ਸੁਗੰਧਾ ਮਿਸ਼ਰਾ ਨੇ ਦੱਸਿਆ, ਕਿਵੇਂ ਸੁਨੀਲ ਗਰੋਵਰ ਦੇ ਛੱਡਣ ਤੋਂ ਬਾਅਦ ਬਦਲ ਗਿਆ ‘ਦਿ ਕਪਿਲ ਸ਼ਰਮਾ ਸ਼ੋਅ’
Saturday, Dec 26, 2020 - 01:31 PM (IST)
ਮੁੰਬਈ (ਬਿਊਰੋ)– ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਵਿਚਾਲੇ ਵਿਵਾਦ ਤੋਂ ਬਾਅਦ ਸੁਰਖੀਆਂ ’ਚ ਰਹੇ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਲੈ ਕੇ ਹੁਣ ਇਕ ਹੋਰ ਖੁਲਾਸਾ ਕੀਤਾ ਗਿਆ ਹੈ। ਅਸਲ ’ਚ ਇਹ ਖੁਲਾਸਾ ਕਾਮੇਡੀਅਨ ਸੁਗੰਧਾ ਮਿਸ਼ਰਾ ਨੇ ਕੀਤਾ ਹੈ। ਸੁਗੰਧਾ ਨੇ ਕਿਹਾ ਹੈ ਕਿ ਕਪਿਲ ਤੇ ਸੁਨੀਲ ਗਰੋਵਰ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਸ਼ੋਅ ਦਾ ਫਾਰਮੇਟ ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ। ਸੁਗੰਧਾ ਨੇ ਇਸ ਸ਼ੋਅ ਨੂੰ ਸਾਲ 2017 ’ਚ ਛੱਡ ਦਿੱਤਾ ਸੀ।
ਸੁਗੰਧਾ ਮਿਸ਼ਰਾ ਨੇ ਦੱਸਿਆ ਕਿ ਕਪਿਲ ਤੇ ਸੁਨੀਲ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਸਭ ਕੁਝ ਬਦਲ ਗਿਆ ਸੀ। ਸਾਨੂੰ ਲੱਗਾ ਕਿ ਹੁਣ ਸਾਡਾ ਸਫਰ ਇਥੇ ਖਤਮ ਹੋ ਜਾਵੇਗਾ। ਸੁਨੀਲ ਗਰੋਵਰ ਦੇ ਸ਼ੋਅ ਛੱਡ ਕੇ ਜਾਣ ਤੋਂ ਬਾਅਦ ਸ਼ੋਅ ਦਾ ਪੂਰਾ ਫਾਰਮੇਟ ਬਦਲ ਗਿਆ ਤੇ ਫਿਰ ਨਵੇਂ ਸਿਰੇ ਤੋਂ ਮੁੜ ਸਭ ਕੁਝ ਸ਼ੁਰੂ ਕਰਨਾ ਸੀ। ਸੁਗੰਧਾ ਨੇ ਦੱਸਿਆ, ‘ਇਸ ਵਿਵਾਦ ਨਾਲ ਸਾਰੀਆਂ ਚੀਜ਼ਾਂ ਬਦਲ ਗਈਆਂ। ਇਥੋਂ ਤਕ ਕਿ ਸਾਡੀ ਮਿਹਨਤ ’ਤੇ ਵੀ ਬ੍ਰੇਕ ਲੱਗ ਗਈ। ਇਸ ਸ਼ੋਅ ਨੂੰ ਲੈ ਕੇ ਅਸੀਂ ਬਹੁਤ ਸਾਰੇ ਸੁਪਨੇ ਦੇਖੇ ਸਨ ਪਰ ਇਕੋ ਝਟਕੇ ’ਚ ਹੀ ਸਾਰੇ ਸੁਪਨੇ ਟੁੱਟ ਗਏ। ਉਸ ਦਿਨ ਅਸੀਂ ਬੇਹੱਦ ਭਾਵੁਕ ਤੇ ਦੁਖੀ ਸੀ।’
ਸੁਗੰਧਾ ਨੇ ਦੱਸਿਆ ਕਿ ਹੁਣ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵਾਪਸੀ ਨਹੀਂ ਕਰੇਗੀ। ਸੁਗੰਧਾ ਨੇ ਕਿਹਾ, ‘ਉਸ ਸ਼ੋਅ ’ਚ ਜਾਣ ਦਾ ਮੇਰਾ ਕੋਈ ਪਲਾਨ ਨਹੀਂ ਹੈ। ਮੈਂ ਹੁਣ ਸਟਾਰ ਪਲੱਸ ’ਤੇ ਆਉਣ ਵਾਲੇ ਇਕ ਸ਼ੋਅ ਲਈ ਸ਼ੂਟ ਕਰ ਰਹੀ ਹਾਂ। ਇਨ੍ਹੀਂ ਦਿਨੀਂ ਮੈਂ ਬਹੁਤ ਰੁੱਝੀ ਹੋਈ ਹਾਂ। ਸਾਨੂੰ ਪੂਰਾ ਦਿਨ ਸ਼ੂਟ ’ਤੇ ਰਹਿਣਾ ਪੈਂਦਾ ਹੈ ਤੇ ਅਜੇ ਮੇਰੇ ਕੋਲ ਕੋਈ ਹੋਰ ਕੰਮ ਕਰਨ ਦਾ ਸਮਾਂ ਨਹੀਂ ਹੈ।’
ਦੱਸਣਯੋਗ ਹੈ ਕਿ ਸੁਗੰਧਾ ਸਮੇਤ ਸੁਨੀਲ ਨੇ ਸਾਲ 2017 ’ਚ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਛੱਡ ਦਿੱਤਾ ਸੀ। ਇਕ ਫਲਾਈਟ ’ਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਦੋਵਾਂ ’ਚ ਦੂਰੀਆਂ ਵੱਧ ਗਈਆਂ। ਸੁਨੀਲ ਗਰੋਵਰ ਨੇ ਇਸ ਤੋਂ ਬਾਅਦ ਸ਼ੋਅ ਨੂੰ ਛੱਡਣ ਦਾ ਮਨ ਬਣਾ ਲਿਆ। ਉਥੇ ਸੁਗੰਧਾ ਵੀ ਸੁਨੀਲ ਦੇ ਸ਼ੋਅ ਛੱਡ ਕੇ ਜਾਣ ਤੋਂ ਬਾਅਦ ਇਸ ਸ਼ੋਅ ਤੋਂ ਵੱਖ ਹੋ ਗਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।