‘ਨਿਕਿਤਾ ਰਾਏ’ ’ਚ ਨੈਨਸੀ ਡ੍ਰਿਯੂ ਵਰਗੀਆਂ ਕਹਾਣੀਆਂ ਵਾਲੀ ਮਿਸਟਰੀ ਦੀ ਫੀਲਿੰਗ : ਸੋਨਾਕਸ਼ੀ ਸਿਨਹਾ

Sunday, Jul 13, 2025 - 02:07 PM (IST)

‘ਨਿਕਿਤਾ ਰਾਏ’ ’ਚ ਨੈਨਸੀ ਡ੍ਰਿਯੂ ਵਰਗੀਆਂ ਕਹਾਣੀਆਂ ਵਾਲੀ ਮਿਸਟਰੀ ਦੀ ਫੀਲਿੰਗ : ਸੋਨਾਕਸ਼ੀ ਸਿਨਹਾ

ਬਾਲੀਵੁੱਡ ਦੀ ਦਮਦਾਰ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ ਹੈ। ਆਪਣੀ ਸ਼ਾਨਦਾਰ ਅਦਾਕਾਰੀ, ਦਿਲ ਜਿੱਤ ਲੈਣ ਵਾਲੇ ਅੰਦਾਜ਼ ਅਤੇ ਆਤਮਨਿਰਭਰ ਸੋਚ ਲਈ ਉਹ ਲਗਾਤਾਰ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹਾਲ ਹੀ ਵਿਚ ਉਹ ਆਪਣੀ ਆਉਣ ਵਾਲੀ ਫਿਲਮ ‘ਨਿਕਿਤਾ ਰਾਏ’ ਲਈ ਚਰਚਾ ’ਚ ਹੈ, ਜਿਸ ਵਿਚ ਉਹ ਇਕ ਜਾਸੂਸ ਦੀ ਭੂਮਿਕਾ ਨਿਭਾਅ ਰਹੀ ਹੈ। ਫਿਲਮ ਦੀ ਕਹਾਣੀ ਇਕ ਅਜਿਹੇ ਬਾਬਾ (ਪਰੇਸ਼ ਰਾਵਲ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਲੋਕਾਂ ਨੂੰ ਭੂਤ-ਪ੍ਰੇਤਾਂ ਤੋਂ ਮੁਕਤੀ ਦਿਵਾਉਣ ਦਾ ਦਾਅਵਾ ਕਰਦਾ ਹੈ। ਫਿਲਮ ਇਕ ਹਾਰਰ ਸੁਪਰਨੈਚੁਰਲ ਥ੍ਰਿਲਰ ਹੈ ਅਤੇ ਇਸ ਵਿਚ ਅਰਜੁਨ ਰਾਮਪਾਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ 18 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ਬਾਰੇ ਸੋਨਾਕਸ਼ੀ ਸਿਨਹਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਪ੍ਰ. ਤੁਸੀਂ ਇਸ ਫਿਲਮ ਦੇ ਲਈ ਹਾਂ ਕਿਉਂ ਕੀਤੀ?

ਮੈਨੂੰ ਫਿਲਮ ਦੀ ਕਹਾਣੀ ਬਹੁਤ ਪਸੰਦ ਆਈ, ਜੋ ਕਿਸੇ ਵੀ ਪ੍ਰਾਜੈਕਟ ਦਾ ਸਭ ਤੋਂ ਅਹਿਮ ਹਿੱਸਾ ਹੁੰਦੀ ਹੈ। ਮੈਂ ਹਮੇਸ਼ਾ ਅਜਿਹੇ ਕਿਰਦਾਰਾਂ ਦੀ ਭਾਲ ’ਚ ਰਹਿੰਦੀ ਹਾਂ, ਜੋ ਦਿਲਚਸਪ ਤੇ ਚੈਲੇਂਜਿੰਗ ਹੋਣ। ਜਦੋਂ ਮੇਰਾ ਭਰਾ ਕੁਸ਼ (ਫਿਲਮ ਦੇ ਨਿਰਦੇਸ਼ਕ) ਇਹ ਸਕ੍ਰਿਪਟ ਲੈ ਕੇ ਮੇਰੇ ਕੋਲ ਆਇਆ ਅਤੇ ਉਸ ਨੇ ਕਹਾਣੀ ਸੁਣਾਈ ਤਾਂ ਮੈਨੂੰ ਬੇਹੱਦ ਦਿਲਚਸਪ ਲੱਗੀ। ਅਸੀਂ ਮਿਲ ਕੇ ਇਸ ਉੱਪਰ ਕੰਮ ਕੀਤਾ ਅਤੇ ਤਾਂ ਜਾ ਕੇ ਇਹ ਫਿਲਮ ‘ਨਿਕਿਤਾ ਰਾਏ’ ਬਣੀ।

ਪ੍ਰ. ਫਿਲਮ ਤਾਂ ਸ਼ਾਨਦਾਰ ਹੈ ਪਰ ਕੋਈ ਇਕ ਅਜਿਹਾ ਐਲੀਮੈਂਟ ਜੋ ਤੁਹਾਨੂੰ ਵਾਓ ਲੱਗਿਆ?

ਫਿਲਮ ਦੀ ਕਹਾਣੀ ਆਪਣੇ-ਆਪ ’ਚ ਕਾਫੀ ਅਲੱਗ ਸੀ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਨੂੰ ਪਰੇਸ਼ ਰਾਵਲ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ। ਜਦੋਂ ਮੈਂ ਫਿਲਮ ਸਾਈਨ ਕੀਤੀ ਸੀ, ਉਸ ਸਮੇਂ ਪਰੇਸ਼ ਜੀ ਸਾਡੇ ਵਿਸ਼ਲਿਸਟ ਵਿਚ ਟਾਪ ’ਤੇ ਸਨ। ਮੈਂ ਕੁਸ਼ ਨੂੰ ਕਿਹਾ ਸੀ ਕਿ ਜੇਕਰ ਪਰੇਸ਼ ਜੀ ਫਿਲਮ ਕਰਨਗੇ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ, ਹਾਲਾਂਕਿ ਮੈਂ ਇਹ ਕਦੇ ਸ਼ਰਤ ਨਹੀਂ ਰੱਖੀ ਕਿ ਉਹ ਹੀ ਹੋਣ, ਨਹੀਂ ਤਾਂ ਨਹੀਂ ਕਰਾਂਗੀ। ਮੈਂ ਆਪਣੇ ਕਿਰਦਾਰ ਨੂੰ ਲੈ ਕੇ ਜਾਗਰੂਕ ਰਹਿੰਦੀ ਹਾਂ ਪਰ ਜੇਕਰ ਤੁਹਾਡੇ ਨਾਲ ਚੰਗੇ ਕਲਾਕਾਰ ਹੋਣ ਤਾਂ ਸੋਨੇ ’ਤੇ ਸੁਹਾਗਾ ਹੋ ਜਾਂਦਾ ਹੈ।

ਪ੍ਰ. ਸੈੱਟ ਦਾ ਮਾਹੌਲ ਕਿਹੋ ਜਿਹਾ ਸੀ, ਖ਼ਾਸ ਤੌਰ ’ਤੇ ਜਦੋਂ ਤੁਹਾਡੇ ਭਰਾ ਡਾਇਰੈਕਟ ਕਰ ਰਿਹਾ ਸੀ। ਕੋਈ ਭਰਾ-ਭੈਣ ਦੀ ਨੋਕ-ਝੋਕ?

ਨਹੀਂ, ਸੈੱਟ ’ਤੇ ਮਾਹੌਲ ਬਹੁਤ ਪ੍ਰੋਫੈਸ਼ਨਲ ਸੀ। ਭਰਾ ਨਿਰਦੇਸ਼ਕ ਸੀ ਤੇ ਮੈਂ ਅਦਾਕਾਰਾ। ਅਸੀਂ ਦੋਵਾਂ ਨੇ ਆਪੋ-ਆਪਣੀ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਨਿਭਾਇਆ। ਇਹ ਉਸ ਦੀ ਪਹਿਲੀ ਫਿਲਮ ਸੀ ਅਤੇ ਮੈਂ ਚਾਹੁੰਦੀ ਸੀ ਕਿ ਉਹ ਇਸ ਤਜਰਬੇ ਨੂੰ ਪੂਰੀ ਤਰ੍ਹਾਂ ਇੰਜੁਆਏ ਕਰੇ। ਉਸ ਨੇ ਸਕ੍ਰਿਪਟ ’ਤੇ ਬਹੁਤ ਮਿਹਨਤ ਕੀਤੀ ਸੀ ਅਤੇ ਇਸ ਲਈ ਮੈਨੂੰ ਸ਼ੂਟਿੰਗ ਦੌਰਾਨ ਕੋਈ ਪ੍ਰੇਸ਼ਾਨੀ ਨਹੀਂ ਹੋਈ।

ਪ੍ਰ. ਵਿੱਕੀ ਭਗਨਾਨੀ ਦੀ ਵੀ ਇਹ ਪਹਿਲੀ ਫਿਲਮ ਹੈ, ਜਿਸ ਨੂੰ ਉਨ੍ਹਾਂ ਨੇ ਪ੍ਰੋਡਿਊਸ ਕੀਤਾ ਹੈ, ਉਨ੍ਹਾਂ ਦੇ ਨਾਲ ਤਜਰਬਾ ਕਿਹੋ ਜਿਹਾ ਰਿਹਾ?

ਜਿਵੇਂ ਕਿ ਤੁਸੀਂ ਕਿਹਾ, ਇਹ ਉਨ੍ਹਾਂ ਦੀ ਪਹਿਲੀ ਫਿਲਮ ਸੀ ਬਤੌਰ ਨਿਰਮਾਤਾ ਤੇ ਉਨ੍ਹਾਂ ਦੇ ਨਾਲ ਕੰਮ ਕਰਨਾ ਅਸਲ ’ਚ ਬਹੁਤ ਚੰਗਾ ਤਜਰਬਾ ਰਿਹਾ। ਉਹ ਬੇਹੱਦ ਮਿਲਣਸਾਰ ਤੇ ਸਮਝਦਾਰ ਇਨਸਾਨ ਹਨ। ਮੇਰੇ ਹਿਸਾਬ ਨਾਲ ਇਕ ਪ੍ਰੋਡਿਊਸਰ ਦਾ ਥੀਏਟਰ ’ਚ ਫਿਲਮ ਰਿਲੀਜ਼ ਕਰਨ ਦਾ ਫ਼ੈਸਲਾ ਲੈਣਾ ਬਹੁਤ ਹਿੰਮਤ ਦੀ ਗੱਲ ਹੈ, ਖ਼ਾਸ ਤੌਰ ’ਤੇ ਜਦੋਂ ਉਹ ਪਹਿਲੀ ਵਾਰ ਇਹ ਕਰ ਰਹੇ ਹੋਣ। ਮੈਂ ਉਨ੍ਹਾਂ ਨੂੰ ਬਹੁਤ ਸ਼ੁੱਭਕਾਮਨਾਵਾਂ ਦਿੰਦੀ ਹਾਂ।

ਪ੍ਰ. ਤੁਸੀਂ ਹਨੀ ਸਿੰਘ ਦੇ ਨਾਲ ਵੀ ਕੰਮ ਕੀਤਾ ਹੈ, ਤਜਰਬਾ ਕਿਹੋ ਜਿਹਾ ਰਿਹਾ?

ਉਨ੍ਹਾਂ ਦੇ ਨਾਲ ਕੰਮ ਕਰਨਾ ਇਕ ਸ਼ਾਨਦਾਰ ਤਜਰਬਾ ਰਿਹਾ। ਉਹ ਅਸਲ ’ਚ ਟੈਲੇਂਟਿਡ ਹਨ। ਬਦਕਿਸਮਤੀ ਕਿ ਜਿਸ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਦੌਰਾਨ ਅਸੀਂ ਕਾਂਟੈਕਟ ’ਚ ਨਹੀਂ ਸੀ ਪਰ ਜਦੋਂ ਵੀ ਅਸੀਂ ਮਿਲੇ, ਅਜਿਹਾ ਕਦੇ ਮਹਿਸੂਸ ਨਹੀਂ ਹੋਇਆ ਕਿ ਅਸੀਂ ਟੱਚ ’ਚ ਨਹੀਂ ਸੀ। ਉਹ ਇਕ ਬੇਹੱਦ ਪਿਆਰੇ ਇਨਸਾਨ ਹਨ ਅਤੇ ਉਨ੍ਹਾਂ ਨੇ ਜ਼ਿੰਦਗੀ ’ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਮੈਨੂੰ ਉਨ੍ਹਾਂ ਦੀ ਸਭ ਤੋਂ ਚੰਗੀ ਗੱਲ ਇਹੀ ਲੱਗਦੀ ਹੈ ਕਿ ਉਹ ਜਿਵੇਂ ਹਨ, ਉਵੇਂ ਹੀ ਖ਼ੁਦ ਨੂੰ ਸਾਹਮਣੇ ਲਿਆਉਂਦੇ ਹਨ।

ਪ੍ਰ. ਤੁਸੀਂ ਕਰੀਅਰ ਦੀ ਸ਼ੁਰੂਆਤ ਇਕ ਕਾਸਟਿਊਮ ਡਿਜ਼ਾਈਨਰ ਦੇ ਰੂਪ ’ਚ ਕੀਤੀ ਸੀ, ਫਿਰ ਅਚਾਨਕ ਐਕਟਿੰਗ ’ਚ ਕਿਵੇਂ ਆਏ?

ਮੈਨੂੰ ਲੱਗਦਾ ਹੈ ਕਿ ਇਹ ਸਭ ਕਿਸਮਤ ਦੀ ਖੇਡ ਸੀ। ਮੈਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਸੀ ਅਤੇ ਉਸ ਵਿਚ ਮੈਂ ਕਾਫੀ ਚੰਗਾ ਕਰ ਰਹੀ ਸੀ। ਮੈਂ ਸਟੂਡੈਂਟ ਆਫ਼ ਦਿ ਯੀਅਰ ਸੀ ਅਤੇ ਹਰ ਵਿਸ਼ੇ ’ਚ ਟਾਪ ਕੀਤਾ ਸੀ ਪਰ ਅਚਾਨਕ ਮੇਰੀ ਜ਼ਿੰਦਗੀ ’ਚ ‘ਦਬੰਗ’ ਆਈ ਅਤੇ ਫਿਰ ਮੈਨੂੰ ਪਿੱਛੇ ਮੁੜ ਕੇ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ।

ਪ੍ਰ. ਫਿਲਮ ਨਾਲ ਜੁੜਿਆ ਕੋਈ ਯਾਦਗਾਰ ਮੋਮੈਂਟ?

ਹਾਂ, ਅਸੀਂ ਇਕ ਵਾਰ ਇਕ ਬਹੁਤ ਡਰਾਉਣੀ ਜਗ੍ਹਾ ’ਤੇ ਸ਼ੂਟ ਕੀਤਾ ਸੀ। ਜ਼ਿਆਦਾਤਰ ਸ਼ੂਟਿੰਗ ਯੂ. ਕੇ. ’ਚ ਹੋਈ ਹੈ। ਇਕ ਰਾਤ ਅਸੀਂ ਜੰਗਲ ’ਚ ਸ਼ੂਟ ਕਰ ਰਹੇ ਸੀ, ਉਹ ਜਗ੍ਹਾ ਕਾਫੀ ਡਰਾਉਣੀ ਸੀ। ਹਾਲਾਂਕਿ ਪੂਰਾ ਕਰੂ ਨਾਲ ਸੀ, ਫਿਰ ਵੀ ਡਰ ਲੱਗ ਰਿਹਾ ਸੀ। ਇਕ ਕਾਟੇਜ ਸੀ, ਜਿੱਥੇ ਸ਼ੂਟਿੰਗ ਚੱਲ ਰਹੀ ਸੀ, ਜੋ ਫਿਲਮ ਦੇ ਮੂਡ ਨਾਲ ਮੇਲ ਖਾ ਰਿਹਾ ਸੀ ਪਰ ਮੈਂ ਉੱਥੇ ਦੁਬਾਰਾ ਨਹੀਂ ਜਾਣਾ ਚਾਹੁੰਦੀ।

ਪੈਪ ਕਲਚਰ ਇੰਨਾ ਵਧ ਗਿਆ ਹੈ ਕਿ ਤੁਸੀਂ ਆਰਾਮ ਨਾਲ ਖਾਣਾ ਵੀ ਨਹੀਂ ਖਾ ਸਕਦੇ

ਪ੍ਰ. ਬਾਲੀਵੁੱਡ ’ਚ ਸਮੇਂ ਦੇ ਨਾਲ ਕੀ ਬਦਲਾਅ ਦੇਖੇ?

ਸਮੇਂ ਅਤੇ ਪ੍ਰੋਫੈਸ਼ਨਲਿਜ਼ਮ ਦੇ ਮਾਮਲੇ ’ਚ ਯਕੀਨੀ ਤੌਰ ’ਤੇ ਸੁਧਾਰ ਹੋਇਆ ਹੈ। ਕੰਮ ਕਰਨ ਦਾ ਤਰੀਕਾ ਬਿਹਤਰ ਹੋਇਆ ਹੈ ਪਰ ਸੋਸ਼ਲ ਮੀਡੀਆ ਕਾਰਨ ਪ੍ਰਾਈਵੇਸੀ ਕਾਫੀ ਘੱਟ ਹੋ ਗਈ ਹੈ। ਪੈਪ ਕਲਚਰ ਇੰਨਾ ਵਧ ਗਿਆ ਹੈ ਕਿ ਤੁਸੀਂ ਆਰਾਮ ਨਾਲ ਖਾਣਾ ਵੀ ਨਹੀਂ ਖਾ ਸਕਦੇ। ਇਹ ਕੁਝ ਚੀਜ਼ਾਂ ਹਨ, ਜੋ ਮੈਨੂੰ ਪਸੰਦ ਨਹੀਂ ਪਰ ਆਪਣੇ ਕੰਮ ਨਾਲ ਮੈਨੂੰ ਬਹੁਤ ਪਿਆਰ ਹੈ ਅਤੇ ਇਹੀ ਸਭ ਤੋਂ ਸੁੰਦਰ ਹਿੱਸਾ ਹੈ।

ਪ੍ਰ. ਕੋਈ ਅਜਿਹਾ ਕਿਰਦਾਰ, ਜੋ ਹਾਲੇ ਤੱਕ ਨਾ ਕੀਤਾ ਹੋਵੇ ਅਤੇ ਕਰਨਾ ਚਾਹੋ?

ਮੈਂ ਹਾਲੇ ਤੱਕ ਕੋਈ ਬਾਓਪਿਕ ਨਹੀਂ ਕੀਤੀ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ। ਸਾਡੇ ਦੇਸ਼ ’ਚ ਬਹੁਤ ਸਾਰੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਹੈ। ਜੇਕਰ ਕੋਈ ਕਹਾਣੀ ਅਜਿਹੀ ਮਿਲਦੀ ਹੈ, ਜਿਸ ’ਚ ਮੈਂ ਫਿੱਟ ਬੈਠਾਂ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ।

ਪ੍ਰ. ਤੁਸੀਂ ਹੁਣੇ ਜਿਹੇ ਇਕ ਗਾਣਾ ਸਟੋਰੀ ’ਤੇ ਸ਼ੇਅਰ ਕੀਤਾ ਸੀ, ਉਸ ਪਿੱਛੇ ਕੀ ਕਹਾਣੀ ਹੈ?

ਉਹ ਗਾਣਾ ਮੇਰੀ ਦੋਸਤ ਰਾਸ਼ੀ ਸੁਧ ਨੇ ਗਾਇਆ ਸੀ। ਉਹ ਮੇਰੇ ਵਿਆਹ ’ਚ ਨਹੀਂ ਆ ਸਕੀ ਸੀ ਪਰ ਉਸ ਨੇ ਮੇਰੇ ਲਈ ਇਹ ਗਾਣਾ ਬਣਾਇਆ। ਮੈਂ ਉਸ ਨੂੰ ਕਿਹਾ ਕਿ ਰਾਸ਼ੀ, ਇਹ ਮੇਰੀ ਪਹਿਲੀ ਵਰ੍ਹੇਗੰਢ ਹੈ ਅਤੇ ਮੈਨੂੰ ਤੇਰੀ ਆਵਾਜ਼ ਬਹੁਤ ਮਿਸ ਹੋ ਰਹੀ ਹੈ। ਮੈਂ ਇਹ ਵੀਡੀਓ ਸ਼ੇਅਰ ਕਰ ਰਹੀ ਹਾਂ ਤੇ ਤੈਨੂੰ ਵਾਪਸੀ ਕਰਨੀ ਚਾਹੀਦੀ ਹੈ ਕਿਉਂਕਿ ਤੇਰੀ ਆਵਾਜ਼ ਇੰਨੀ ਖ਼ੂਬਸੂਰਤ ਹੈ ਕਿ ਉਸ ਨੂੰ ਦੁਨੀਆ ਤੋਂ ਲੁਕਾਉਣਾ ਠੀਕ ਨਹੀਂ।

ਪ੍ਰ. ਤੁਸੀਂ ਹੁਣੇ ਜਿਹੇ ਆਪਣਾ ਬਿਊਟੀ ਬ੍ਰਾਂਡ ਲਾਂਚ ਕੀਤਾ ਹੈ, ਇਸ ਪਿੱਛੇ ਕੀ ਸੋਚ ਸੀ?

ਹਾਂ, ਮੈਂ ਪ੍ਰੈੱਸ-ਆਨ ਨੇਲਜ਼ ਦਾ ਇਕ ਬਿਊਟੀ ਬ੍ਰਾਂਡ ਲਾਂਚ ਕੀਤਾ ਹੈ। ਇਹ ਪੂਰੀ ਤਰ੍ਹਾਂ ਮੇਰੀ ਐਂਟਰਪ੍ਰੈਨਿਓਰਸ਼ਿਪ ਦਾ ਹਿੱਸਾ ਹੈ। ਮੇਰਾ ਮੰਨਣਾ ਹੈ ਕਿ ਹਰ ਔਰਤ ਨੂੰ ਆਤਮਨਿਰਭਰ ਬਣਨਾ ਚਾਹੀਦਾ ਹੈ। ਇਹ ਬ੍ਰਾਂਚ ਮੈਨੂੰ ਬਿਜ਼ਨੈੱਸ ਦੀ ਦੁਨੀਆ ਨੂੰ ਸਮਝਣ ਅਤੇ ਖ਼ੁਦ ਨੂੰ ਨਵੇਂ ਤਰੀਕੇ ਨਾਲ ਐਕਸਪ੍ਰੈੱਸ ਕਰਨ ਦਾ ਮੌਕਾ ਦਿੰਦੀ ਹੈ।
 


author

DIsha

Content Editor

Related News