ਸੌਂਕਣ ਸੌਂਕਣੇ' ਫ਼ਿਲਮ ਦਾ ਮਜ਼ੇਦਾਰ ਗੀਤ 'ਗੱਲ ਮੰਨ ਲੈੇ ਮੇਰੀ' ਹੋਇਆ ਰਿਲੀਜ਼

04/24/2022 1:09:49 PM

ਜਲੰਧਰ : ਫ਼ਿਲਮ 'ਸੌਂਕਣ ਸੌਂਕਣੇ' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਕਰਨ ਤੋਂ ਬਾਅਦ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਪਹਿਲਾ ਗੀਤ 'ਗੱਲ ਮੰਨ ਲੈੇ ਮੇਰੀ' ਰਿਲੀਜ਼ ਕਰ ਦਿੱਤਾ ਹੈ, ਗੀਤ ਕਾਫ਼ੀ ਮਜ਼ੇਦਾਰ ਹੈ। ਤੁਸੀਂ ਬਹੁਤ ਵਾਰ ਪਤਨੀ ਨੂੰ ਆਪਣੇ ਪਤੀ ਤੋਂ ਕਿਸੇ ਨਾ ਕਿਸੇ ਚੀਜ਼ ਦੀ ਮੰਗ ਕਰਦੇ ਦੇਖਿਆ ਜਾਂ ਸੁਣਿਆਂ ਹੋਵੇਗਾ, ਇਹ ਵੀ ਜਾਣਦੇ ਹੋਵੋਗੇ ਕਿ ਪਤਨੀ ਜੇ ਪਤੀ ਤੋਂ ਆਪਣੀ ਗੱਲ ਮਨਵਾਉਣ ਦਾ ਫ਼ੈਸਲਾ ਕਰ ਲਏ ਫਿਰ ਗੱਲ ਮਨਵਾ ਕੇ ਹੀ ਹਟਦੀ ਹੈ ਪਰ ਕੀ ਕਿਸੇ ਪਤਨੀ ਨੂੰ ਆਪਣੀ ਹੀ ਸੌਂਕਣ ਲਿਆਉਣ ਦੀ ਮੰਗ ਕਰਦੇ ਸੁਣਿਆ ਹੈ? ਗੀਤ 'ਚ ਪਤਨੀ ਆਪਣੇ ਪਤੀ ਨੂੰ ਉਸਦੀ ਸੌਂਕਣ ਲਿਆਉਣ ਦੀ ਮੰਗ ਕਰਦੇ ਹੋਏ ਇਸ ਗੱਲ ਲਈ ਹਰ ਹਥਕੰਡਾ ਅਪਣਾ ਕੇ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੀ ਆਪਣੀ ਹੀ ਸੌਂਕਣ ਲਿਆਉਣ ਦੀ ਮੰਗ ਮਨਵਾ ਕੇ ਪਤਨੀ ਖ਼ੁਸ਼ ਰਹਿ ਸਕੇਗੀ? ਸੌਂਕਣ ਆਉਣ ਤੋਂ ਬਾਅਦ ਘਰ ਦਾ ਮਾਹੌਲ ਕੀ ਬਣੇਗਾ? ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ ਪਰ ਦਰਸ਼ਕ ਇਸ ਗੀਤ ਨੂੰ ਬੇਹੱਦ ਪਸੰਦ ਤੇ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਲੋਕ ਨਾ ਸਿਰਫ਼ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੇ ਝਗੜੇ ਨੂੰ ਦੇਖਣ ਲਈ ਉਤਸੁਕ ਹਨ, ਸਗੋਂ ਇਹ ਦੇਖਣ ਲਈ ਵੀ ਉਤਸੁਕ ਹਨ ਕਿ ਪਰਿਵਾਰ ਆਪਣੇ ਮੁੰਡੇ ਲਈ ਉਨ੍ਹਾਂ ਦੀ ਲੜਾਈ ਨਾਲ ਕਿਵੇਂ ਨਜਿੱਠੇਗਾ। ਫ਼ਿਲਮ ਵਿੱਚ ਸਭ ਤੋਂ ਪ੍ਰਸਿੱਧ ਭਾਰਤੀ-ਪੰਜਾਬੀ ਹਸਤੀਆਂ ਸ਼ਾਮਲ ਹਨ। ਫ਼ਿਲਮ ਸੌਂਕਣ ਸੌਕਣੇ 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ ਤੇ ਨਿਰਮਲ ਰਿਸ਼ੀ। ਐਮੀ ਵਿਰਕ ਲਗਾਤਾਰ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਸਰਗੁਨ ਮਹਿਤਾ ਦਾ ਚੁਲਬੁਲਾ ਸੁਭਾਅ ਤੇ ਅਦਾਕਾਰੀ, ਨਿਮਰਤ ਖਹਿਰਾ ਦਾ ਲੜਾਕਾਪੁਣਾ ਦੇਖਣ ਤੇ ਮਲਵਈ ਬੋਲੀ ਸੁਣਨ ਲਈ ਪ੍ਰਸ਼ੰਸਕ ਬਹੁਤ ਉਤਸੁਕ ਹਨ।

'ਗੱਲ ਮੰਨ ਲੈ ਮੇਰੀ' ਗੀਤ ਨੂੰ ਆਪਣੀ ਦਮਦਾਰ ਆਵਾਜ਼ ਦਿੱਤੀ ਹੈ ਗੁਰਲੇਜ਼ ਅਖ਼ਤਰ ਨੇ, ਲਿਖਿਆ ਹੈ ਰੋਨੀ ਅਜਨਾਲੀ ਤੇ ਗਿੱਲ ਮਛਰਾਏ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰੂ ਨੇ। ਗੀਤ ਦੇ ਮਿਕਸ ਮਾਸਟਰ ਭਾਨੂੰ ਠਾਕੁਰ ਹਨ। ਫ਼ਿਲਮ ਦੀ ਜ਼ਬਰਦਸਤ ਕਹਾਣੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਅਮਰਜੀਤ ਸਿੰਘ ਸੈਰੋਂ ਦੁਆਰਾ ਬਾਕਮਾਲ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਦਾ ਨਿਰਮਾਣ ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੁਆਰਾ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਸੰਗੀਤ ਦੇਸੀ ਕਰੂ ਦੁਆਰਾ ਦਿੱਤਾ ਜਾਵੇਗਾ। ਫ਼ਿਲਮ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ਫ਼ਿਲਮ 'ਸੌਂਕਣ ਸੌਂਕਣੇ' 13 ਮਈ 2022 ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।

 


Harnek Seechewal

Content Editor

Related News