ਸੋਨੂੰ ਸੂਦ ਦਾ ਇਕ ਹੋਰ ਵੱਡਾ ਉਪਰਾਲਾ, ਹੁਣ ਆਈ. ਏ. ਐੱਸ. ਦੀ ਪੜ੍ਹਾਈ ਕਰਵਾਉਣਗੇ ਮੁਫ਼ਤ
Monday, Sep 12, 2022 - 10:21 AM (IST)
ਮੁੰਬਈ (ਬਿਊਰੋ) : ਬਾਲੀਵੁੱਡ ਦੇ ਸਰਵੋਤਮ ਅਦਾਕਾਰ ਸੋਨੂੰ ਸੂਦ ਕੋਰੋਨਾ ਦੌਰ 'ਚ ਲੋਕਾਂ ਲਈ ਮਸੀਹਾ ਬਣ ਕੇ ਉੱਭਰੇ ਸਨ। ਉਨ੍ਹਾਂ ਨੇ ਇਕ ਵਾਰ ਫਿਰ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ। ਦਰਅਸਲ ਹਾਲ ਹੀ ਵਿਚ ਸੋਨੂੰ ਸੂਦ ਨੇ ਆਪਣੇ ਸੰਭਵਮ ਆਈ. ਏ. ਐੱਸ. ਕੋਚਿੰਗ ਸੈਂਟਰ ਦਾ ਐਲਾਨ ਕੀਤਾ ਹੈ, ਜਿਸ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਔਨਲਾਈਨ ਕਲਾਸਾਂ ਦਿੱਤੀਆਂ ਜਾਣਗੀਆਂ।
ਮੁਫਤ ਕੋਚਿੰਗ ਸੈਂਟਰ ਦੀ ਕੀਤੀ ਸ਼ੁਰੂਆਤ
ਦੱਸ ਦਈਏ ਕਿ ਸੋਨੂੰ ਸੂਦ ਸਾਲ 2020 ਦੇ ਕੋਰੋਨਾ ਦੌਰ ਤੋਂ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਦੇਸ਼ ਦੇ ਉਨ੍ਹਾਂ ਬੱਚਿਆਂ ਲਈ ਆਈ. ਏ. ਐੱਸ ਕੋਚਿੰਗ ਸੈਂਟਰ ਸ਼ੁਰੂ ਕੀਤਾ ਹੈ, ਜੋ ਆਰਥਿਕ ਤੰਗੀ ਕਾਰਨ ਆਪਣੇ ਸੁਫ਼ਨੇ ਸਾਕਾਰ ਨਹੀਂ ਕਰ ਪਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਕੀਤਾ ਐਲਾਨ
ਹਾਲ ਹੀ ਵਿਚ ਸੋਨੂੰ ਸੂਦ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸੰਭਵਮ ਆਈ. ਏ. ਐੱਸ. ਇੰਸਟੀਚਿਊਟ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਕੋਚਿੰਗ ਸੈਂਟਰ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੋਨੂੰ ਨੇ ਲਿਖਿਆ ਹੈ ਕਿ ਆਓ ਮਿਲ ਕੇ ਨਵਾਂ ਭਾਰਤ ਬਣਾਈਏ। ਸਾਲ 2022-23 ਸੈਸ਼ਨ ਲਈ IAS ਪ੍ਰੀਖਿਆ ਲਈ ਮੁਫ਼ਤ ਔਨਲਾਈਨ ਸੰਭਵਮ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ।
ਲੋਕਾਂ ਨੇ ਕੀਤੀ ਤਾਰੀਫ਼
ਸੋਨੂੰ ਸੂਦ ਦੇ ਇਸ ਨਵੇਂ ਕਦਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦੇ ਤਹਿਤ ਇਕ ਯੂਜ਼ਰ ਨੇ ਲਿਖਿਆ ਹੈ ਕਿ ''ਸੋਨੂੰ ਸੂਦ ਨੂੰ ਸਲਾਮ, ਤੁਸੀਂ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਅਸਲ ਵਿਚ ਹੀਰੋ ਹੋ।'' ਇਕ ਹੋਰ ਯੂਜ਼ਰ ਨੇ ਸੋਨੂੰ ਸੂਦ ਦੇ ਕੰਮ ਦੀ ਤਾਰੀਫ ਕੀਤੀ ਅਤੇ ਕਿਹਾ ਹੈ ਕਿ ''ਵਨ ਮੈਨ ਆਰਮੀ ਕੰਟਰੀ ਲਈ ਪਹਿਲੇ ਨੰਬਰ 'ਤੇ ਰਹਿਣ ਵਾਲੇ ਸੋਨੂੰ ਤੁਸੀਂ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।''
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।