ਨੈਸ਼ਨਲ ਸਿਨੇਮਾ ਡੇਅ ''ਤੇ ਹਾਊਸਫੁੱਲ ਹੋਏ ''ਅਰਦਾਸ ਸਰਬੱਤ ਦੇ ਭਲੇ ਦੀ'' ਫ਼ਿਲਮ ਦੇ ਸਾਰੇ ਸ਼ੋਅਜ਼
Friday, Sep 20, 2024 - 12:05 PM (IST)
ਜਲੰਧਰ- ਸਿਨੇਮਾ ਡੇਅ ਦੇ ਚਲਦਿਆਂ ਦਰਸ਼ਕ ਵੱਡੀ ਗਿਣਤੀ 'ਚ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੇਖਣ ਪਹੁੰਚ ਰਹੇ ਹਨ। ਦੱਸ ਦਈਏ ਕਿ ਅੱਜ ਇਸ ਫ਼ਿਲਮ ਨੂੰ ਦੇਖਣ ਲਈ ਸਾਰੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਰਾਤ ਤਕ ਦੇ ਸ਼ੋਅਜ਼ ਵੀ ਹਾਊਸਫੁੱਲ ਹਨ।
ਫ਼ਿਲਮ ਇਹ ਵੀ ਸਿਖਾਉਂਦੀ ਹੈ ਕਿ ਸਾਨੂੰ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਇਸ ਫਿਲਮ 'ਚ ਹਰ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ ਹੈ, ਜੋ ਤਾਰੀਫ਼ ਦੇ ਕਾਬਿਲ ਹੈ।
ਇਹ ਫਿਲਮ ਬਹੁਤ ਭਾਵੁਕ ਕਰ ਦਿੰਦੀ ਹੈ, ਜਿਸ ਨੂੰ ਵੇਖਦਿਆਂ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਇਸ ਸਪੈਸ਼ਲ ਸਕ੍ਰੀਨਿੰਗ 'ਚ ਸਿੱਖ ਜਥੇਬੰਦੀਆਂ ਦੇ ਕੁਝ ਮੋਹਤਬਰ ਵੀ ਸ਼ਾਮਲ ਸਨ, ਜਿਨ੍ਹਾਂ ਵਲੋਂ ਫਿਲਮ ਦੀ ਬਹੁਤ ਸ਼ਲਾਘਾ ਕੀਤੀ ਗਈ।
ਡਾਇਰੈਕਟਰ ਗਿੱਪੀ ਗਰੇਵਾਲ ਦੀ, ਜਿਨ੍ਹਾਂ ਨੇ ਜਿੰਨੀ ਖ਼ੂਬਸੂਰਤੀ ਨਾਲ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਹੈ, ਉਸ ਤੋਂ ਕਿਤੇ ਵੱਧ ਸ਼ਾਨਦਾਰ ਤਰੀਕੇ ਨਾਲ ਇਸ ਨੂੰ ਪਰਦੇ 'ਤੇ ਸੁਰਜੀਤ ਕੀਤਾ ਹੈ। ਇਕ ਚੰਗੀ ਕਹਾਣੀ ਦੇ ਨਾਲ-ਨਾਲ ਇਕ ਚੰਗਾ ਡਾਇਰੈਕਸ਼ਨ ਕਿੰਨਾ ਜ਼ਰੂਰੀ ਹੁੰਦਾ ਹੈ, ਉਹ ਇਸ ਫਿਲਮ 'ਚ ਬਾਖੂਬੀ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਦਿਖਾਏ ਸ੍ਰੀ ਹਜ਼ੂਰ ਸਾਹਿਬ ਦੇ ਦ੍ਰਿਸ਼ ਤੁਹਾਡੀ ਰੂਹ ਖ਼ੁਸ਼ ਕਰ ਦੇਣਗੇ।
ਦੱਸ ਦਈਏ ਕਿ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' 'ਚ ਨਿਰਮਲ ਰਿਸ਼ੀ, ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ ਸਣੇ ਪੰਜਾਬੀ ਸਿਨੇਮਾ ਦੇ ਕਈ ਹੋਰ ਦਿੱਗਜ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਨੂੰ ਹੰਬਲ ਮੋਸ਼ਨ ਪਿਕਚਰਜ਼, ਪੈਨੋਰਾਮਾ ਸਟੂਡੀਓਜ਼ ਤੇ ਜੀਓ ਸਟੂਡੀਓਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।