ਮਾਫੀ ਕਾਫੀ ਨਹੀਂ; ਪਹਿਲਗਾਮ ''ਤੇ ਟਿੱਪਣੀ ਮਗਰੋਂ ਫਿਲਮ ''ਚੋਂ ਹਟਾਏ ਗਏ ਸੋਨੂੰ ਨਿਗਮ ਦੁਆਰਾ ਗਾਏ 2 ਗਾਣੇ
Thursday, May 08, 2025 - 03:19 PM (IST)

ਬੈਂਗਲੁਰੂ (ਏਜੰਸੀ)- ਕੰਨੜ ਫਿਲਮ ਨਿਰਦੇਸ਼ਕ ਕੇ. ਰਾਮਨਾਰਾਇਣ ਨੇ ਵੀਰਵਾਰ ਨੂੰ ਕਿਹਾ ਕਿ ਗਾਇਕ ਸੋਨੂੰ ਨਿਗਮ ਦੀ ਮਾਫੀ ਕਾਫ਼ੀ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੇ "ਕਠੋਰ ਸ਼ਬਦਾਂ" ਦੇ ਨਤੀਜੇ ਵੀ ਭੁਗਤਣੇ ਪੈਣਗੇ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'Kuladalli Keelyavudo' ਵਿੱਚੋਂ ਸੋਨੂੰ ਨਿਗਮ ਦੁਆਰਾ ਗਾਏ 2 ਗੀਤਾਂ ਨੂੰ ਹਟਾਉਣ ਦਿੱਤਾ ਹੈ। ਰਾਮਨਾਰਾਇਣ ਨੇ ਕਿਹਾ, "ਸਿਰਫ਼ 'ਸੌਰੀ' ਕਹਿਣਾ ਕਾਫ਼ੀ ਨਹੀਂ ਹੈ। ਪਹਿਲਗਾਮ ਦੀ ਰਾਸ਼ਟਰੀ ਤ੍ਰਾਸਦੀ ਨੂੰ ਕੰਨੜ ਸਵੈ-ਮਾਣ ਨਾਲ ਜੋੜਨਾ ਇੱਕ ਵੱਡੀ ਗਲਤੀ ਹੈ। ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।"
ਨਿਰਦੇਸ਼ਕ ਦੇ ਅਨੁਸਾਰ, ਉਨ੍ਹਾਂ ਦੀ ਫਿਲਮ 23 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸਦੇ ਪ੍ਰਚਾਰ ਲਈ 3 ਗਾਣੇ ਰਿਲੀਜ਼ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 2 ਸੋਨੂੰ ਨਿਗਮ ਨੇ ਗਾਏ ਹਨ। ਇਨ੍ਹਾਂ ਵਿੱਚ 'ਕੁਲਾਦੱਲੀ ਕਿਲਾਇਆਵੁਡੋ' ਦਾ ਟਾਈਟਲ ਗੀਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, “ਇਹ ਗੀਤ ਕੰਨੜ ਫਿਲਮ ਇੰਡਸਟਰੀ ਲਈ ਬਹੁਤ ਪਵਿੱਤਰ ਹੈ। ਸਾਡਾ ਆਰਕੈਸਟਰਾ ਰਿਕਾਰਡਿੰਗ ਦੇ ਅੰਤ ਵਿੱਚ ਇਹ ਗੀਤ ਜ਼ਰੂਰ ਵਜਾਉਂਦਾ ਹੈ। ਅਜਿਹੇ ਵਿਚ ਕੋਈ ਅਜਿਹਾ ਗਾਇਕ ਜਿਸਨੂੰ ਸਾਡੇ ਪ੍ਰਤੀ ਕੋਈ ਸਤਿਕਾਰ ਨਹੀਂ ਹੈ, ਉਹ ਇਹ ਗੀਤ ਕਿਵੇਂ ਗਾ ਸਕਦਾ ਹੈ।” ਉਨ੍ਹਾਂ ਦੱਸਿਆ ਕਿ ਸੋਨੂੰ ਨਿਗਮ ਦੁਆਰਾ ਗਾਏ ਗਏ ਦੋਵੇਂ ਗੀਤ 'Kuladalli Keelyavudo' ਅਤੇ 'Manasu Haadtade' ਹੁਣ ਟਰੈਕ ਗਾਇਕ ਚੇਤਨ ਸੋਸਕਾ ਦੀ ਆਵਾਜ਼ ਵਿੱਚ ਰਿਲੀਜ਼ ਕੀਤੇ ਜਾਣਗੇ। ਫਿਲਮ ਦੇ ਨਿਰਮਾਤਾਵਾਂ ਨੇ ਪਹਿਲਾਂ ਹੀ ਯੂਟਿਊਬ ਤੋਂ 'ਕੁਲਦੱਲੀ ਕੀਲੀਆਵੁਡੋ' ਨੂੰ ਹਟਾ ਦਿੱਤਾ ਹੈ, ਹਾਲਾਂਕਿ ' 'Manasu Haadtade' ਅਜੇ ਵੀ ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਉਪਲਬਧ ਹੈ। ਰਾਮਨਾਰਾਇਣਨ ਨੇ ਕਿਹਾ ਕਿ ਉਨ੍ਹਾਂ ਦਾ ਸੋਨੂੰ ਨਿਗਮ ਨਾਲ ਲੰਮਾ ਸਮਾਂ ਸਬੰਧ ਰਿਹਾ ਹੈ ਅਤੇ ਨਿਗਮ ਨੇ ਕੰਨੜ ਵਿੱਚ 1,000 ਤੋਂ ਵੱਧ ਗੀਤ ਗਾਏ ਹਨ।
ਉਨ੍ਹਾਂ ਕਿਹਾ ਕਿ ਫਿਲਮ 'ਮੁਸਾਂਜੇ ਮਾਟੂ' ਲਈ ਉਨ੍ਹਾਂ ਨੇ ਜੋ ਗੀਤ 'ਨੀਨਾ ਨੋਡਾਲੇਂਥੋ' ਲਿਖਿਆ ਸੀ, ਉਹ ਸੋਨੂੰ ਨਿਗਮ ਨੇ 12 ਸਾਲ ਪਹਿਲਾਂ ਗਾਇਆ ਸੀ ਅਤੇ ਇਸ ਲਈ ਉਨ੍ਹਾਂ ਨੂੰ ਫਿਲਮਫੇਅਰ ਪੁਰਸਕਾਰ ਵੀ ਮਿਲਿਆ ਸੀ। ਉਨ੍ਹਾਂ ਕਿਹਾ, "ਅਸੀਂ ਸਾਰੇ ਉਸ ਸਮੇਂ ਉਨ੍ਹਾਂ ਲਈ ਬਹੁਤ ਖੁਸ਼ ਸੀ। ਉਹ ਇਸ ਪੁਰਸਕਾਰ ਦਾ ਹੱਕਦਾਰ ਸੀ। ਪਰ, ਅੱਜ ਉਨ੍ਹਾਂ ਨੂੰ ਕੰਨੜ ਫਿਲਮ ਇੰਡਸਟਰੀ ਤੋਂ ਬੈਨ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਵਰਗੇ ਲੋਕਾਂ ਨੂੰ ਦੂਜਿਆਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।" ਸੋਨੂੰ ਨਿਗਮ ਨੇ 25 ਅਪ੍ਰੈਲ ਨੂੰ ਬੈਂਗਲੁਰੂ ਦੇ ਇੱਕ ਕਾਲਜ ਵਿੱਚ ਹੋਏ ਲਾਈਵ ਕੰਸਰਟ ਵਿਵਾਦ ਤੋਂ ਬਾਅਦ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਮਾਫੀ ਮੰਗੀ ਸੀ। ਉਨ੍ਹਾਂ ਲਿਖਿਆ ਸੀ, "ਸੌਰੀ ਕਰਨਾਟਕ। ਮੇਰਾ ਪਿਆਰ ਤੁਹਾਡੇ ਲਈ, ਮੇਰੇ ਹੰਕਾਰ ਤੋਂ ਵੱਡਾ ਹੈ। ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਾਂਗਾ।" ਕਰਨਾਟਕ ਰਕਸ਼ਣ ਵੇਦੀਕੇ ਸੰਗਠਨ ਨੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ 25 ਅਪ੍ਰੈਲ ਨੂੰ ਬੈਂਗਲੁਰੂ ਦੇ ਈਸਟ ਪੁਆਇੰਟ ਕਾਲਜ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਸੋਨੂੰ ਨਿਗਮ ਨੇ ਦਰਸ਼ਕ ਦੇ ਵਾਰ-ਵਾਰ ਕੰਨੜ ਵਿੱਚ ਗੀਤ ਗਾਉਣ ਦੀ ਮੰਗ 'ਤੇ ਸਟੇਜ ਤੋਂ ਕਿਹਾ ਸੀ, 'ਕੰਨੜ, ਕੰਨੜ...ਇਹੀ ਵਜ੍ਹਾ ਹੈ ਪਹਿਲਗਾਮ ਵਾਲੀ ਘਟਨਾ ਦੀ।' ਉਨ੍ਹਾਂ ਦੀ ਟਿੱਪਣੀ ਦੀ ਉਦੋਂ ਤੋਂ ਆਲੋਚਨਾ ਹੋ ਰਹੀ।