ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਬਬੀਤਾ ਜੀ ਖ਼ਿਲਾਫ਼ ਐੱਫ.ਆਈ.ਆਰ. ਦਰਜ, ਜਾਣੋ ਕੀ ਹੈ ਮਾਮਲਾ
Friday, May 14, 2021 - 10:20 AM (IST)
ਮੁੰਬਈ: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਬਬੀਤਾ ਜੀ ਭਾਵ ਮੁਨਮੁਨ ਦੱਤਾ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੁਝ ਦਿਨ ਪਹਿਲੇ ਆਪਣੇ ਵੀਡੀਓ ’ਚ ਉਨ੍ਹਾਂ ਨੇ ਜਾਤੀਸੂਚਕ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਹੁਣ ਇਸ ਮਾਮਲੇ ’ਚ ਉਨ੍ਹਾਂ ਦੇ ਖ਼ਿਲਾਫ਼ ਹਰਿਆਣਾ ਦੇ ਹਿਸਾਰ ’ਚ ਸ਼ਿਕਾਇਤ ਦਰਜ ਹੋ ਗਈ ਹੈ। ਮੁਨਮੁਨ ਦੇ ਖ਼ਿਲਾਫ਼ ਸ਼ਿਕਾਇਤ ਐੱਸ.ਸੀ./ਐੱਸ.ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲੇ ਪ੍ਰਸ਼ੰਸਕ ਵੀ ਇਸ ਟਿੱਪਣੀ ਨੂੰ ਲੈ ਕੇ ਅਦਾਕਾਰਾ ਦੇ ਖ਼ਿਲਾਫ਼ ਹੋ ਗਏ ਸਨ।
ਟਵਿਟਰ ਤੇ ਵੀ ਮੁਨਮੁਨ ਦੱਤਾ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਲਗਾਤਾਰ ਹੋ ਰਹੀ ਸੀ। ਹੁਣ ਨੈਸ਼ਨਲ ਅਲਾਇੰਸ ਫਾਰ ਦਲਿਤ ਹਿਊਮਨ ਰਾਈਟਸ ਦੇ ਸੰਯੋਜਕ ਰਜਤ ਕਲਸਨ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਸ ਤੋਂ ਬਾਅਦ ਮੁਨਮੁਨ ਦੇ ਸਮਰਥਨ ’ਚ ਖੜ੍ਹੇ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਵੀ ਗਈ ਹੈ। ਕੁਝ ਦਿਨ ਪਹਿਲੇ ਮੁਨਮੁਨ ਨੇ ਇਸ ਨੂੰ ਲੈ ਕੇ ਮੁਆਫ਼ੀ ਵੀ ਮੰਗੀ ਸੀ। ਅਜਿਹੇ ’ਚ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜਦੋਂ ਮੁਨਮੁਨ ਮੁਆਫ਼ੀ ਮੰਗ ਚੁੱਕੀ ਹੈ ਤਾਂ ਇਹ ਕਾਰਵਾਈ ਕਿਉਂ?
ਦਰਅਸਲ ਇਹ ਪੂਰਾ ਮਾਮਲਾ ਦੱਤਾ ਦੀ ਇਕ ਵੀਡੀਓ ਤੋਂ ਸ਼ੁਰੂ ਹੁੰਦਾ ਹੈ। ਇਸ ਮੇਕਅੱਪ ਵੀਡੀਓ ’ਚ ਮੁਨਮੁਨ ਦੱਤਾ ਕਹਿੰਦੀ ਹੈ ਕਿ ‘ਉਹ ਚੰਗਾ ਲੱਗਣਾ ਚਾਹੁੰਦੀ ਹੈ ਅਤੇ ਜਾਤੀ ਵਿਸ਼ੇਸ਼ ਲੋਕਾਂ ਦੀ ਤਰ੍ਹਾਂ ਤਾਂ ਬਿਲਕੁੱਲ ਨਹੀਂ ਲੱਗਣਾ ਚਾਹੁੰਦੀ। ਮੁਨਮੁਨ ਨੇ ਆਪਣੇ ਟਵਿਟਰ ’ਤੇ ਲਿਖਿਆ ਸੀ ਕਿ ਉਹ ਸਾਰੇ ਲੋਕਾਂ ਦਾ ਸਨਮਾਨ ਕਰਦੀ ਹੈ ਅਤੇ ਉਨ੍ਹਾਂ ਨੇ ਆਪਣੀ ਵੀਡੀਓ ਤੋਂ ਵਿਵਾਦਿਤ ਹਿੱਸਾ ਵੀ ਹਟਾ ਦਿੱਤਾ ਸੀ।
ਮੁਨਮੁਨ ਨੇ ਮੁਆਫ਼ੀ ਮੰਗਦੇ ਹੋਏ ਲਿਖਿਆ ਸੀ ਕਿ ਇਹ ਇਕ ਵੀਡੀਓ ਦੇ ਸੰਦਰਭ ’ਚ ਹੈ ਜਿਸ ਨੂੰ ਮੈਂ ਕੱਲ ਪੋਸਟ ਕੀਤਾ ਸੀ ਜਿਥੇ ਮੇਰੇ ਵੱਲੋਂ ਵਰਤੋਂ ਕੀਤੇ ਗਏ ਸ਼ਬਦਾਂ ਦਾ ਗ਼ਲਤ ਅਰਥ ਦੱਸਿਆ ਗਿਆ ਹੈ। ਇਹ ਅਪਮਾਨ, ਡਰਾਉਣ, ਅਪਮਾਨਿਤ ਕਰਨ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕਦੇ ਨਹੀਂ ਕਹੇ ਗਏ ਸਨ।