ਲਗਜ਼ਰੀ ਗੱਡੀਆਂ ਦਾ ਸ਼ੌਂਕੀਨ ਅਤੇ ਕਰੋੜਾਂ ਦੀ ਜਾਇਦਾਦ ਦਾ ਮਾਲਕ ਸੀ ਸੁਸ਼ਾਂਤ ਸਿੰਘ ਰਾਜਪੂਤ
Saturday, Jun 12, 2021 - 10:53 AM (IST)
ਮੁੰਬਈ- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਪੂਰੇ ਦੇਸ਼ ਨੂੰ ਹੈਰਾਨ ਕਰ ਗਈ ਸੀ। 34 ਸਾਲ ਦਾ ਸੁਸ਼ਾਂਤ ਖ਼ੁਦ ਨੂੰ ਬਾਲੀਵੁੱਡ ਵਿੱਚ ਸਫ਼ਲ ਅਦਾਕਾਰ ਵਜੋਂ ਸਥਾਪਤ ਕਰ ਚੁੱਕਿਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਲ 2013 ਵਿੱਚ ਫ਼ਿਲਮ 'ਕਾਈ ਪੋ ਚੇ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਸੁਸ਼ਾਂਤ ਦੀ ਕੁੱਲ ਜਾਇਦਾਦ ਅਤੇ ਸਾਲਾਨਾ ਆਮਦਨ ਕਿੰਨੀ ਸੀ? ਆਓ ਤੁਹਾਡੇ ਇਸ ਸਵਾਲ ਦਾ ਜਵਾਬ ਅਸੀਂ ਦਿੰਦੇ ਹਾਂ।
ਲਗ਼ਜ਼ਰੀ ਗੱਡੀਆਂ ਦਾ ਸ਼ੌਂਕੀਨ ਸੀ ਸੁਸ਼ਾਂਤ
ਰਿਪੋਰਟਾਂ ਮੁਤਾਬਕ ਸੁਸ਼ਾਂਤ ਕੋਲ ਤਕਰੀਬਨ 59 ਕਰੋੜ ਰੁਪਏ ਦੀ ਜਾਇਦਾਦ ਸੀ। ਇਸ ਤੋਂ ਇਲਾਵਾ ਸੁਸ਼ਾਂਤ ਕੋਲ ਬੀ.ਐੱਮ.ਡਬਲਿਊ. 1300R ਮੋਟਰਸਾਈਕਲ, Maserati Quattroporte ਅਤੇ ਲੈਂਡ ਰੋਵਰ ਐੱਸ.ਯੂ.ਵੀ ਜਿਹੇ ਲਗ਼ਜ਼ਰੀ ਵਾਹਨ ਵੀ ਸਨ। ਸੁਸ਼ਾਂਤ ਆਪਣੀ ਹਰ ਫ਼ਿਲਮ ਲਈ 5-7 ਕਰੋੜ ਰੁਪਏ ਲੈਂਦੇ ਸਨ।
ਚੰਨ ‘ਤੇ ਜ਼ਮੀਨ ਖਰੀਦਣ ਵਾਲਾ ਪਹਿਲਾ ਬਾਲੀਵੁੱਡ ਅਦਾਕਾਰ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਲਾੜ ਦੀਆਂ ਖ਼ਬਰਾਂ ਦਾ ਸ਼ੌਕ ਰੱਖਣ ਵਾਲੇ ਸੁਸ਼ਾਂਤ ਸਿੰਘ ਨੇ ਖ਼ੁਦ ਵੀ ਚੰਨ ‘ਤੇ ਜ਼ਮੀਨ ਖਰੀਦੀ ਹੋਈ ਸੀ। ਸੁਸ਼ਾਂਤ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦਾ ਸੀ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਪੁਲਾੜ ਅਤੇ ਵਿਗਿਆਨ ਸਬੰਧੀ ਜਾਣਕਾਰੀ ਵੀ ਸਾਂਝੀ ਕਰਦਾ ਰਹਿੰਦਾ ਸੀ। ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਇਹ ਜ਼ਮੀਨ ਕੌਮਾਂਤਰੀ ਲੂਨਰ ਲੈਂਡਜ਼ ਰਜਿਸਟਰੀ ਤੋਂ ਖਰੀਦੀ ਹੈ।
14 ਜੂਨ 2020 ਨੂੰ ਸੁਸ਼ਾਂਤ ਨੇ ਕਰ ਲਈ ਸੀ ਖ਼ੁਦਕੁਸ਼ੀ
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਇਸ ਚਮਕਦੇ ਸਿਤਾਰੇ ਨੇ ਸਾਲ 2020 ਵਿੱਚ ਆਪਣੇ ਮੁੰਬਈ ਸਥਿਤ ਘਰ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਦੱਸਿਆ ਜਾਂਦਾ ਹੈ ਕਿ ਸੁਸ਼ਾਂਤ ਉਸ ਵੇਲੇ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਪੁਲਸ ਨੂੰ ਸੁਸ਼ਾਂਤ ਦੇ ਕਮਰੇ ਦੀ ਜਾਂਚ ਵੇਲੇ ਡਿਪ੍ਰੈਸ਼ਨ ਦੇ ਇਲਾਜ ਵਿੱਚ ਕੰਮ ਆਉਣ ਵਾਲੀਆਂ ਦਵਾਈਆਂ ਵੀ ਮਿਲੀਆਂ ਸਨ।