''ਬਟਵਾਰੇ'' ਦੀਆਂ ਤਸਵੀਰਾਂ ਦੇਖ ਭਾਵੁਕ ਹੋਏ ਸੰਨੀ ਤੇ ਕਰਨ ਦਿਓਲ ! ''ਜਗਬਾਣੀ'' ਨਾਲ ਸਾਂਝੇ ਕੀਤੇ ਆਪਣੇ ਜਜ਼ਬਾਤ

Thursday, Aug 13, 2026 - 01:50 PM (IST)

''ਬਟਵਾਰੇ'' ਦੀਆਂ ਤਸਵੀਰਾਂ ਦੇਖ ਭਾਵੁਕ ਹੋਏ ਸੰਨੀ ਤੇ ਕਰਨ ਦਿਓਲ ! ''ਜਗਬਾਣੀ'' ਨਾਲ ਸਾਂਝੇ ਕੀਤੇ ਆਪਣੇ ਜਜ਼ਬਾਤ

ਐਂਟਰਟੇਨਮੈਂਟ ਡੈਸਕ- ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਦੌਰਾਨ ਆਪਣੀ ਆਉਣ ਵਾਲੀ ਫਿਲਮ 'ਬਟਵਾਰਾ 1947' ਵਿੱਚ ਨਿਭਾਏ ਗਏ ਆਪਣੇ ਮੁਸਲਿਮ ਕਿਰਦਾਰ ਦੇ ਨਾਲ-ਨਾਲ ਪੰਜਾਬ ਅਤੇ ਆਪਣੇ ਜੱਦੀ ਪਿੱਡ ਸਾਹਨੇਵਾਲ ਨਾਲ ਜੁੜੀਆਂ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ। ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਤ, "ਬਟਵਾਰਾ 1947" ਵਿੱਚ ਸੰਨੀ ਦਿਓਲ ਦੇ ਨਾਲ ਸ਼ਬਾਨਾ ਆਜ਼ਮੀ, ਪ੍ਰੀਤੀ ਜ਼ਿੰਟਾ, ਕਰਨ ਦਿਓਲ, ਅਲੀ ਫ਼ਜ਼ਲ ਅਤੇ ਅਭਿਮਨਿਊ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ ਭਾਰਤ ਦੀ ਵੰਡ ਦੇ ਪਿਛੋਕੜ 'ਤੇ ਆਧਾਰਿਤ ਹੈ ਅਤੇ ਉਸ ਸਮੇਂ ਲੋਕਾਂ ਦੇ ਜੀਵਨ 'ਤੇ ਪਏ ਪ੍ਰਭਾਵ ਦੇ ਨਾਲ-ਨਾਲ ਮਨੁੱਖੀ ਭਾਵਨਾਵਾਂ, ਉਮੀਦ ਅਤੇ ਮੁਸੀਬਤਾਂ ਦੇ ਸਾਹਮਣੇ ਦ੍ਰਿੜਤਾ ਦੀ ਕਹਾਣੀ ਪੇਸ਼ ਕਰਦੀ ਹੈ। ਇਹ ਫਿਲਮ 14 ਅਗਸਤ 2026 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

ਹਾਲ ਹੀ 'ਚ ਅਦਾਕਾਰ ਸੰਨੀ ਦਿਓਲ ਅਤੇ ਉਨ੍ਹਾਂ ਦੇ ਪੁੱਤਰ ਕਰਨ ਦਿਓਲ ਨੇ ਅੰਮ੍ਰਿਤਸਰ ਦੇ 'ਪਾਰਟੀਸ਼ਨ ਮਿਊਜ਼ੀਅਮ' ਦਾ ਦੌਰਾ ਕੀਤਾ। ਇਸ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆਏ। ਜਦੋਂ ਇੰਟਰਵਿਊ ਦੌਰਾਨ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਇਸ ਮਿਊਜ਼ੀਅਮ ਦਾ ਦੌਰਾ ਕਰਨ ਮਗਰੋਂ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ ਤਾਂ ਸੰਨੀ ਦਿਓਲ ਨੇ ਕਿਹਾ ਇਸ ਮਿਊਜ਼ੀਅਮ ਦਾ ਦੌਰਾ ਕਰਨ ਮਗਰੋਂ ਉਨ੍ਹਾਂ ਅੰਦਰ ਕਾਫੀ ਕੁੱਝ ਚੱਲ ਰਿਹਾ ਹੈ, ਜਿਸ ਨੂੰ ਉਹ ਬਿਆਨ ਨਹੀਂ ਕਰ ਸਕਦੇ,  ਕਿਉਂਕਿ ਉਸ ਸਮੇਂ ਜੋ ਵੀ ਹੋਇਆ ਸੀ ਬਹੁਤ ਬੁਰਾ ਹੋਇਆ ਸੀ ਅਤੇ ਸਾਡੀ ਫਿਲਮ ਵੀ ਇਹੀ ਸਭ ਕੁੱਝ ਦਿਖਾ ਰਹੀ ਹੈ ਕਿ ਕੀ ਸਹੀ ਸੀ ਅਤੇ ਕੀ ਗਲਤ। ਸੰਨੀ ਦਿਓਲ ਇਸ ਫਿਲਮ ਵਿੱਚ ਸਿਕੰਦਰ ਮਿਰਜ਼ਾ ਨਾਂ ਦੇ ਇਕ ਆਦਰਸ਼ਵਾਦੀ ਮੁਸਲਮਾਨ ਦਾ ਕਿਰਦਾਰ ਨਿਭਾ ਰਹੇ ਹਨ।

ਗੱਲਬਾਤ ਦੌਰਾਨ ਸੰਨੀ ਦਿਓਲ ਨੇ ਦੱਸਿਆ ਕਿ ਇਹ ਫਿਲਮ ਕਿਸੇ ਪ੍ਰੋਪਗੈਂਡਾ 'ਤੇ ਨਹੀਂ ਸਗੋਂ ਇਨਸਾਨੀਅਤ ਦੀ ਲੜਾਈ 'ਤੇ ਆਧਾਰਿਤ ਹੈ ਅਤੇ ਅੱਜ ਦੀ ਨਵੀਂ ਪੀੜ੍ਹੀ ਨੂੰ ਇਹ ਅਹਿਸਸ ਕਰਾਉਣਾ ਜ਼ਰੂਰੀ ਹੈ ਕਿ ਗੁੱਸੇ ਦਾ ਨੁਕਸਾਨ ਕੀ ਹੁੰਦਾ ਹੈ। ਇਸ ਫ਼ਿਲਮ 'ਚ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ। ਇਸ ਮੌਕੇ ਕਰਨ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਦੱਸਿਆ ਕਿ ਉਹ ਇਸ ਸਮੇਂ ਅੰਦਰੋਂ ਬਹੁਤ ਭਾਵੁਕ ਮਹਿਸੂਸ ਕਰ ਰਹੇ ਹਨ। ਕਰਨ ਨੇ ਇਸ ਫਿਲਮ ਵਿੱਚ ਆਪਣੀ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ, ਇਸ ਫਿਲਮ ਵਿੱਚ ਜੋ ਮੇਰਾ ਕਰੈਕਟਰ ਹੈ ਉਸ ਨੂੰ ਇਸ ਬਾਰੇ ਕੁੱਝ ਨਹੀਂ ਪਤਾ ਹੈ ਕਿ ਇਹ ਕਿਉਂ ਹੋ ਰਿਹਾ ਹੈ। ਕਿਉਂਕਿ ਇਕ ਦਿਨ ਉਸ ਨੂੰ ਅਚਾਨਕ ਆਪਣੇ ਦੋਸਤਾਂ ਅਤੇ ਘਰ ਨੂੰ ਛੱਡ ਕੇ ਜਾਣਾ ਪੈਂਦਾ ਹੈ। ਕਰਨ ਦਿਓਲ ਜੋ ਇਸ ਫਿਲਮ ਵਿੱਚ ਸੰਨੀ ਦੇ ਪੁੱਤਰ ਦਾ ਕਿਰਦਾਰ ਨਿਭਾ ਰਹੇ ਹਨ, ਨੇ ਕਿਹਾ ਪਾਪਾ ਨਾਲ ਸਕ੍ਰੀਨ ਸ਼ੇਅਰ ਕਰਨਾ ਉਨ੍ਹਾਂ ਲਈ ਇਕ ਸੁਪਨਾ ਪੂਰਾ ਹੋਣ ਵਾਂਗ ਸੀ।

ਗੱਲਬਾਤ ਦੌਰਾਨ ਜਦੋਂ ਸੰਨੀ ਨੂੰ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੇ ਕਰਨ ਨੂੰ ਪੰਜਾਬ ਦਿਖਾਉਣਾ ਹੋਵੇ ਤਾਂ ਉਹ ਸਭ ਤੋਂ ਪਹਿਲਾਂ ਕਿੱਥੇ ਲੈ ਕੇ ਜਾਣਗੇ, ਜਿਸ 'ਤੇ ਉਨ੍ਹਾਂ ਨੇ ਤੁਰੰਤ ਕਿਹਾ ਕਿ ਉਹ ਕਰਨ ਨੂੰ ਆਪਣੇ ਜਨਮ ਸਥਾਨ ਸਾਹਨੇਵਾਲ ਲੈ ਕੇ ਜਾਣਗੇ ਅਤੇ ਫਿਰ ਆਪਣੇ ਪਿਤਾ ਧਰਮਿੰਦਰ ਦੇ ਪਿੰਡ ਡਾਂਗੋ ਵੀ ਲੈ ਕੇ ਜਾਣਗੇ। ਸੰਨੀ ਦਿਓਲ ਨੇ ਆਪਣੀਆਂ ਬਚਪਨ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਉਨ੍ਹਾਂ ਦੱਸਿਆ ਕਿ ਕਿਵੇਂ ਸਵੇਰੇ 5 ਵਜੇ ਉੱਠ ਕੇ ਉਹ ਗੱਡਿਆਂ ਦੇ ਪਿੱਛੇ ਬੈਠ ਕੇ ਖੇਤਾਂ ਵਿੱਚ ਜਾਂਦੇ ਸਨ। ਉਨ੍ਹਾਂ ਮਹਿਸੂਸ ਕੀਤਾ ਕਿ ਭਾਵੇਂ ਅੱਜ ਸਮਾਂ ਬਦਲ ਗਿਆ ਹੈ ਅਤੇ ਚੀਜ਼ਾਂ ਆਧੁਨਿਕ ਹੋ ਗਈਆਂ ਹਨ ਪਰ ਉਹ ਪੁਰਾਣੀਆਂ ਯਾਦਾਂ ਅੱਜ ਵੀ ਉਨ੍ਹਾਂ ਦੇ ਦਿਲ ਵਿੱਚ ਵਸੀਆਂ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਓਲ ਪਰਿਵਾਰ ਅੱਜ ਵੀ ਆਪਣੇ ਘਰ ਦੇ ਮਾਹੌਲ ਨੂੰ ਪੰਜਾਬੀ ਸੱਭਿਆਚਾਰ ਅਤੇ ਨਿਮਰਤਾ ਨਾਲ ਜੋੜ ਕੇ ਰੱਖਦਾ ਹੈ, ਜੋ ਉਨ੍ਹਾਂ ਨੂੰ ਆਪਣੇ ਪਿਤਾ ਧਰਮਿੰਦਰ ਤੋਂ ਵਿਰਾਸਤ ਵਿੱਚ ਮਿਲਿਆ ਹੈ।


author

cherry

Content Editor

Related News