ਸੋਨੂੰ ਨਿਗਮ ਨੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਤੇ ਉਨ੍ਹਾਂ ਦੀ ਧੀ ਪ੍ਰਤਿਭਾ ਨਾਲ ਕੀਤੀ ਮੁਲਾਕਾਤ
Friday, Mar 28, 2025 - 05:51 PM (IST)

ਨਵੀਂ ਦਿੱਲੀ (ਏਜੰਸੀ)- ਗਾਇਕ ਸੋਨੂੰ ਨਿਗਮ ਨੇ ਹਾਲ ਹੀ ਵਿੱਚ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਉਨ੍ਹਾਂ ਦੀ ਧੀ ਪ੍ਰਤਿਭਾ ਨਾਲ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਸ਼ੁੱਕਰਵਾਰ ਨੂੰ ਗਾਇਕ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਅਡਵਾਨੀ ਨਾਲ ਬਿਤਾਏ ਆਪਣੇ ਯਾਦਗਾਰੀ ਪਲਾਂ ਨੂੰ ਦਿਖਾਇਆ।
ਲਾਲ ਕ੍ਰਿਸ਼ਨ ਅਡਵਾਨੀ ਅਤੇ ਪ੍ਰਤਿਭਾ ਨੂੰ ਆਪਣਾ "ਪਿਆਰਾ ਪਰਿਵਾਰ" ਦੱਸਦੇ ਹੋਏ ਸੋਨੂੰ ਨੇ ਲਿਖਿਆ, "ਰੂਟਸ ਰਿਵਿਜ਼ਿਟਡ (3/4) - 24 ਮਾਰਚ, 2025। ਪ੍ਰਤਿਭਾ ਅਡਵਾਨੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਜੀ ਬਹੁਤ ਲੰਬੇ ਸਮੇਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਰਹੇ ਹਨ ਅਤੇ ਇਸੇ ਲਈ ਮੈਂ ਆਪਣੇ ਡੀਟੀਯੂ ਕੰਸਰਟ ਤੋਂ ਬਾਅਦ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਣ ਲਈ ਇੱਕ ਹੋਰ ਦਿਨ ਰੁਕਣ ਦਾ ਫੈਸਲਾ ਕੀਤਾ। ਕਿਉਂਕਿ ਮੇਰੀ ਮਾਂ ਦਾ ਪਾਲਣ-ਪੋਸ਼ਨ ਸਿੰਧੀਆਂ ਵਿਚ ਹੋਇਆ ਸੀ, ਇਸ ਲਈ ਸਿੰਧੀ ਭੋਜਨ ਸਾਡੇ ਬਚਪਨ ਦਾ ਮੁੱਖ ਹਿੱਸਾ ਰਿਹਾ ਹੈ। ਪ੍ਰਤਿਭਾ ਇਹ ਜਾਣਦੀ ਹੈ ਅਤੇ ਇਸੇ ਲਈ ਉਨ੍ਹਾਂ ਨੇ ਦਾਲ ਪਕਵਾਨ ਤੋਂ ਇਲਾਵਾ ਮੇਰੇ ਲਈ ਸਿੰਧੀ ਕੜੀ ਪਕਾਈ। ਅਡਵਾਨੀ ਜੀ, 97 ਸਾਲ ਦੇ ਹਨ ਅਤੇ ਉਹ ਹਮੇਸ਼ਾ ਵਾਂਗ ਹੀ ਸੁੰਦਰ ਹਨ। ਮੇਰਾ ਪਿਆਰਾ ਪਰਿਵਾਰ।"
ਸੋਨੂੰ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਬਾਲੀਵੁੱਡ ਵਿੱਚ ਇੱਕ ਪਲੇਬੈਕ ਗਾਇਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਜਲਦੀ ਹੀ ਫਿਲਮ ਬਾਰਡਰ ਦੇ "ਸੰਦੇਸ਼ੇ ਆਤੇ ਹੈਂ" ਅਤੇ ਪਰਦੇਸ ਦੇ "ਯੇ ਦਿਲ ਦੀਵਾਨਾ" ਵਰਗੇ ਹਿੱਟ ਗੀਤਾਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਹਾਲ ਹੀ ਵਿੱਚ, ਉਹ ਲਾਈਵ ਕੰਸਰਟਸ ਵਿੱਚ ਪਰਫਾਰਮ ਕਰਨ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਸਭ ਤੋਂ ਤਾਜ਼ਾ ਪਰਫਾਰਮੈਂਸ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਵਿੱਚ ਹੋਈ ਸੀ।