ਫ਼ਿਲਮ ‘ਫੁੱਫੜ ਜੀ’ ’ਚ ਦੋਵੇਂ ਸਾਢੂਆਂ ਵਿਚਕਾਰ ਭੰਗੜੇ ਦੇ ਮੁਕਾਬਲੇ ਲਈ ਹੋ ਜਾਓ ਤਿਆਰ, ਪਹਿਲਾ ਗੀਤ ਹੋਇਆ ਰਿਲੀਜ਼

Saturday, Oct 23, 2021 - 02:13 PM (IST)

ਫ਼ਿਲਮ ‘ਫੁੱਫੜ ਜੀ’ ’ਚ ਦੋਵੇਂ ਸਾਢੂਆਂ ਵਿਚਕਾਰ ਭੰਗੜੇ ਦੇ ਮੁਕਾਬਲੇ ਲਈ ਹੋ ਜਾਓ ਤਿਆਰ, ਪਹਿਲਾ ਗੀਤ ਹੋਇਆ ਰਿਲੀਜ਼

ਜਲੰਧਰ (ਬਿਊਰੋ) : ਫੁੱਫੜ ਤਾਂ ਇਕ ਨਹੀਂ ਮਾਨ ਹੁੰਦਾ ਅਤੇ ਜੇ 2 ਹੋ ਜਾਣ ਫਿਰ ਤਾਂ ਸਹੁਰਿਆਂ ਦੀ ਜਾਨ ਨੂੰ ਸਿਆਪਾ ਪੈ ਹੀ ਜਾਂਦਾ ਹੈ। ਗੱਲ ਕਰ ਰਹੇ ਹਾਂ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਫੁੱਫੜ ਜੀ' ਦੀ। ਜਿੱਥੇ ਫ਼ਿਲਮ ਦੇ ਵਿੱਚ ਛੋਟੇ ਅਤੇ ਵੱਡੇ ਫੁੱਫੜ ਦੀ ਆਪਸ ’ਚ ਨੋਕ-ਝੋਕ ਦੇਖਣ ਲਈ ਮਿਲੇਗੀ, ਉੱਥੇ ਹੀ ਸਹੁਰਾ ਘਰ ਇਨ੍ਹਾਂ ਦੋਵਾਂ ਦੇ ਨੱਖਰੇ ਚੁੱਕਦਾ ਹੋਇਆ ਵੀ ਨਜ਼ਰ ਆਵੇਗਾ। ਫ਼ਿਲਮ ਵਿਚ ਵੱਡੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਬਾਕਮਾਲ ਅਦਾਕਾਰ ਬਿੰਨੂ ਢਿੱਲੋਂ ਅਤੇ ਛੋਟੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਡਾਇਮੰਡ ਬੁਆਏ ਗੁਰਨਾਮ ਭੁੱਲਰ। ਉਂਝ ਤਾਂ ਦਰਸ਼ਕ ਪਹਿਲਾਂ ਹੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਉਨ੍ਹਾਂ ਦੀ ਉਤਸੁਕਤਾ ਨੂੰ ਬਣਾਏ ਰੱਖਣ ਲਈ ਜ਼ੀ ਸਟੂਡੀਓਜ਼ ਨੇ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਹੈ, ਜਿਸਦਾ ਟਾਈਟਲ ਹੈ 'ਗੱਲ ਬਣ ਜਾਉ'। 'ਗੱਲ ਬਣ ਜਾਉ' ਗੀਤ ਇਕ ਡਾਂਸ ਨੰਬਰ ਹੈ ਜਿਸਨੂੰ ਸੁਣਦੇ ਹੀ ਤੁਸੀਂ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿਓਗੇ। ਗੀਤ ’ਚ ਵੱਡਾ ਫੁੱਫੜ ‘ਅਰਜਨ’ ਅਤੇ ਛੋਟਾ ਫੁੱਫੜ ‘ਚੰਨ’ ਆਪਣੇ ਸਹੁਰੇ ਘਰ ਵਿਆਹ ਵਿਚ ਗਏ ਹੁੰਦੇ ਹਨ, ਜਿੱਥੇ ਦੋਵਾਂ ਵਿਚਕਾਰ ਭੰਗੜੇ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ।

ਵਿਆਹ ’ਤੇ ਭੰਗੜਾ ਪਾਉਣ ਲਈ ਬਿਲਕੁਲ ਫਿੱਟ ਬੈਠੇਗਾ ਇਹ ਗੀਤ।  ਫ਼ਿਲਮ ਦੇ ਸੈੱਟ ਦੀ ਗੱਲ ਕਰੀਏ ਤਾਂ ਇਹ ਸਾਰਾ ਸੈੱਟ ਖ਼ਾਸ ਤਿਆਰ ਕੀਤਾ ਗਿਆ ਹੈ। ਗੀਤ ਨੂੰ ਗਾਉਣ ਦੇ ਨਾਲ ਲਿਖਿਆ ਅਤੇ ਕੰਪੋਜ਼ ਵੀ ਗੁਰਨਾਮ ਭੁੱਲਰ ਨੇ ਹੀ ਕੀਤਾ ਹੈ ਅਤੇ ਮਿਊਜ਼ਿਕ ਦਾਊਦ ਨੇ ਦਿੱਤਾ ਹੈ। ਫ਼ਿਲਮ 'ਫੁੱਫੜ ਜੀ' ਰਾਜੂ ਵਰਮਾ ਵਲੋਂ ਲਿਖੀ ਗਈ ਹੈ, ਜਿਸਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਗਿਆ ਹੈ। ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਵਲੋਂ ਨਿਰਮਿਤ ਕੀਤੀ ਗਈ ਹੈ। ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਵੱਲੋਂ ਦੁਨੀਆ ਭਰ 'ਚ ਰਿਲੀਜ਼ ਕੀਤੀ ਜਾਵੇਗੀ।
 


author

Anuradha

Content Editor

Related News