ਸੋਨਾਲੀ ਫੋਗਾਟ ਦੀ ਮੌਤ ਦਾ ਮਾਮਲਾ: ਗੋਆ ਪੁਲਸ ਨੇ ਰੈਸਟੋਰੈਂਟ ਮਾਲਕ ਅਤੇ 2 ਸਮੱਗਲਰ ਨੂੰ ਕੀਤਾ ਗ੍ਰਿਫ਼ਤਾਰ
Sunday, Aug 28, 2022 - 01:08 PM (IST)
ਪਣਜੀ- ਭਾਰਤੀ ਜਨਤਾ ਪਾਰਟੀ ਦੀ ਮਹਿਲਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਕਥਿਤ ਤੌਰ ’ਤੇ ਨਸ਼ੀਲੀਆਂ ਵਸਤਾਂ ਦੀ ਸਪਲਾਈ ਕਰਨ ਵਾਲੇ ਇਕ ਸ਼ੱਕੀ ਸਮੱਗਲਰ ਨੂੰ ਸ਼ਨੀਵਾਰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਇਸ ਦੇ ਨਾਲ ਹੀ ਰੈਸਟੋਰੈਂਟ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ’ਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 4 ਹੋ ਗਈ ਹੈ।
ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਕਤਲ ਕੇਸ 'ਚ ਦੋਸ਼ੀਆਂ ਦਾ ਕਬੂਲਨਾਮਾ, ਡਰੱਗ ਦੇਣ ਤੋਂ ਬਾਅਦ 2 ਘੰਟੇ ਤੱਕ ਬਾਥਰੂਮ 'ਚ ਰੱਖਿਆ
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੇ ਆਪਣੇ ਬਿਆਨ ’ਚ ਉਕਤ ਸ਼ੱਕੀ ਵਿਅਕਤੀ ਕੋਲੋਂ ਨਸ਼ੀਲਾ ਪਦਾਰਥ ਖਰੀਦਣ ਦੀ ਗੱਲ ਮੰਨੀ ਸੀ। ਇਸ ਪਿੱਛੋਂ ਦੱਤਾ ਪ੍ਰਸਾਦ ਨਾਮੀ ਉਕਤ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ। ਹਿਰਾਸਤ ’ਚ ਲਏ ਗਏ ਇਕ ਹੋਰ ਵਿਅਕਤੀ ਦੀ ਪਛਾਣ ਐਡਵਿਨ ਨੂਨਸ ਵਜੋਂ ਹੋਈ ਹੈ। 42 ਸਾਲਾ ਸੋਨਾਲੀ ਦੀ 23 ਅਗਸਤ ਨੂੰ ਸਵੇਰੇ ਭੇਤਭਰੇ ਹਾਲਾਤ ’ਚ ਮੌਤ ਹੋ ਗਈ ਸੀ।
ਗੋਆ ਦੀ ਇਕ ਅਦਾਲਤ ਨੇ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਸੁਧੀਰ ਸਾਗਵਾਨ ਅਤੇ ਸੁਖਵਿੰਦਰ ਸਿੰਘ ਨੂੰ ਸ਼ਨੀਵਾਰ 10 ਦਿਨ ਲਈ ਪੁਲਸ ਹਿਰਾਸਤ ’ਚ ਭੇਜ ਦਿੱਤਾ। ਦੋਵੇਂ 22 ਅਗਸਤ ਨੂੰ ਸੋਨਾਲੀ ਨਾਲ ਗੋਆ ਪੁੱਜੇ ਸਨ। ਅਧਿਕਾਰੀਆਂ ਨੇ ਦੋਹਾਂ ’ਤੇ ਸੋਨਾਲੀ ਦੀ ਹੱਤਿਆ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਕੁਝ ਅਜਿਹਾ ਸੀ ਸੋਨਾਲੀ ਫੋਗਾਟ ਦਾ ਹਾਲ, CCTV ਫੁਟੇਜ਼ ਵੇਖ ਉੱਡੇ ਸਭ ਦੇ ਹੋਸ਼ (ਵੀਡੀਓ)
ਇਸ ਦਰਮਿਆਨ ਮਰਹੂਮ ਸੋਨਾਲੀ ਫੋਗਾਟ ਦੀ ਧੀ ਯਸ਼ੋਧਰਾ ਅਤੇ ਉਸ ਦੇ ਹੋਰ ਰਿਸ਼ਤੇਦਾਰ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚ ਗਏ ਹਨ।
ਗੋਆ ਪੁਲਸ ਜਾਂਚ ਲਈ ਆਵੇਗੀ ਹਿਸਾਰ
ਸੂਤਰਾਂ ਮੁਤਾਬਕ ਸੋਨਾਲੀ ਦੇ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਗੋਆ ਪੁਲਸ ਹਰਿਆਣਾ ਆਵੇਗੀ। ਗੋਆ ਪੁਲਸ ਹਿਸਾਰ ’ਚ ਸੋਨਾਲੀ ਦੇ ਘਰ ਵੀ ਜਾ ਸਕਦੀ ਹੈ। ਧਿਆਨ ਯੋਗ ਹੈ ਕਿ ਸੋਨਾਲੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੁਧੀਰ ਸੋਨਾਲੀ ਨੂੰ ਉਸ ਦਾ ਕਰੀਅਰ ਖ਼ਰਾਬ ਕਰਨ ਦੀ ਧਮਕੀ ਦਿੰਦਾ ਸੀ।
ਦੱਸ ਦੇਈਏ ਇਸ ਕਤਲਕਾਂਡ ਨਾਲ ਜੁੜਿਆ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ’ਚ ਮੁਲਜ਼ਮ ਸੁਧੀਰ ਸਾਂਗਵਾਨ ਸੋਨਾਲੀ ਫੋਗਾਟ ਨੂੰ ਜ਼ਬਰਦਸਤੀ ਕੋਈ ਡਰਿੰਕ ਪਿਆਉਂਦਾ ਨਜ਼ਰ ਆ ਰਿਹਾ ਹੈ, ਜਦਕਿ ਸ਼ੁੱਕਰਵਾਰ ਨੂੰ ਹੀ ਇਕ ਅਜਿਹਾ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ’ਚ ਲੜਖੜਾਉਂਦੀ ਹਾਲਤ ’ਚ ਸੋਨਾਲੀ ਨੂੰ ਸੁਧੀਰ ਫੜ ਕੇ ਲਿਜਾਂਦਾ ਨਜ਼ਰ ਆ ਰਿਹਾ ਸੀ।