''ਬਾਰਡਰ 2'' ਦੀ ਵੱਡੀ ਸਫਲਤਾ ਦਾ ਸੰਨੀ ਦਿਓਲ ਨੇ ਮਨਾਇਆ ਜਸ਼ਨ, ਪ੍ਰਸ਼ੰਸਕਾਂ ਦਾ ਕੀਤਾ ਤਹਿ ਦਿਲੋਂ ਧੰਨਵਾਦ
Saturday, Jan 31, 2026 - 10:03 AM (IST)
ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਇਨੀਂ ਦਿਨੀਂ ਆਪਣੀ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ 'ਬਾਰਡਰ 2' ਦੀ ਸ਼ਾਨਦਾਰ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਜੰਗੀ ਡਰਾਮਾ ਫ਼ਿਲਮ ਦੀ ਬਾਕਸ ਆਫਿਸ 'ਤੇ ਵੱਡੀ ਜਿੱਤ ਦੀ ਖੁਸ਼ੀ ਵਿਚ ਸੰਨੀ ਦਿਓਲ ਨੇ ਆਪਣੀ ਟੀਮ ਨਾਲ ਮਿਲ ਕੇ ਕੇਕ ਕੱਟ ਕੇ ਜਸ਼ਨ ਮਨਾਇਆ।
ਟੀਮ ਨਾਲ ਮਿਲ ਕੇ ਗਾਇਆ 'ਹੈਪੀ ਬਾਰਡਰ ਟੂ ਮੀ'
ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀ ਟੀਮ ਦੇ ਮੈਂਬਰਾਂ ਨਾਲ ਘਿਰੇ ਹੋਏ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਖ਼ੁਸ਼ੀ ਦੇ ਮੌਕੇ 'ਤੇ ਉਨ੍ਹਾਂ ਦੀ ਟੀਮ ਨੇ "ਹੈਪੀ ਬਾਰਡਰ ਟੂ ਯੂ... ਹੈਪੀ ਬਾਰਡਰ ਟੂ ਸੰਨੀ ਜੀ" ਗਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸੰਨੀ ਵੀ ਬੜੇ ਉਤਸ਼ਾਹ ਨਾਲ ਉਨ੍ਹਾਂ ਦੇ ਨਾਲ ਗਾਉਂਦੇ ਦਿਖਾਈ ਦਿੱਤੇ। ਵੀਡੀਓ ਵਿਚ ਉਨ੍ਹਾਂ ਨੂੰ ਬੜੇ ਪਿਆਰ ਨਾਲ ਇਹ ਕਹਿੰਦੇ ਵੀ ਸੁਣਿਆ ਗਿਆ, "ਮੈਨੂੰ ਕੋਈ ਖੁਆ ਦੇਵੇਗਾ ਕੀ?
ਦਰਸ਼ਕਾਂ ਦਾ ਜਤਾਇਆ ਆਭਾਰ
ਫ਼ਿਲਮ ਨੂੰ ਮਿਲ ਰਹੇ ਭਰਵੇਂ ਹੁੰਗਾਰੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਸੰਨੀ ਦਿਓਲ ਨੇ ਪ੍ਰਸ਼ੰਸਕਾਂ ਲਈ ਇਕ ਭਾਵੁਕ ਵੀਡੀਓ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਫ਼ਿਲਮ ਨੂੰ ਮਿਲੇ ਪਿਆਰ ਅਤੇ ਗਰਮਜੋਸ਼ੀ ਲਈ ਉਹ ਬਹੁਤ ਸ਼ੁਕਰਗੁਜ਼ਾਰ ਹਨ ਅਤੇ ਇਹ ਪਿਆਰ ਉਨ੍ਹਾਂ ਦੇ ਦਿਲਾਂ ਤੱਕ ਪਹੁੰਚਿਆ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, "ਮੇਰੀ, ਤੁਹਾਡੀ, ਸਾਡੀ #Border2 ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ"।
1971 ਦੀ ਜੰਗ 'ਤੇ ਅਧਾਰਤ ਹੈ ਫ਼ਿਲਮ
ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 23 ਜਨਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਸੀ। ਇਹ ਜੇ.ਪੀ. ਦੱਤਾ ਦੀ ਸੁਪਰਹਿੱਟ ਫ਼ਿਲਮ 'ਬਾਰਡਰ' ਦਾ ਸੀਕਵਲ ਹੈ, ਜੋ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਸਾਂਝੇ ਆਪ੍ਰੇਸ਼ਨਾਂ ਦੇ ਦੁਆਲੇ ਘੁੰਮਦੀ ਹੈ। ਫ਼ਿਲਮ ਵਿਚ ਸੰਨੀ ਦਿਓਲ ਦੇ ਨਾਲ-ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ਵਿਚ ਹਨ, ਜਦਕਿ ਮੋਨਾ ਸਿੰਘ ਅਤੇ ਸੋਨਮ ਬਾਜਵਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
