Birth Anniversary : ਜ਼ਿੰਦਾਦਿਲ ਸ਼ਖ਼ਸੀਅਤ ਸੀ ਸੁਸ਼ਾਂਤ ਸਿੰਘ ਰਾਜਪੂਤ, ‘ਪੀਕੇ’ ’ਚ 15 ਮਿੰਟ ਦੇ ਰੋਲ ਲਈ ਲਏ ਸਿਰਫ਼ 21 ਰੁਪਏ
Sunday, Jan 21, 2024 - 12:28 PM (IST)
ਮੁੰਬਈ (ਬਿਊਰੋ)– ਅੱਜ ਸੁਸ਼ਾਂਤ ਸਿੰਘ ਰਾਜਪੂਤ ਦਾ 38ਵਾਂ ਜਨਮਦਿਨ ਹੈ। ਸੁਸ਼ਾਂਤ ਹਿੰਦੀ ਸਿਨੇਮਾ ਦਾ ਉੱਭਰਦਾ ਸਿਤਾਰਾ ਸੀ, ਜਿਸ ਨੂੰ ਹਰ ਵਰਗ ਦੇ ਦਰਸ਼ਕ ਪਸੰਦ ਕਰਦੇ ਸਨ। ਆਪਣੇ ਕਰੀਅਰ ’ਚ ਉਸ ਨੇ ਬਹੁਤ ਸਾਰੀਆਂ ਫ਼ਿਲਮਾਂ ਦਿੱਤੀਆਂ ਤੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਵਲੋਂ ਵੀ ਬਹੁਤ ਸਰਾਹਿਆ ਗਿਆ। ਫ਼ਿਲਮੀ ਦੁਨੀਆ ਤੋਂ ਇਲਾਵਾ ਸੁਸ਼ਾਂਤ ਆਪਣੀ ਨਿੱਜੀ ਜ਼ਿੰਦਗੀ ’ਚ ਵੀ ਬਹੁਤ ਦਿਲਚਸਪ ਤੇ ਜ਼ਿੰਦਾਦਿਲ ਵਿਅਕਤੀ ਸਨ।
ਇਹ ਖ਼ਬਰ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਇੰਟਰਵਿਊ, ਸਲਮਾਨ ਖ਼ਾਨ ਨੂੰ ਫਿਰ ਦਿੱਤੀ ਧਮਕੀ, ਕਿਹਾ– ‘ਨਹੀਂ ਛੱਡਾਂਗੇ’
‘ਕਾਈ ਪੋ ਚੇ’ ਨਾਲ ਕੀਤੀ ਫ਼ਿਲਮੀ ਸ਼ੂਰੂਆਤ
ਸੁਸ਼ਾਂਤ ਦਾ ਜਨਮ 21 ਜਨਵਰੀ, 1986 ਨੂੰ ਬਿਹਾਰ ਦੇ ਪਟਨਾ ਸ਼ਹਿਰ ’ਚ ਹੋਇਆ ਸੀ। ਮਰਹੂਮ ਅਦਾਕਾਰ ਸੁਸ਼ਾਂਤ ਚਾਰ ਭੈਣਾਂ ਦੇ ਇਕਲੌਤੇ ਭਰਾ ਸਨ। ਜਿਵੇਂ-ਜਿਵੇਂ ਸੁਸ਼ਾਂਤ ਵੱਡਾ ਹੋਇਆ, ਉਸ ਦੀਆਂ ਅੱਖਾਂ ’ਚ ਵੀ ਕਈ ਵੱਡੇ ਸੁਪਨੇ ਸਨ, ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦਾ ਸੀ। ਉਸ ਦਾ ਇਕ ਸੁਪਨਾ ਅਦਾਕਾਰ ਬਣਨਾ ਸੀ। ਉਸ ਨੇ ਇਹ ਸੁਪਨਾ ਵੀ ਪੂਰਾ ਕੀਤਾ। ਮਸ਼ਹੂਰ ਟੀ. ਵੀ. ਸੀਰੀਅਲ ‘ਪਵਿੱਤਰ ਰਿਸ਼ਤਾ’ ਨਾਲ ਸੁਸ਼ਾਂਤ ਹਰ ਘਰ ’ਚ ਜਾਣੇ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2013 ’ਚ ਫ਼ਿਲਮ ‘ਕਾਈ ਪੋ ਚੇ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਦਰਸ਼ਕ ਸੁਸ਼ਾਂਤ ਦੀ ਪਹਿਲੀ ਫ਼ਿਲਮ ਤੋਂ ਹੀ ਉਨ੍ਹਾਂ ਦੇ ਫੈਨ ਬਣ ਗਏ ਸਨ। ਇਸ ਦੇ ਨਾਲ ਹੀ ਬਾਲੀਵੁੱਡ ਹਸਤੀਆਂ ਵੀ ਉਸ ਦੀ ਪ੍ਰਤਿਭਾ ਦੀ ਮੁਰੀਦ ਹੋ ਗਈਆਂ।
‘ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ’ ਬਣੀ ਟਰਨਿੰਗ ਪੁਆਇੰਟ
ਫ਼ਿਲਮ ‘ਕਾਈ ਪੋ ਚੇ’ ਤੋਂ ਬਾਅਦ ਸੁਸ਼ਾਂਤ ਨੂੰ ‘ਸ਼ੁੱਧ ਦੇਸੀ ਰੋਮਾਂਸ’, ‘ਪੀਕੇ’ ਤੇ ‘ਡਿਟੈਕਟਿਵ ਬਿਓਮਕੇਸ਼ ਬਖਸ਼ੀ’ ’ਚ ਦੇਖਿਆ ਗਿਆ ਸੀ ਪਰ ਉਨ੍ਹਾਂ ਦੇ ਕਰੀਅਰ ਦਾ ਮੋੜ 2016 ’ਚ ਆਈ ਫ਼ਿਲਮ ‘ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ’ ਸੀ। ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ’ਤੇ ਆਧਾਰਿਤ ਇਸ ਫ਼ਿਲਮ ਨੇ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਸੁਸ਼ਾਂਤ ‘ਕੇਦਾਰਨਾਥ’ ਤੇ ‘ਸੋਨਚਿੜੀਆ’ ’ਚ ਵੀ ਨਜ਼ਰ ਆਏ, ਜਿਨ੍ਹਾਂ ਦੀ ਕਾਫੀ ਤਾਰੀਫ਼ ਹੋਈ। ਵੱਡੇ ਪਰਦੇ ’ਤੇ ਰਿਲੀਜ਼ ਹੋਈ ਸੁਸ਼ਾਂਤ ਦੀ ਆਖਰੀ ਫ਼ਿਲਮ ‘ਛਿਛੋਰੇ’ ਸੀ।
‘ਪੀਕੇ’ ’ਚ 15 ਮਿੰਟ ਦੇ ਰੋਲ ਲਈ ਲਏ ਸਿਰਫ਼ 21 ਰੁਪਏ
ਸੁਸ਼ਾਂਤ ਇਕ ਮਹਾਨ ਅਦਾਕਾਰ ਹੋਣ ਦੇ ਨਾਲ-ਨਾਲ ਵੱਡੇ ਦਿਲ ਵਾਲੇ ਵੀ ਸਨ। ਆਪਣੀ ਹਰ ਫ਼ਿਲਮ ਲਈ ਕਰੋੜਾਂ ਰੁਪਏ ਵਸੂਲਣ ਵਾਲੇ ਸੁਸ਼ਾਂਤ ਨੇ ਰਾਜਕੁਮਾਰ ਹਿਰਾਨੀ ਦੀ ਫ਼ਿਲਮ ‘ਪੀਕੇ’ ’ਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਇਸ ਫ਼ਿਲਮ ’ਚ 15 ਮਿੰਟ ਦੀ ਭੂਮਿਕਾ ਲਈ ਰਾਜਕੁਮਾਰ ਹਿਰਾਨੀ ਤੋਂ ਕੋਈ ਪੈਸਾ ਨਹੀਂ ਲਿਆ। ਬਾਅਦ ’ਚ ਹਿਰਾਨੀ ਨੇ ਉਸ ਨੂੰ 21 ਰੁਪਏ ਤੋਹਫ਼ੇ ਵਜੋਂ ਦਿੱਤੇ ਤੇ ਸੁਸ਼ਾਂਤ ਨੇ ਖ਼ੁਸ਼ੀ-ਖ਼ੁਸ਼ੀ ਲੈ ਲਏ।
2020 ’ਚ ਆਖਿਆ ਦੁਨੀਆ ਨੂੰ ਅਲਵਿਦਾ
ਸੁਸ਼ਾਂਤ ਨੇ ਸਾਲ 2020 ’ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਓ. ਟੀ. ਟੀ. ’ਤੇ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਫ਼ਿਲਮ ’ਚ ਸੁਸ਼ਾਂਤ ਦੇ ਕਿਰਦਾਰ ਦੀ ਸਾਰਿਆਂ ਨੇ ਤਾਰੀਫ਼ ਕੀਤੀ। ਅੱਜ ਸੁਸ਼ਾਂਤ ਦੇ ਜਨਮਦਿਨ ਦੇ ਮੌਕੇ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਨੂੰ ਯਾਦ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।