‘ਤਾਂਡਵ’ ਖ਼ਿਲਾਫ਼ ਐਕਸ਼ਨ ’ਚ ਸਰਕਾਰ, ਐਮਾਜ਼ੋਨ ਪ੍ਰਾਈਮ ਦਾ ਅਧਿਕਾਰੀ ਤਲਬ

01/18/2021 2:03:26 PM

ਨਵੀਂ ਦਿੱਲੀ (ਬਿਊਰੋ)– ਸੈਫ ਅਲੀ ਖ਼ਾਨ ਸਟਾਰਰ ਵੈੱਬ ਸੀਰੀਜ਼ ‘ਤਾਂਡਵ’ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੋਸ਼ ਹੈ ਕਿ ਇਸ ਦੇ ਕੁਝ ਦ੍ਰਿਸ਼ਾਂ ’ਚ ਭਗਵਾਨ ਸ਼ਿਵ ਤੇ ਰਾਮ ਦਾ ਅਪਮਾਨ ਕੀਤਾ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਇਸ ਵੈੱਬ ਸੀਰੀਜ਼ ਦੇ ਬਾਈਕਾਟ ਦੀ ਮੰਗ ਉੱਠਣ ਲੱਗੀ ਹੈ। ਇਸ ਸਭ ਨੂੰ ਦੇਖਦਿਆਂ ਹੁਣ ਸਰਕਾਰ ਵੀ ਹਰਕਤ ’ਚ ਆ ਗਈ ਹੈ। ਖ਼ਬਰਾਂ ਮੁਤਾਬਕ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਐਮਾਜ਼ੋਨ ਪ੍ਰਾਈਮ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ।

ਭਾਜਪਾ ਸੰਸਦ ਮੈਂਬਰ ਮਨੋਜ ਕੋਟਕ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਚਿੱਠੀ ਲਿਖ ਕੇ ‘ਤਾਂਡਵ’ ’ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਥੇ ਹੀ ਭਾਜਪਾ ਨੇਤਾ ਕਪਿਲ ਮਿਸ਼ਰਾ ਵੀ ਅਜਿਹੀ ਹੀ ਮੰਗ ਕਰ ਚੁੱਕੇ ਹਨ। ਉਨ੍ਹਾਂ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਈ-ਮੇਲ ਆਈ. ਡੀ. ਸਾਂਝੀ ਕਰਕੇ ਯੂਜ਼ਰਜ਼ ਨੂੰ ਅਪੀਲ ਕੀਤੀ ਹੈ ਕਿ ਉਹ ‘ਤਾਂਡਵ’ ਖ਼ਿਲਾਫ਼ ਸਰਕਾਰ ਨੂੰ ਲਿਖਣ। ਸੋਸ਼ਲ ਮੀਡੀਆ ’ਤੇ ਵੀ ਵੈੱਬ ਸੀਰੀਜ਼ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਟਵਿਟਰ ’ਤੇ #BanTandavNow ਤੇ #BoycottTandav ਵਰਗੇ ਹੈਸ਼ਟੈਗ ਲਗਾਤਾਰ ਟਰੈਂਡ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਹ ਵੈੱਬ ਸੀਰੀਜ਼ ਰਾਜਨੀਤਕ ਡਰਾਮੇ ’ਤੇ ਆਧਾਰਿਤ ਹੈ। ਮੁੱਖ ਭੂਮਿਕਾ ’ਚ ਸੈਫ ਅਲੀ ਖ਼ਾਨ ਤੋਂ ਇਲਾਵਾ ਡਿੰਪਲ ਕਪਾੜੀਆ, ਗੌਹਰ ਖ਼ਾਨ, ਜੀਸ਼ਾਨ ਆਯੂਬ, ਤਿਗਮਾਂਸ਼ੂ ਧੂਲੀਆ ਤੇ ਸੁਨੀਲ ਗਰੋਵਰ ਹਨ।

ਇੰਟਰਨੈੱਟ ਮੀਡੀਆ ’ਤੇ ‘ਤਾਂਡਵ’ ਦਾ ਵਿਰੋਧ ਤੇਜ਼ੀ ਨਾਲ ਹੋ ਰਿਹਾ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਸਭ ਜਾਣਬੁਝ ਕੇ ਕੀਤਾ ਗਿਆ ਹੈ। ਇਕ ਯੂਜ਼ਰ ਨੇ ਆਪਣੇ ਟਵੀਟ ’ਚ ਲਿਖਿਆ, ‘ਅਲੀ ਅੱਬਾਸ ਤਾਂਡਵ ਵੈੱਬ ਸੀਰੀਜ਼ ਦੇ ਡਾਇਰੈਕਟਰ ਹਨ ਤੇ ਇਸ ’ਚ ਪੂਰੀ ਤਰ੍ਹਾਂ ਲੈਫਟ ਵਿੰਗ ਦੇ ਏਜੰਡੇ ਨੂੰ ਅੱਗੇ ਵਧਾਉਣ ’ਚ ਜੁਟੇ ਹਨ। ਉਹ ਟੁੱਕੜੇ-ਟੁੱਕੜੇ ਗੈਂਗ ਨੂੰ ਗਲੋਰੀਫਾਈ ਕਰ ਰਹੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News