ਸੋਨਮ ਕਪੂਰ ਦੇ ਘਰ ਹੋਈ ਚੋਰੀ, 1.41 ਕਰੋੜ ਦੀ ਜਿਊਲਰੀ ਅਤੇ ਨਕਦੀ ਗਾਇਬ

Saturday, Apr 09, 2022 - 11:23 AM (IST)

ਸੋਨਮ ਕਪੂਰ ਦੇ ਘਰ ਹੋਈ ਚੋਰੀ, 1.41 ਕਰੋੜ ਦੀ ਜਿਊਲਰੀ ਅਤੇ ਨਕਦੀ ਗਾਇਬ

ਮੁੰਬਈ- ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਵਲੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜੋੜੇ ਦੇ ਦਿੱਲੀ ਵਾਲੇ ਘਰ 'ਚ ਕਰੋੜਾਂ ਦੀ ਚੋਰੀ ਹੋ ਗਈ ਹੈ। ਲੁਟੇਰੇ ਅਦਾਕਾਰਾ ਦੇ ਘਰ 'ਚੋਂ ਕਰੋੜਾਂ ਦੇ ਗਹਿਣੇ ਅਤੇ ਕੈਸ਼ ਚੋਰੀ ਕਰ ਲੈ ਗਏ ਹਨ। ਸੋਨਮ ਕਪੂਰ ਦੀ ਦਾਦੀ ਸੱਸ ਨੇ ਤੁਗਲਕ ਰੋਡ ਥਾਣੇ 'ਚ ਇਸ ਦੀ ਸ਼ਿਕਾਇਤ ਕਰਵਾਈ ਹੈ। ਤੁਗਲਕ ਰੋਡ ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਦੱਸਿਆ ਜਾ ਰਿਹਾ ਹੈ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਘਰ ਤੋਂ ਕਰੀਬ 1.41 ਕਰੋੜ ਰੁਪਏ ਦੀ ਜਿਊਲਰੀ ਅਤੇ ਨਕਦੀ ਚੋਰੀ ਹੋਈ ਹੈ। ਅਦਾਕਾਰਾ ਦੀ ਦਾਦੀ ਸੱਸ ਸਰਲਾ ਆਹੂਜਾ ਨੇ ਆਪਣੀ ਮੈਨੇਜਰ ਰਿਤੇਸ਼ ਗੌਰਾ ਦੇ ਨਾਲ 23 ਫਰਵਰੀ ਨੂੰ ਤੁਗਲਕ ਰੋਡ ਥਾਣੇ 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੇ ਕਮਰੇ ਦੀ ਅਲਮਾਰੀ ਤੋਂ 1.40 ਕਰੋੜ ਰੁਪਏ ਦੀ ਜਿਊਲਰੀ ਅਤੇ ਇਕ ਲੱਖ ਰੁਪਏ ਨਕਦ ਚੋਰੀ ਹੋ ਗਏ ਹਨ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਲਈ ਅਧਿਕਾਰੀਆਂ ਦੀਆਂ ਕਈ ਟੀਮਾਂ ਦਾ ਗਠਨ ਕਰ ਦਿੱਤਾ ਹੈ, ਘਰ 'ਚ 25 ਨੌਕਰ, 9 ਕੇਅਰ ਟੇਕਰ ਤੋਂ ਇਲਾਵਾ ਚਾਲਕ, ਮਾਲੀ ਅਤੇ ਹੋਰ ਕਰਮਚਾਰੀ ਵੀ ਕੰਮ ਕਰਦੇ ਹਨ, ਜਿਸ ਤੋਂ ਪੁਲਸ ਪੁਛਗਿੱਛ ਕਰ ਰਹੀ ਹੈ। ਫਿਲਹਾਲ ਦੋਸ਼ੀਆਂ ਦਾ ਸੁਰਾਗ ਨਹੀਂ ਲੱਗਿਆ ਹੈ। ਅਜਿਹੇ 'ਚ ਪੁਲਸ ਫਾਰੇਂਸਿਕ ਸਾਇੰਸ ਦੀ ਮਦਦ ਲੈਣ ਦੀ ਸੋਚ ਰਹੀ ਹੈ। ਦੱਸ ਦੇਈਏ ਕਿ ਸੋਨਮ ਕਪੂਰ ਇਨੀਂ ਦਿਨੀਂ ਗਰਭਵਤੀ ਹੈ। ਉਹ ਜਲਦ ਹੀ ਪਤੀ ਆਨੰਦ ਆਹੂਜਾ ਦੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਇਨੀਂ ਦਿਨੀਂ ਉਹ ਆਪਣੇ ਪਤੀ ਨਾਲ ਮੁੰਬਈ 'ਚ ਰਹਿ ਰਹੀ ਹੈ।
 


author

Aarti dhillon

Content Editor

Related News