''ਸਾਲਾਰ'' ''ਚ ਰਾਧਾ ਰਮਾ ਦਾ ਕਿਰਦਾਰ ਨਿਭਾਉਣ ਵਾਲੀ ਸ਼੍ਰੇਆ ਨੇ ਕਿਹਾ, ਸੋਚਿਆ ਨਹੀਂ ਸੀ ਕਿ ਇੰਨਾ ਪਿਆਰ ਮਿਲੇਗਾ
Wednesday, Jan 10, 2024 - 02:47 PM (IST)
ਅਭਿਨੇਤਰੀ ਸ਼੍ਰੇਆ ਰੈੱਡੀ ‘ਸਲਾਰ’ ਨਾਲ ਲੰਬੇ ਸਮੇਂ ਬਾਅਦ ਤੇਲਗੂ ਸਿਨੇਮਾ ਵਿਚ ਵਾਪਸੀ ਕੀਤੀ ਅਤੇ ਇਹ ਫਿਲਮ ਹਿੱਟ ਰਹੀ। ਫਿਲਮ ਵਿਚ ਰਾਧਾ ਰਮਾ ਮੰਨਾਰ ਦੇ ਕਿਰਦਾਰ ਵਿਚ ਸ਼੍ਰੇਆ ਰੈੱਡੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਫਿਲਮ ਵਿਚ ਸ਼੍ਰੇਆ ਰੈੱਡੀ ਇਕ ਦਮਦਾਰ ਭੂਮਿਕਾ ਨਿਭਾਉਂਦੀ ਨਜ਼ਰ ਆਈ ਹਨ। ‘ਸਲਾਰ’ ਵਿਚ ਆਪਣੀ ਭੂਮਿਕਾ ਬਾਰੇੇ ਸ਼੍ਰੇਆ ਰੈੱਡੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਸਾਲ 2008 ਵਿਚ ‘ਕਾਂਚੀਵਰਮ’ ਤੋਂ ਬਾਅਦ ਤੁਸੀਂ ਵੱਡੇ ਪਰਦੇ ’ਤੇ ‘ਸਲਾਰ’ ਵਰਗੇ ਵੱਡੇ ਪ੍ਰਾਜੈਕਟ ਨਾਲ ਵਾਪਸੀ ਕੀਤੀ ਹੈ ਤਾਂ ਅਜਿਹੇ ਵਿਚ ਜਦੋਂ ਤੁਹਾਨੂੰ ਪਬਲਿਕ ਦਾ ਵਧੀਆ ਰਿਸਪਾਂਸ ਮਿਲ ਰਿਹਾ ਹੈ ਤਾਂ ਕਿਵੇਂ ਮਹਿਸੂਸ ਹੋ ਰਿਹਾ ਹੈ?
ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਨਾਲ ਹੀ ਦਰਸ਼ਕਾਂ ਅਤੇ ਜੋ ਲੋਕ ਮੈਨੂੰ ਪਸੰਦ ਕਰਦੇ ਹਨ, ਉਨ੍ਹਾਂ ਦੀ ਧੰਨਵਾਦੀ ਹਾਂ। ਜਦੋਂ ਨਿਰਦੇਸ਼ਕ ਨੀਲ ਨੇ ਮੈਨੂੰ ਇਹ ਰੋਲ ਦਿੱਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਡੇ ਇਸ ਰੋਲ ਦੀ ਹਰ ਕੋਈ ਗੱਲ ਕਰੇਗਾ, ਉਦੋਂ ਮੈਨੂੰ ਉਨ੍ਹਾਂ ਦੀ ਗੱਲ ’ਤੇ ਯਕੀਨ ਨਹੀਂ ਹੋਇਆ ਸੀ। ਸ਼੍ਰੇਆ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਰੋਲ ਨੂੰ ਨੋਟਿਸ ਕੀਤਾ ਜਾਏਗਾ ਪਰ ਇਹ ਕਦੇ ਨਹੀਂ ਸੋਚਿਆ ਸੀ ਕਿ ਇੰਨਾ ਪਿਆਰ ਮਿਲੇਗਾ। ਨਾਲ ਹੀ, ਪਹਿਲੀ ਵਾਰ ਮੈਨੂੰ ਮੇਰੇ ਲੁੱਕ ਲਈ ਪਛਾਣ ਵੀ ਮਿਲੀ ਹੈ, ਹਰ ਕੋਈ ਐਕਟਿੰਗ ਦੇ ਨਾਲ-ਨਾਲ ਮੇਰੇ ਲੁੱਕ ਦੀ ਵੀ ਤਾਰੀਫ ਕਰ ਰਿਹਾ ਹੈ।
ਫਿਲਮ ਦੇ ਡਾਇਰੈਕਟਰ ਪ੍ਰਸ਼ਾਂਤ ਨੀਲ ਨੇ ਜਦੋਂ ਰਾਧਾ ਰਮਾ ਦਾ ਰੋਲ ਤੁਹਾਨੂੰ ਆਫਰ ਕੀਤਾ ਤਾਂ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਅਤੇ ਇਸ ਦੇ ਲਈ ਤੁਸੀਂ ਟਾਈਮ ਲਿਆ ਸੀ ਜਾਂ ਤੁਰੰਤ ਹੀ ਹਾਂ ਬੋਲ ਦਿੱਤੀ?
ਮੇਰਾ ਪਹਿਲਾ ਰਿਐਕਸ਼ਨ ਸੀ ਕਿ ਨਹੀਂ, ਮੈ ਨਹੀਂ ਕਰਨਾ ਹੈ ਕਿਉਂਕਿ ਇਹ ਇਕ ਵੱਡੇ ਹੀਰੋ ਦੀ ਫਿਲਮ ਹੈ ਤਾਂ ਮੇਰਾ ਰੋਲ ਇਸ ਵਿਚ ਕਿੰਨਾ ਦਮਦਾਰ ਹੋਵੇਗਾ ਪਰ ‘ਪ੍ਰਸ਼ਾਂਤ ਨੀਲ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੇਰਾ ਰੋਲ ਬਹੁਤ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਕਿਰਦਾਰ ’ਤੇ ਕੰਮ ਕਰ ਰਿਹਾ ਹਾਂ, ਇਹ ਬਹੁਤ ਵਧੀਆ ਹੋਣ ਵਾਲਾ ਹੈ ਅਤੇ ਮੈਂ ਸੋਚਿਆ ਕਿ ਜੇਕਰ ਨਿਰਦੇਸ਼ਕ ਮੇਰੇ ’ਤੇ ਇੰਨਾ ਭਰੋਸਾ ਕਰ ਰਹੇ ਹਨ ਤਾਂ ਮੈਨੂੰ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਹੈ। ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਕਿਰਦਾਰ ਲਈ ਬਹੁਤ ਸਾਰੇ ਫੋਨ ਕਾਲ ਅਤੇ ਲੁੱਕ ਟੈਸਟ ਹੋਏ ਸੀ। ਜਿਸ ਤੋਂ ਬਾਅਦ ਇਸ ਰੋਲ ਨੂੰ ਫਾਈਨਲ ਕੀਤਾ ਗਿਆ।
ਰਾਧਾ ਰਮਾ ਦਾ ਇਹ ਕਿਰਦਾਰ ਨਿਭਾਉਂਦੇ ਹੋਏ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
ਰਾਧਾ ਰਮਾ ਦਾ ਕਿਰਦਾਰ ਬਹੁਤ ਹੀ ਚੁਣੌਤੀਪੂਰਨ ਕਿਰਦਾਰ ਸੀ। ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਇਸ ਕਿਰਦਾਰ ਨੂੰ ਨਿਭਾਉਣ ਵਿਚ ਕਾਫੀ ਚੁਣੌਤੀਆਂ ਸਨ। ਇਸ ਦੇ ਡਾਇਲਾਗ ਵੀ ਤਿੰਨ-ਚਾਰ ਪੰਨਿਆਂ ਦੇ ਸਨ। ਇਸ ਦੇ ਨਾਲ ਹੀ ਲੁਕ, ਭਾਰੀ ਗਹਿਣੇ ਪਾ ਕੇ ਸ਼ੂਟਿੰਗ ਕਰਨਾ, ਇਹ ਕਿਸੇ ਵੀ ਆਮ ਕਿਰਦਾਰ ਤੋਂ ਥੋੜ੍ਹਾ ਵੱਖਰਾ ਸੀ। ਇਸ ਦੇ ਲਈ ਮੈਨੂੰ ਕਾਫੀ ਤਿਆਰੀ ਕਰਨੀ ਪਈ।
ਫਿਲਮ ਵਿਚ ਤੁਹਾਡੇ ਸਹਿ-ਕਲਾਕਾਰਾਂ ਨਾਲ ਕੰਮ ਕਰਨ ਦਾ ਤਜ਼ਰਬਾ ਕਿਹੋ ਜਿਹਾ ਰਿਹਾ?
ਫਿਲਮ ਵਿਚ ਮੇਰੇ ਸਾਰੇ ਕੋ-ਸਟਾਰ ਬਹੁਤ ਚੰਗੇ ਸਨ। ਪ੍ਰਭਾਸ ਨਾਲ ਮੇਰੇ ਜ਼ਿਆਦਾ ਸੀਨ ਨਹੀਂ ਹਨ ਪਰ ਪ੍ਰਭਾਸ ਸਭ ਤੋਂ ਚੰਗੇ ਲੋਕਾਂ ਵਿਚੋਂ ਇਕ ਹਨ। ਉੱਥੇ ਹੀ ਪ੍ਰਿਥਵੀ ਇਕ ਬਹੁਤ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇਕ ਸ਼ਾਨਦਾਰ ਇਨਸਾਨ ਵੀ ਹਨ।
ਫ਼ਿਲਮ ਸਲਾਰ ਵਿਚ ਰਾਧਾ ਰਮਾ ਰਮੰਨਾ ਦਾ ਕਿਰਦਾਰ ਇਕ ਸਟ੍ਰਾਂਗ ਲੇਡੀ ਦਾ ਹੈ, ਜਦ ਕਿ ਅੱਜ ਵੀ ਕੁਝ ਫ਼ਿਲਮਾਂ ਵਿਚ ਮਹਿਲਾਵਾਂ ਦਾ ਰੋਲ ਹੀਰੋ ਦੇ ਮੁਕਾਬਲੇ ਬੇਹੱਦ ਸੀਮਤ ਕਰ ਦਿੱਤਾ ਜਾਂਦਾ ਹੈ, ਇਸ ਬਾਰੇ ਤੁਹਾਡੀ ਕੀ ਰਾਏ ਹੈ?
ਮੈਨੂੰ ਲੱਗਦਾ ਹੈ ਕਿ ਹੁਣ ਮਹਿਲਾਵਾਂ ਦੇ ਫੇਵਰ ਵਿਚ ਸਮਾਂ ਬਦਲ ਰਿਹਾ ਹੈ। ਹੁਣ ਫਿਲਮ ਮੇਕਰਸ ਮਹਿਲਾ ਅਦਾਕਾਰਾਂ ਲਈ ਕਿਰਦਾਰ ਲਿਖ ਰਹੇ ਹਨ। ਹੁਣ ਵੱਡੀ ਉਮਰ ’ਤੇ ਵਖ ਤੋਂ ਰੋਲ ਲਿਖੇ ਜਾ ਰਹੇ ਹਨ ਅਤੇ ਅਭਿਨੇਤਰੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਦੇ ਲਈ ਨੀਨਾ ਗੁਪਤਾ ਦਾ ਵੀ ਜ਼ਿਕਰ ਕੀਤਾ। ਸ਼੍ਰੇਆ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਮਹਿਲਾਵਾਂ ਨੂੰ ਸਕ੍ਰੀਨ ’ਤੇ ਚੰਗਾ ਸਪੇਸ ਮਿਲ ਰਿਹਾ ਹੈ।
ਸਲਾਰ ਵਿਚ ਇੰਨਾ ਸਟ੍ਰਾਂਗ ਕੈਰੇਕਟਰ ਨਿਭਾਉਣ ਤੋਂ ਬਾਅਦ ਤੁਹਾਡੇ ਅਪਕਮਿੰਗ ਪ੍ਰਾਜੈਕਟ ਵਿਚ ਤੁਹਾਡੇ ਫੈਨਸ ਨੂੰ ਕੀ ਕੁਝ ਨਵਾਂ ਦੇਖਣ ਨੂੰ ਮਿਲੇਗਾ?
ਮੇਰੇ ਸਾਰੇ ਪ੍ਰਸ਼ੰਸਕ ਅਤੇ ਲੋਕ ਜੋ ਮੈਨੂੰ ਪਿਆਰ ਕਰਦੇ ਹਨ। ਉਹ ਮੈਨੂੰ ਹਮੇਸ਼ਾ ਬਹੁਪੱਖੀ ਭੂਮਿਕਾਵਾਂ ਵਿਚ ਹੀ ਦੇਖਣਗੇ। ਮੈਂ ਇਕੋ ਜਿਹੇ ਕਿਰਦਾਰਾਂ ਵਿਚ ਵਾਰ-ਵਾਰ ਨਜ਼ਰ ਨਹੀਂ ਆਵਾਂਗੀ। ਭਾਵੇਂ ਕੋਈ ਮੈਨੂੰ ਕਰੋੜਾਂ ਰੁਪਏ ਵੀ ਦੇਵੇ ਅਤੇ ਕਹੇ ਕਿ ਇਹ ਰੋਲ ਤੁਹਾਨੂੰ ਪ੍ਰਸਿੱਧੀ ਦਿਵਾਏਗਾ ਪਰ ਜੇਕਰ ਉਹ ਦਿਲਚਸਪ ਅਤੇ ਮਜ਼ਬੂਤ ਕਿਰਦਾਰ ਨਹੀਂ ਹੈ ਤਾਂ ਮੈਂ ਉਸ ਨੂੰ ਕਦੇ ਨਹੀਂ ਕਰਾਂਗੀ। ਹੁਣ ਇਕ ਤੇਲਗੂ ਫਿਲਮ ‘ਓ ਜੀ’ ਸਾਈਨ ਕੀਤੀ ਹੈ, ਜਿਸ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ।
ਕੀ ਸਲਾਰ ਪਾਰਟ-2 ਵਿਚ ਵੀ ਤੁਸੀਂ ਇਕ ਖੌਫਨਾਕ ਮਹਿਲਾ ਦੀ ਭੂਮਿਕਾ ਵਿਚ ਨਜ਼ਰ ਆਓਗੇ?
ਜਿਸ ਤਰ੍ਹਾਂ ਮੇਰਾ ਕਿਰਦਾਰ ਸਾਲਾਰ ਵਿਚ ਇਕ ਮਜ਼ਬੂਤ ਮਹਿਲਾ ਦਾ ਸੀ, ਉਸੇ ਤਰ੍ਹਾਂ ਸਾਲਾਰ ਪਾਰਟ-2 ਵਿਚ ਵੀ ਮੇਰੇ ਪ੍ਰਸ਼ੰਸਕਾਂ ਲਈ ਅਤੇ ਫਿਲਮ ਦੇ ਦਰਸ਼ਕਾਂ ਨੂੰ ਇਕ ਵਾਰ ਫਿਰ ਤੋਂ ਉਨਾ ਹੀ ਦਿਲਚਸਪ ਕਿਰਦਾਰ ਦੇਖਣ ਨੂੰ ਮਿਲੇਗਾ। ਅਸੀਂ ਇਹ ਕਹਿ ਸਕਦੇ ਹਾਂ ਕਿ ਇਕ ਵਾਰ ਫਿਰ ਰਾਧਾ ਰਮਾ ਦੇ ਰੂਪ ਵਿਚ ਤੁਹਾਨੂੰ ਇਕ ਖੌਫਨਾਕ ਮਹਿਲਾ ਦੇਖਣ ਨੂੰ ਮਿਲੇਗੀ।