27 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ ਫਿਲਮ 'ਜੱਟ ਐਂਡ ਜੂਲੀਅਟ 3'

Wednesday, Jun 26, 2024 - 10:40 AM (IST)

27 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ ਫਿਲਮ 'ਜੱਟ ਐਂਡ ਜੂਲੀਅਟ 3'

ਜਲੰਧਰ- ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਜੱਟ ਐਂਡ ਜੂਲੀਅਟ-3' 27 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਦਿਲਜੀਤ ਤੇ ਨੀਰੂ 6ਵੀਂ ਵਾਰ ਕਿਸੇ ਫ਼ਿਲਮ 'ਚ ਇਕੱਠੇ ਨਜ਼ਰ ਆ ਰਹੇ ਹਨ। ਫ਼ਿਲਮ 'ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ 'ਚ ਹਨ। ਫ਼ਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਤੇ ਸਪੀਡ ਰਿਕਾਰਡਸ ਦੀ ਸਾਂਝੀ ਪੇਸ਼ਕਸ਼ ਹੈ, ਜਿਹੜੀ ਸਟੋਰੀਟਾਈਮ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਫਿਲਮ ਸਬੰਧੀ ਦਿਲਜੀਤ ਤੇ ਨੀਰੂ ਵਲੋਂ ਮੀਡੀਆ ਨਾਲ ਕੀਤੀ ਗੱਲਬਾਤ ਹੇਠਾਂ ਅਨੁਸਾਰ ਹੈ–

ਸਵਾਲ– ਇੰਨਾ ਸਮਾਂ ਕਿਉਂ ਲੱਗ ਗਿਆ ਫਿਲਮ ਦਾ ਤੀਜਾ ਭਾਗ ਆਉਂਦਿਆਂ?

ਦਿਲਜੀਤ ਦੋਸਾਂਝ– ਪਤਾ ਨਹੀਂ ਲੱਗਾ 10-12 ਸਾਲ ਕਿਥੇ ਲੰਘ ਗਏ। ਫ਼ਿਲਮ ਬਹੁਤ ਪਹਿਲਾਂ ਬਣ ਜਾਣੀ ਚਾਹੀਦੀ ਸੀ ਕਿਉਂਕਿ ਪਹਿਲੀ ਵੀ ਹਿੱਟ ਸੀ ਤੇ ਦੂਜੀ ਵੀ ਹਿੱਟ ਸੀ। ਨੀਰੂ ਜੀ ਵੀ ਰੁੱਝੇ ਰਹੇ, ਮੈਂ ਵੀ ਰੁੱਝਾ ਰਿਹਾ ਪਰ ਹੁਣ ਆਖਿਰਕਾਰ ਮੌਕਾ ਮਿਲਿਆ ਤੇ ਸਾਰੇ ਮੁੜ ਇਕੱਠੇ ਹੋਏ। ਮੈਨੂੰ ਲੱਗਦਾ ਕਿ ਜਦੋਂ ਚੀਜ਼ ਬਣਨੀ ਹੁੰਦੀ, ਉਦੋਂ ਹੀ ਬਣਦੀ ਹੈ। ਸ਼ਾਇਦ ਇਹੀ ਸਹੀ ਸਮਾਂ ਸੀ ਫਿਲਮ ਬਣਨ ਦਾ।

ਸਵਾਲ– ਪੰਜਾਬ ਪੁਲਸ ਤੇ 'ਫਤਿਹ ਸਿੰਘ' ਦਾ ਕਿਰਦਾਰ ਨਿਭਾਉਣਾ ਕਿਵੇਂ ਦਾ ਲੱਗਦਾ ਹੈ?

ਦਿਲਜੀਤ– ਮੈਨੂੰ ਲੱਗਦਾ ਕਿ ਪੰਜਾਬ ਪੁਲਸ ਦਾ ਐਟੀਚਿਊਡ ਬਾਕੀ ਸਾਰਿਆਂ ਨਾਲੋਂ ਵੱਖਰਾ ਹੈ। ਪੰਜਾਬ ਪੁਲਸ ਦਾ ਇਕ ਵੱਖਰਾ ਸਟਾਈਲ ਹੈ, ਜੋ ਅਸੀਂ ਛੋਟੇ ਹੁੰਦਿਆਂ ਤੋਂ ਹੀ ਦੇਖਦੇ ਆਏ ਹਾਂ। ਉਨ੍ਹਾਂ 'ਚ ਇਕ ਪਿਆਰਾ ਹਾਸਾ-ਮਜ਼ਾਕ ਵੀ ਹੈ। ਕਿਤੇ ਨਾ ਕਿਤੇ ਅਸੀਂ ਸਾਰਿਆਂ ਨੇ ਇਸ ਨੂੰ ਮਹਿਸੂਸ ਕੀਤਾ ਹੈ।

ਸਵਾਲ– ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਹਿੰਦਾ ਹੈ?

ਨੀਰੂ ਬਾਜਵਾ– ਮੈਨੂੰ ਦਿਲਜੀਤ ਦੋਸਾਂਝ ਨਾਲ ਕੰਮ ਕਰਨਾ ਵਧੀਆ ਲੱਗਦਾ ਹੈ। ਹਰ ਪੰਜਾਬੀ ਵਾਂਗ ਮੈਨੂੰ ਦਿਲਜੀਤ 'ਤੇ ਮਾਣ ਹੈ। ਦਿਲਜੀਤ ਦੋਸਾਂਝ ਨਾਲ ਕੰਮ ਕਰਨਾ ਹੀ ਬਹੁਤ ਵੱਡੀ ਗੱਲ ਹੈ। ਸਾਨੂੰ ਪਤਾ ਹੈ ਕਿ ਦਿਲਜੀਤ ਨੇ ਆਪਣੇ ਕਰੀਅਰ ਨੂੰ ਕਿਵੇਂ ਵਧੀਆ ਬਣਾਇਆ ਹੈ। ਦੁਨੀਆ ਭਰ 'ਚ ਇਨ੍ਹਾਂ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

ਸਵਾਲ– ਨੀਰੂ ਬਾਜਵਾ ਦਾ ਤੁਹਾਡੇ ਕਰੀਅਰ 'ਚ ਕਿੰਨਾ ਮਹੱਤਵ ਰਿਹਾ ਹੈ?

ਦਿਲਜੀਤ– ਮੇਰੇ ਫਿਲਮਾਂ 'ਚ ਆਉਣ ਦੀ ਵਜ੍ਹਾ ਨੀਰੂ ਬਾਜਵਾ ਹਨ। ਮੇਰਾ ਪਹਿਲਾ ਸੀਨ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਦੀ ਫਿਲਮ 'ਮੇਲ ਕਰਾਦੇ ਰੱਬਾ' 'ਚ ਸੀ। ਮੈਂ ਪਹਿਲੀ ਵਾਰ ਕੈਮਰਾ ਨੀਰੂ ਬਾਜਵਾ ਨਾਲ ਹੀ ਫੇਸ ਕੀਤਾ ਸੀ। ਨੀਰੂ ਬਾਜਵਾ ਤੋਂ ਹੀ ਮੈਂ ਪ੍ਰਭਾਵਿਤ ਹੋਇਆ। ਇਨ੍ਹਾਂ ਕਰਕੇ ਹੀ ਮੈਂ ਹੋਰ ਫ਼ਿਲਮਾਂ ਕਰਨ ਦਾ ਮਨ ਬਣਾਇਆ।

ਸਵਾਲ– ਤੁਹਾਡੀ ਆਨਸਕ੍ਰੀਨ ਕੈਮਿਸਟਰੀ ਸ਼ਾਨਦਾਰ ਹੁੰਦੀ ਹੈ। ਇਹ ਕਿਵੇਂ ਲੈ ਕੇ ਆਉਂਦੇ ਹੋ?

ਨੀਰੂ– ਅਸੀਂ ਹੈਂਗਆਊਟ ਨਹੀਂ ਕਰਦੇ। ਅਸੀਂ ਦੋਵੇਂ ਹੀ ਇੰਟਰੋਵਰਟ ਹਾਂ। ਤੁਹਾਨੂੰ ਕੈਮਿਸਟਰੀ ਲਈ ਹਰ ਵੇਲੇ ਗੱਲਬਾਤ ਕਰਨਾ ਤੇ ਪਾਰਟੀ ਕਰਨਾ ਜ਼ਰੂਰੀ ਨਹੀਂ ਹੈ। ਅਸੀਂ ਕਦੇ ਸੀਨ ਦੀ ਰਿਹਰਸਲ ਨਹੀਂ ਕੀਤੀ। ਇਹ ਕੋਈ ਜਾਦੂ ਹੀ ਹੈ ਕਿ ਐਕਸ਼ਨ ਬੋਲਦਿਆਂ ਹੀ ਸਾਡੀ ਆਨਸਕ੍ਰੀਨ ਕੈਮਿਸਟਰੀ ਸ਼ੁਰੂ ਹੋ ਜਾਂਦੀ ਹੈ।

ਸਵਾਲ– ਹਰ ਵਾਰ ਤੁਸੀਂ ਇੰਡਸਟਰੀ 'ਚ ਨਵਾਂ ਟਰੈਂਡ ਸੈੱਟ ਕਰਦੇ ਹੋ। ਕਿੰਨੀ ਤਿਆਰੀ ਇਸ ਪਿੱਛੇ ਰਹਿੰਦੀ ਹੈ?

ਨੀਰੂ– ਮੈਨੂੰ ਲੱਗਦਾ ਕਿ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੋਈ ਟਰੈਂਡ ਸੈੱਟ ਕਰਨਾ ਹੈ। ਹਾਂ ਅਸੀਂ ਜੋ ਕੁਝ ਵੀ ਕਰਦੇ ਹਾਂ, ਉਸ 'ਚ ਆਪਣਾ 100 ਨਹੀਂ 1000 ਫੀਸਦੀ ਦਿੰਦੇ ਹਾਂ। ਈਮਾਨਦਾਰੀ ਨਾਲ, ਮਿਹਨਤ ਨਾਲ ਕੰਮ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਟਰੈਂਡ ਸੈੱਟ ਕਰਨਾ ਤੇ ਫਿਲਮ ਨੂੰ ਵੱਡਾ ਬਣਾਉਣਾ ਦਰਸ਼ਕਾਂ ਦੇ ਹੱਥ ’ਚ ਹੁੰਦਾ ਹੈ।

ਸਵਾਲ– ਤੁਸੀਂ ਵੱਡਾ ਨਾਂ ਬਣਾਇਆ ਹੈ। ਕੀ ਪੰਜਾਬੀ ਫਿਲਮਾਂ ਤੇ ਗੀਤ ਇਸੇ ਤਰ੍ਹਾਂ ਆਉਂਦੇ ਰਹਿਣਗੇ?

ਦਿਲਜੀਤ– ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ ਹਨ। ਮੈਂ ਸੋਚਿਆ ਹੋਇਆ ਕਿ ਹਰ ਸਾਲ ਇਕ ਪੰਜਾਬੀ ਫ਼ਿਲਮ 'ਤੇ ਇਕ ਪੰਜਾਬੀ ਐਲਬਮ ਜ਼ਰੂਰੀ ਕਰਨੀ ਹੈ। ਬਾਕੀ ਜੋ ਕੰਮ ਚੱਲ ਰਿਹਾ, ਉਹ ਤਾਂ ਚੱਲੀ ਜਾਣਾ। ਜਿੰਨੀ ਦੇਰ ਪ੍ਰਮਾਤਮਾ ਨੇ ਮਿਹਰ ਰੱਖੀ ਮੈਂ ਪੰਜਾਬੀ ਫਿਲਮਾਂ ਤੇ ਗੀਤ ਕਰਦੇ ਰਹਾਂਗਾ।

ਸਵਾਲ– ਹਰ ਵਾਰ ਇੰਨੀ ਦੁਨੀਆ ਘੁੰਮਣ ਤੋਂ ਬਾਅਦ ਪੰਜਾਬ ਆ ਕੇ ਕਿਵੇਂ ਦਾ ਮਹਿਸੂਸ ਕਰਦੇ ਹੋ?

ਦਿਲਜੀਤ– ਪੰਜਾਬ ਤੋਂ ਮੈਂ ਐਨਰਜੀ ਲੈ ਕੇ ਜਾਂਦਾ। ਫਿਰ ਮੈਂ ਜਦੋਂ ਵੀ ਜਿਥੇ ਜਾਵਾਂ ਪੂਰੀ ਦੁਨੀਆ 'ਚ, ਪੰਜਾਬ ਮੇਰੇ ਨਾਲ ਹੀ ਹੁੰਦਾ। ਇਹ ਜਿਹੜੀ ਮੇਰੀ ਮਿੱਟੀ ਹੈ, ਇਹ ਪੰਜਾਬ ਦੀ ਹੈ ਤੇ ਇਸ ਨੇ ਪੰਜਾਬ 'ਚ ਰਲਣਾ ਆ ਕੇ। ਮੈਂ ਜਿਥੇ ਵੀ ਜਾਵਾਂ, ਪੰਜਾਬ ਮੇਰੇ ਨਾਲ ਹੀ ਜਾਂਦਾ ਹੈ।

ਸਵਾਲ– ਅੱਜ ਤੁਸੀਂ ਸੁਪਰਸਟਾਰ ਹੋ। ਇਹ ਮੁਕਾਮ ਹਾਸਲ ਕਰ ਕੇ ਕਿਵੇਂ ਦਾ ਲੱਗ ਰਿਹਾ?

ਦਿਲਜੀਤ– ਕੁਝ ਲੋਕ ਕਹਿੰਦੇ ਹਨ ਕਿ ਮੈਂ ਰਾਤੋ-ਰਾਤ ਹਿੱਟ ਹੋ ਗਿਆ। ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦਿਆਂ ਨੂੰ। ਮੇਰਾ ਜ਼ੋਰ ਲੱਗ ਗਿਆ। ਮੈਂ ਦਿਨ-ਰਾਤ ਕੰਮ ਕੀਤਾ। ਮੈਂ ਆਪਣੇ ਘਰਦਿਆਂ ਨੂੰ ਸਮਾਂ ਨਹੀਂ ਦੇ ਸਕਿਆ। ਮੈਂ ਕਿਸੇ ਲਈ ਨਹੀਂ, ਆਪਣੇ ਲਈ ਕੰਮ ਕੀਤਾ।


author

Priyanka

Content Editor

Related News