ਭਾਣਜੇ ਕ੍ਰਿਸ਼ਣਾ ਅਭਿਸ਼ੇਕ ’ਤੇ ਬੁਰੀ ਤਰ੍ਹਾਂ ਨਾਲ ਭੜਕੀ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ

2021-09-10T12:24:23.327

ਮੁੰਬਈ (ਬਿਊਰੋ)– ਕ੍ਰਿਸ਼ਣਾ ਅਭਿਸ਼ੇਕ ਤੇ ਉਸ ਦੇ ਮਾਮਾ ਗੋਵਿੰਦਾ ਵਿਚਾਲੇ ਜਾਰੀ ਤਣਾਅ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਕ੍ਰਿਸ਼ਣਾ ਨੇ ਹਾਲ ਹੀ ’ਚ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਉਸ ਐਪੀਸੋਡ ’ਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ’ਚ ਗੋਵਿੰਦਾ ਆਪਣੇ ਪਰਿਵਾਰ ਨਾਲ ਨਜ਼ਰ ਆਉਣ ਵਾਲੇ ਸਨ। ਪਿਛਲੇ ਸਾਲ ਵੀ ਜਦੋਂ ਗੋਵਿੰਦਾ ਕਪਿਲ ਸ਼ਰਮਾ ਦੇ ਸ਼ੋਅ ’ਚ ਆਏ ਸਨ ਤਾਂ ਕ੍ਰਿਸ਼ਣਾ ਨੇ ਸ਼ੋਅ ਤੋਂ ਦੂਰੀ ਬਣਾ ਲਈ ਸੀ।

ਕ੍ਰਿਸ਼ਣਾ ਅਭਿਸ਼ੇਕ ਕੋਲੋਂ ਜਦੋਂ ਹਾਲ ਹੀ ’ਚ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੰਬੇ ਟਾਈਮਜ਼ ਨਾਲ ਗੱਲਬਾਤ ’ਚ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੋਵੇਂ ਪਾਰਟੀਆਂ ਇਕੱਠਿਆਂ ਸਟੇਜ ਸਾਂਝੀ ਨਹੀਂ ਕਰਨਾ ਚਾਹੁੰਦੀਆਂ। ਕ੍ਰਿਸ਼ਣਾ ਅਭਿਸ਼ੇਕ ਨੇ ਇਹ ਵੀ ਦੱਸਿਆ ਸੀ ਕਿ ਉਸ ਦੇ ਤੇ ਮਾਮਾ ਗੋਵਿੰਦਾ ਵਿਚਾਲੇ ਜੋ ਲੜਾਈ ਤੇ ਮਤਭੇਦ ਹਨ, ਉਹ ਅਜੇ ਵੀ ਖ਼ਤਮ ਨਹੀਂ ਹੋਏ।

ਇਹ ਖ਼ਬਰ ਵੀ ਪੜ੍ਹੋ : ਮਾਂ ਦੇ ਦਿਹਾਂਤ ਤੋਂ 2 ਦਿਨਾਂ ਬਾਅਦ ਕੰਮ ’ਤੇ ਵਾਪਸੀ ਕਰਨਗੇ ਅਕਸ਼ੇ ਕੁਮਾਰ

ਇਸ ਮਾਮਲੇ ’ਤੇ ਜਿਥੇ ਗੋਵਿੰਦਾ ਨੇ ਚੁੱਪੀ ਰੱਖੀ ਹੈ, ਉਥੇ ਹੁਣ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਕ੍ਰਿਸ਼ਣਾ ਅਭਿਸ਼ੇਕ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾਈਆਂ ਹਨ। ਸੁਨੀਤਾ ਆਹੂਜਾ ਨੇ ਸਾਫ-ਸਾਫ ਕਿਹਾ ਹੈ ਕਿ ਉਹ ਹੁਣ ਕ੍ਰਿਸ਼ਣਾ ਅਭਿਸ਼ੇਕ ਦੀ ਸ਼ਕਲ ਤਕ ਨਹੀਂ ਦੇਖਣਾ ਚਾਹੁੰਦੀ।

ਸੁਨੀਤਾ ਆਹੂਜਾ ਨੇ ਕਿਹਾ, ‘ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਕਿ ਕ੍ਰਿਸ਼ਣਾ ਨੇ ਉਸ ਐਪੀਸੋਡ ਦਾ ਹਿੱਸਾ ਨਾ ਬਣਨ ਲਈ ਮੇਰੇ ਪਰਿਵਾਰ ਬਾਰੇ ਜੋ ਗੱਲ ਆਖੀ ਹੈ, ਉਸ ਨਾਲ ਮੈਂ ਕਿੰਨੀ ਦੁਖੀ ਹਾਂ। ਕ੍ਰਿਸ਼ਣਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਸਟੇਜ ਸਾਂਝੀ ਨਹੀਂ ਕਰਨਾ ਚਾਹੁੰਦੀਆਂ ਸਨ। ਬੀਤੇ ਸਾਲ ਨਵੰਬਰ ’ਚ ਗੋਵਿੰਦਾ ਨੇ ਬਿਆਨ ਜਾਰੀ ਕਰਕੇ ਆਪਣਾ ਪੱਖ ਰੱਖਿਆ ਸੀ ਤੇ ਇਹ ਵੀ ਕਿਹਾ ਸੀ ਕਿ ਉਹ ਕਦੇ ਵੀ ਜਨਤਕ ਤੌਰ ’ਤੇ ਘਰ ਦੇ ਮਾਮਲਿਆਂ ਨੂੰ ਨਹੀਂ ਲਿਆਉਣਗੇ। ਗੋਵਿੰਦਾ ਆਪਣੀ ਗੱਲ ’ਤੇ ਕਾਇਮ ਰਹੇ। ਮੈਂ ਇਕ ਵਾਰ ਫਿਰ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਇਕ ਉੱਚ ਦੂਰੀ ਬਣਾਈ ਰੱਖਣਾ ਚਾਹੁੰਦੇ ਹਾਂ ਪਰ ਗੱਲ ਹੁਣ ਇਸ ਹੱਦ ਤਕ ਜਾ ਪਹੁੰਚੀ ਹੈ, ਜਿਥੇ ਮੈਨੂੰ ਲੱਗਦਾ ਹੈ ਕਿ ਇਸ ਮੁੱਦੇ ’ਤੇ ਗੱਲ ਕੀਤੀ ਜਾਣੀ ਚਾਹੀਦੀ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh