਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਸੁਣ ਕੇ ਬਹੁਤ ਮਜ਼ਾ ਆਉਂਦਾ ਸੀ। ਉਹ ਵਿਚ-ਵਿਚ ਪਾਰਲੀਮੈਂਟ ਕਾਲਜ ’ਤੇ ਵੀ ਚਲੇ ਜਾਂਦੇ ਸੀ ਪਰ ਫਿਰ ਵੀ ਸੈੱਟ ’ਤੇ ਸਭ ਦੋਸਤ ਬਣ ਗਏ ਸੀ।
ਪ੍ਰ. ਅੱਜਕੱਲ ਇੰਡਸਟਰੀ ਵਿਚ ਨੇਪੋਟਿਜ਼ਮ ਅਤੇ ਆਊਟਸਾਈਡਰ ਨੂੰ ਲੈ ਕੇ ਕਾਫੀ ਗੱਲਾਂ ਹੁੰਦੀਆਂ ਹਨ, ਤੁਸੀਂ ਕੀ ਕਹੋਗੇ?
ਮੈਂ ਖ਼ੁਦ ਇਕ ਆਊਟਸਾਈਡਰ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਮਿਹਨਤ, ਵਿਜ਼ਨ ਤੇ ਡੈਡੀਕੇਸ਼ਨ ਦੇ ਸਾਹਮਣੇ ਕੁਝ ਵੀ ਆ ਸਕਦਾ ਹੈ। ਤੁਸੀਂ ਖ਼ੁਦ ਆਪਣਾ ਰਸਤਾ ਸਾਫ਼ ਕਰ ਸਕਦੇ ਹੋ। ਇਹ ਡਿਬੇਟ ਹੁਣ ਪੁਰਾਣੀ ਹੋ ਚੁੱਕੀ ਹੈ। ਹਰ ਕਿਸੇ ਦਾ ਸਟ੍ਰਗਲ ਅਲੱਗ ਹੁੰਦਾ ਹੈ। ਕੋਈ ਗੱਡੀ ਦੇ ਬਿਨਾਂ ਰੇਸ ’ਚ ਭੱਜਦਾ ਹੈ, ਕੋਈ ਫਰਾਰੀ ਵਿਚ ਪਰ ਫਿਨਿਸ਼ ਲਾਈਨ ਤੱਕ ਪਹੁੰਚਣਾ ਆਪਣੇ ਟੈਲੇਂਟ ਤੇ ਜਜ਼ਬੇ ’ਤੇ ਹੀ ਨਿਰਭਰ ਕਰਦਾ ਹੈ।
ਪ੍ਰ. ਕੋਈ ਸੁਪਨਾ ਜਾਂ ਟੀਚਾ, ਜੋ ਹਾਲੇ ਵੀ ਤੁਹਾਡੇ ਦਿਲ ਵਿਚ ਹੈ?
ਮੈਂ ਖ਼ੁਦ ਇਕ ਦਿੱਗਜ਼ ਐਕਟਰ ਬਣਨਾ ਚਾਹੁੰਦੀ ਹਾਂ। ਮੈਨੂੰ ਇਹ ਦੇਖਣਾ ਬਹੁਤ ਦਿਲਚਸਪ ਲੱਗਦਾ ਹੈ ਕਿ ਜਦੋਂ ਕੋਈ ਚਲਾ ਜਾਂਦਾ ਹੈ ਤਾਂ ਲੋਕ ਉਸ ਬਾਰੇ ਕੀ ਕਹਿੰਦੇ ਹਨ, ਇਸ ਲਈ ਮੈਂ ਹਾਲੇ ਮਿਹਨਤ ਕਰ ਰਹੀ ਹਾਂ ਤਾਂ ਕਿ ਜਦੋਂ ਮੈਂ ਨਾ ਰਹਾਂ, ਉਦੋਂ ਲੋਕ ਕਹਿਣ–ਓਏ ਕਮਾਲ ਦੀ ਕਲਾਕਾਰ ਸੀ। ਮੇਰੇ ਲਈ ਅੱਜ ਦੀ ਜ਼ਿੰਦਗੀ ਵੀ ਇਕ ਡ੍ਰੀਮ ਵਰਗੀ ਹੈ–ਚੰਗਾ ਕੰਮ, ਚੰਗੇ ਦੋਸਤ, ਮੇਰੀਆਂ ਬਿੱਲੀਆਂ, ਚੰਗਾ ਘਰ ਹੋਰ ਕੀ ਚਾਹੀਦਾ।