ਸੋਨੂੰ ਸੂਦ ਨੇ ਆਪਣੇ ਨਾਂ ’ਤੇ ਠੱਗੀ ਮਾਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ, ਕਿਹਾ- ‘ਗਰੀਬ ਲੋਕਾਂ ਨੂੰ ਧੋਖਾ ਦੇਣਾ ਬੰਦ ਕਰੋ’

4/6/2021 5:48:37 PM

ਮੁੰਬਈ (ਬਿਊਰੋ)– ਤੇਲੰਗਾਨਾ ਪੁਲਸ ਨੇ ਸੋਨੂੰ ਸੂਦ ਦੀ ਸੰਸਥਾ ਨਾਲ ਜੁੜੇ ਬੈਂਕ ਖ਼ਾਤੇ ਨਾਲ ਠੱਗੀ ਕਰਨ ਦੇ ਮਾਮਲੇ ’ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਚੰਦਨ ਪਾਂਡੇ ਦੇ ਰੂਪ ’ਚ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਹੈ ਕਿ ਚੰਦਨ ਦੇ ਆਧਾਰ ਕਾਰਡ ਤੋਂ ਸੋਨੂੰ ਸੂਦ ਨਾਲ ਸਬੰਧਤ ਇਕ ਬੈਂਕ ਖ਼ਾਤੇ ਤੋਂ 60 ਹਜ਼ਾਰ ਰੁਪਏ ਕਢਵਾਏ ਗਏ ਹਨ। ਹਾਲਾਂਕਿ ਚੰਦਨ ਦਾ ਕਹਿਣਾ ਹੈ ਕਿ ਇਹ ਪੈਸੇ ਉਸ ਨੇ ਕਿਸੇ ਦੂਜੇ ਵਿਅਕਤੀ ਦੇ ਕਹਿਣ ’ਤੇ ਕਢਵਾਏ ਹਨ, ਜਿਸ ਲਈ ਉਸ ਨੂੰ ਕੁਝ ਕਮਿਸ਼ਨ ਮਿਲੀ ਸੀ।

ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਨੂੰ ਸੂਦ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਸਾਈਬਰ ਕਾਨੂੰਨ ਤੇ ਤੇਲੰਗਾਨਾ ਪੁਲਸ ਦੀ ਤਾਰੀਫ਼ ਵੀ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਨਾਮ ’ਤੇ ਠੱਗੀ ਕਰਨ ਵਾਲਿਆਂ ਨੂੰ ਵੀ ਸੋਨੂੰ ਸੂਦ ਨੇ ਚਿਤਾਵਨੀ ਦਿੱਤੀ ਹੈ ਕਿ ਲੋਕ ਅਜਿਹੇ ਕੰਮ ਕਰਨਾ ਬੰਦ ਕਰ ਦੇਣ ਨਹੀਂ ਤਾਂ ਜਲਦ ਹੀ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

ਸੋਨੂੰ ਸੂਦ ਨੇ ਪੁਲਸ ਨੂੰ ਟੈਗ ਕਰਦਿਆਂ ਆਪਣੇ ਟਵੀਟ ’ਤੇ ਲਿਖਿਆ, ‘ਲੋੜਵੰਦਾਂ ਨੂੰ ਠੱਗਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਸਾਡੀ ਮਦਦ ਕਰਨ ਲਈ ਧੰਨਵਾਦ। ਸਾਰੇ ਜਾਲਸਾਜ਼ਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਅਜਿਹੇ ਕੰਮਾਂ ਨੂੰ ਰੋਕ ਦੇਣ ਨਹੀਂ ਤਾਂ ਜਲਦ ਹੀ ਉਹ ਜੇਲ੍ਹ ਅੰਦਰ ਹੋਣਗੇ। ਗਰੀਬ ਲੋਕਾਂ ਨੂੰ ਧੋਖਾ ਦੇਣਾ ਬੰਦ ਕਰੋ।’

ਸੋਨੂੰ ਸੂਦ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰ ਦੇ ਕਈ ਪ੍ਰਸ਼ੰਸਕ ਤੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੇ ਟਵੀਟ ਨੂੰ ਪਸੰਦ ਕਰ ਰਹੇ ਹਨ ਤੇ ਕੁਮੈਂਟਸ ’ਚ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੋਸ਼ੀ ਜੋ ਪੈਸੇ ਕਢਵਾ ਰਿਹਾ ਸੀ, ਉਹ ਸੋਨੂੰ ਸੂਦ ਦੀ ਸੰਸਥਾ ਦੇ ਹੀ ਸਨ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਜੁੜੇ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਛਾਪੇਮਾਰੀ ਅਜੇ ਵੀ ਜਾਰੀ ਹੈ।

ਦੱਸਣਯੋਗ ਹੈ ਕਿ ਸੋਨੂੰ ਸੂਦ ਔਰਤਾਂ, ਬੱਚਿਆਂ ਤੇ ਲੋੜਵੰਦਾਂ ਦੀ ਭਲਾਈ ਲਈ ਅਕਸਰ ਕੰਮ ਕਰਦੇ ਦੇਖੇ ਜਾਂਦੇ ਹਨ। ਉਨ੍ਹਾਂ ਨੇ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦੀ ਮੁਹਿੰਮ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ, ਜਿਸ ਕਰਕੇ ਇਸ ਮੁੁਹਿੰਮ ਦਾ ਹਵਾਲਾ ਦੇ ਕੇ ਕਈਆਂ ਨੇ ਉਨ੍ਹਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh