‘ਡੌਨ 3’ ’ਚ ਸ਼ਾਹਰੁਖ ਨਾਲ ਹੋਣ ਵਾਲੇ ਸਨ ਅਮਿਤਾਭ-ਰਣਵੀਰ ਪਰ ਇਸ ਕਰਕੇ ਬਦਲਣੀ ਪਈ ਸਕ੍ਰਿਪਟ

Tuesday, Sep 20, 2022 - 05:45 PM (IST)

‘ਡੌਨ 3’ ’ਚ ਸ਼ਾਹਰੁਖ ਨਾਲ ਹੋਣ ਵਾਲੇ ਸਨ ਅਮਿਤਾਭ-ਰਣਵੀਰ ਪਰ ਇਸ ਕਰਕੇ ਬਦਲਣੀ ਪਈ ਸਕ੍ਰਿਪਟ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਨੂੰ ‘ਡੌਨ’ ਦੇ ਅੰਦਾਜ਼ ’ਚ ਦੇਖ ਕੇ ਪ੍ਰਸ਼ੰਸਕ ਇੰਨੇ ਖ਼ੁਸ਼ ਹੋਏ ਕਿ 2011 ’ਚ ਆਈ ‘ਡੌਨ 2’ ਤੋਂ ਬਾਅਦ ਲਗਾਤਾਰ ‘ਡੌਨ 3’ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਨੂੰ ਲੈ ਕੇ ਮਾਹੌਲ ਅਜਿਹਾ ਹੈ ਕਿ ਸ਼ਾਹਰੁਖ ਜੇਕਰ ਅੱਜ ਅਚਾਨਕ ‘ਡੌਨ 3’ ਦਾ ਐਲਾਨ ਕਰਨ ਤਾਂ ਇੰਟਰਨੈੱਟ ’ਤੇ ਤੂਫ਼ਾਨ ਆ ਜਾਵੇਗਾ।

ਪਿਛਲੇ ਕੁਝ ਸਮੇਂ ਤੋਂ ਇਸ ਫੈਨ ਫੇਵਰੇਟ ਪ੍ਰਾਜੈਕਟ ਨੂੰ ਲੈ ਕੇ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਕਦੇ ਕਿਹਾ ਜਾਂਦਾ ਹੈ ਕਿ ਸਕ੍ਰਿਪਟ ’ਤੇ ਕੰਮ ਚੱਲ ਰਿਹਾ ਹੈ, ਕਦੇ ਰਿਪੋਰਟ ਕਹਿੰਦੀ ਹੈ ਕਿ ਇਸ ਫ੍ਰੈਂਚਾਇਜ਼ੀ ਨੂੰ ਹੀ ਅਜੇ ਅੱਗੇ ਨਹੀਂ ਵਧਾਇਆ ਜਾ ਰਿਹਾ ਹੈ।

ਹੁਣ ਜੋ ਤਾਜ਼ਾ ਰਿਪੋਰਟ ਆਈ ਹੈ, ਉਸ ਦਾ ਕਹਿਣਾ ਹੈ ਕਿ ਫਰਹਾਨ ਨੇ ਹਾਲ ਹੀ ’ਚ ਸ਼ਾਹਰੁਖ ਨੂੰ ਇਕ ਸਕ੍ਰਿਪਟ ਤਾਂ ਸੁਣਾਈ ਹੈ ਤੇ ਇਸ ਸਕ੍ਰਿਪਟ ’ਚ ਦੋ ਅਜਿਹੇ ਜ਼ਬਰਦਸਤ ਐਂਗਲ ਹਨ, ਜਿਨ੍ਹਾਂ ਨੂੰ ਸੁਣ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੱਧ ਜਾਵੇਗਾ ਪਰ ਸ਼ਾਹਰੁਖ ਇਸ ਨਾਲ ਪੂਰੀ ਤਰ੍ਹਾਂ ਰਾਜ਼ੀ ਨਹੀਂ ਦਿਖੇ, ਇਸ ਲਈ ਫਰਹਾਨ ਨੇ ਅਜੇ ਰਾਈਟਿੰਗ ’ਤੇ ਹੋਰ ਸਮਾਂ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ

ਫਰਹਾਨ ਨੇ ਸਕ੍ਰਿਪਟ ’ਚ ਜੋ ਆਇਡੀਆ ਰੱਖਿਆ ਸੀ, ਉਸ ਹਿਸਾਬ ਨਾਲ ਤਾਂ ‘ਡੌਨ 3’ ਆਪਣੇ ਆਪ ’ਚ ‘ਡੌਨ ਯੂਨੀਵਰਸ’ ਬਣਾਉਣ ਵਾਲੀ ਸੀ। ਸਕ੍ਰੀਨ ’ਤੇ ਆਰੀਜਨਲ ‘ਡੌਨ’ ਬਾਲੀਵੁੱਡ ਦੇ ਮਹਾਨਾਇਕ ਮੰਨੇ ਜਾਣ ਵਾਲੇ ਅਮਿਤਾਭ ਬੱਚਨ ਹਨ, ਇਹ ਤਾਂ ਸਾਰੇ ਜਾਣਦੇ ਹਨ। ਉਨ੍ਹਾਂ ਦੇ ਡਬਲ ਰੋਲ ਵਾਲੀ ‘ਡੌਨ’ 1978 ’ਚ ਰਿਲੀਜ਼ ਹੋਈ ਸੀ। ਸ਼ਾਹਰੁਖ ਖ਼ਾਨ ਵਾਲੀ ਪਹਿਲੀ ‘ਡੌਨ’ ਇਸੇ ਦਾ ਰੀਮੇਕ ਸੀ ਪਰ ਇਕ ਨਵੇਂ ਟੱਚ ਨਾਲ।

ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਦੱਸਦੀ ਹੈ ਕਿ ਫਰਹਾਨ ਨੇ ਸ਼ਾਹਰੁਖ ਨੂੰ ਜਿਸ ਸਕ੍ਰਿਪਟ ਦੀ ਨਰੇਸ਼ਨ ਦਿੱਤੀ, ਉਸ ’ਚ ਅਮਿਤਾਭ ਬੱਚਨ ਲਈ ਵੀ ਇਕ ਬਹੁਤ ਮਹੱਤਵਪੂਰਨ ਰੋਲ ਲਿਖਿਆ ਗਿਆ ਸੀ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਅਮਿਤਾਭ ‘ਡੌਨ’ ਫ਼ਿਲਮ ਵਾਲਾ ਆਪਣਾ ਕਿਰਦਾਰ ਨਿਭਾਉਂਦੇ ਜਾਂ ਉਨ੍ਹਾਂ ਲਈ ਕੋਈ ਨਵਾਂ ਰੋਲ ਲਿਖਿਆ ਗਿਆ ਸੀ।

ਸ਼ਾਹਰੁਖ ਤੇ ਅਮਿਤਾਭ ਦੇ ਇਕੱਠਿਆਂ ਆਉਣ ਦੀ ਗੱਲ ਤੋਂ ਜੇਕਰ ਤੁਸੀਂ ਉਤਸ਼ਾਹਿਤ ਨਹੀਂ ਹੋ ਰਹੇ ਤਾਂ ਕਹਾਣੀ ’ਚ ਇਕ ਹੋਰ ਮਸਾਲਾ ਹੈ। ਫਰਹਾਨ ਨੇ ਆਪਣੀ ਸਕ੍ਰਿਪਟ ’ਚ ਰਣਵੀਰ ਸਿੰਘ ਲਈ ਇਕ ਕੈਮਿਓ ਵੀ ਲਿਖਿਆ ਗਿਆ ਸੀ। ਹਾਲਾਂਕਿ ਇਹ ਇਕ ਬਹੁਤ ਮਹੱਤਵਪੂਰਨ ਕਿਰਦਾਰ ਹੋਣ ਵਾਲਾ ਸੀ ਕਿਉਂਕਿ ਰਣਵੀਰ ਇਕ ਨਵੇਂ ‘ਡੌਨ’ ਦੇ ਕਿਰਦਾਰ ’ਚ ਨਜ਼ਰ ਆਉਂਦੇ। ਰਿਪੋਰਟ ਦੱਸਦੀ ਹੈ ਕਿ ਫਰਹਾਨ ‘ਡੌਨ 3’ ’ਚ ਰਣਵੀਰ ਦੇ ਕਿਰਦਾਰ ਨੂੰ ਨਵਾਂ ‘ਡੌਨ’ ਬਣਾ ਕੇ ਅੱਗੇ ਦੀਆਂ ਕਹਾਣੀਆਂ ਲਈ ਰਸਤਾ ਬਣਾ ਰਹੇ ਸਨ ਪਰ ਇਹ ਸਕ੍ਰਿਪਟ ਸ਼ਾਹਰੁਖ ਖ਼ਾਨ ਨੂੰ ਪਸੰਦ ਨਹੀਂ ਆਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News