ਸੁਸ਼ਾਂਤ ਰਾਜਪੂਤ ਦੇ ਪੋਸਟਮਾਰਟਮ ’ਚ ਡਾਕਟਰਾਂ ਦੀ ਵੱਡੀ ਲਾਪਰਵਾਹੀ, ਦਰਜ ਹੋਈ ਸ਼ਿਕਾਇਤ

01/21/2022 7:20:38 PM

ਮੁੰਬਈ (ਬਿਊਰੋ)– ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪੋਸਟਮਾਰਟਮ ਦੌਰਾਨ ਡਾਕਟਰੀ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪੋਸਟਮਾਰਟਮ ਸਮੇਂ ਕੂਪਰ ਹਸਪਤਾਲ ਤੇ ਮੁੰਬਈ ਪੁਲਸ ਦੇ ਡਾਕਟਰਾਂ ਦੇ ਇਕ ਪੈਨਲ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ ਤੇ ਪੋਸਟਮਾਰਟਮ ਦੌਰਾਨ ਕਈ ਕਮੀਆਂ ਪਾਈਆਂ ਗਈਆਂ ਸਨ। ਨਤੀਜੇ ਵਜੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ।

ਇਸ ਦੇ ਨਾਲ ਹੀ ਦੇਸ਼ ਦੀਆਂ ਸਰਵਉੱਚ ਜਾਂਚ ਏਜੰਸੀਆਂ ਨੂੰ ਵੀ ਜਾਂਚ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਮਿਸ਼ਨ ਨੇ ਡਾਇਰੀ ਨੰਬਰ 1275/IN/2022 ਰਾਹੀਂ ਸ਼ਿਕਾਇਤ ਦਾ ਹਵਾਲਾ ਦਿੱਤਾ ਹੈ। ਇਹ ਸ਼ਿਕਾਇਤ ਐਡਵੋਕੇਟ ਆਸ਼ੀਸ਼ ਰਾਏ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ ਦਾਇਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਆਪਣੀ ਸ਼ਿਕਾਇਤ ’ਚ ਵਕੀਲ ਆਸ਼ੀਸ਼ ਰਾਏ ਨੇ ਦੋਸ਼ ਲਾਇਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਵਿਸੇਰਾ ਸਹੀ ਢੰਗ ਨਾਲ ਸੁਰੱਖਿਅਤ ਨਹੀਂ ਰੱਖਿਆ ਗਿਆ, ਜੋ ਸਪੱਸ਼ਟ ਤੌਰ ’ਤੇ ਵੱਡੀ ‘ਲਾਪਰਵਾਹੀ’ ਵੱਲ ਇਸ਼ਾਰਾ ਕਰਦਾ ਹੈ। ਨਾਲ ਹੀ ਉਨ੍ਹਾਂ ਦੀ ਤਰਫ਼ੋਂ ਦੱਸਿਆ ਗਿਆ ਕਿ ਕੂਪਰ ਹਸਪਤਾਲ ਵਲੋਂ ਸੁਸ਼ਾਂਤ ਸਿੰਘ ਦੇ ਪੋਸਟਮਾਰਟਮ ਦੀ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਗਈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਪੋਸਟਮਾਰਟਮ ਜਲਦਬਾਜ਼ੀ ’ਚ ਕੀਤਾ ਗਿਆ।

ਇਹ ਵੀ ਦੋਸ਼ ਹੈ ਕਿ ਮੁੰਬਈ ਪੁਲਸ ਦੇ ਅਧਿਕਾਰੀਆਂ ਨੇ ਸੁਸ਼ਾਂਤ ਦੇ ਪੋਸਟਮਾਰਟਮ ’ਚ ਸ਼ਾਮਲ ਡਾਕਟਰਾਂ ਦੀ ਟੀਮ ’ਤੇ ਦਬਾਅ ਪਾਇਆ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਵੇਂ ਪ੍ਰਸ਼ਾਸਨ ਇਕ ਲਾਸ਼ ਦੇ ਪੋਸਟਮਾਰਟਮ ਦੌਰਾਨ ਆਪਣੀ ਤਾਕਤ ਤੇ ਅਧਿਕਾਰ ਦੀ ਦੁਰਵਰਤੋਂ ਕਰ ਰਹੇ ਸਨ। ਉਨ੍ਹਾਂ ਦੀ ਤਰਫ਼ੋਂ ਕਿਹਾ ਗਿਆ ਕਿ ਸੁਸ਼ਾਂਤ ਦੇ ਸਰੀਰ ਦੀ ਇੱਜ਼ਤ ਤੇ ਅਧਿਕਾਰਾਂ ਦੀ ਰੱਖਿਆ ਲਈ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News