ਮੰਨੇ-ਪ੍ਰਮੰਨੇ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਦਿੱਲੀ ਦੇ ਹਸਪਤਾਲ ''ਚ ਦੇਹਾਂਤ
Saturday, May 01, 2021 - 04:44 PM (IST)

ਨਵੀਂ ਦਿੱਲੀ (ਬਿਊਰੋ) : ਖ਼ਤਰਨਾਕ ਕੋਰੋਨਾ ਵਾਇਰਸ ਕਲਾਕਾਰਾਂ, ਸਾਹਿਤਕਾਰਾਂ ਅਤੇ ਪੱਤਰਕਾਰਾਂ 'ਤੇ ਕਹਿਰ ਬਣ ਕੇ ਟੁੱਟ ਰਿਹਾ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਕਈ ਸਾਹਿਤਕਾਰ ਅਤੇ ਪੱਤਰਕਾਰ ਕੋਰੋਨਾ ਵਾਇਰਸ ਸੰਕ੍ਰਮਣ ਦੀ ਚਪੇਟ 'ਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ, ਇਨ੍ਹਾਂ 'ਚ ਕਵੀ-ਗੀਤਕਾਰ ਵੀ ਸ਼ਾਮਲ ਹਨ। ਤਾਜ਼ਾ ਮਾਮਲਿਆਂ 'ਚ ਸੀ. ਆਰ. ਪਾਰਕ ਥਾਣਾ ਖ਼ੇਤਰ 'ਚ ਰਹਿਣ ਵਾਲੇ ਮੰਨੇ-ਪ੍ਰਮੰਨੇ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਸ਼ਨੀਵਾਰ ਸਵੇਰੇ ਦਿੱਲੀ ਦੇ ਜੀ. ਟੀ. ਬੀ. ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਸਨ।
ਦੱਸ ਦਈਏ ਕਿ ਦੇਸ਼ ਦੇ ਮਸ਼ਹੂਰ ਸਿਤਾਰ ਵਾਦਕਾਂ 'ਚੋਂ ਇਕ ਦੇਬੂ ਚੌਧਰੀ ਸੰਗੀਤ ਦੇ ਸੇਨਿਆ ਘਰਾਣੇ 'ਚੋਂ ਸੀ। ਦੇਬੂ ਚੌਧਰੀ ਨੂੰ ਪਦਮ ਭੂਸ਼ਣ ਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਸਿਤਾਰਵਾਦਕ ਦੇਬੂ ਚੌਧਰੀ ਦੇ ਪਰਿਵਾਰ 'ਚ ਉਨ੍ਹਾਂ ਦੇ ਬੇਟੇ ਪ੍ਰਤੀਕ, ਨੂੰਹ ਰੂਨਾ ਅਤੇ ਪੋਤੀ ਰਿਆਨਾ ਤੇ ਪੋਤਾ ਅਧਿਰਾਜ ਹਨ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, 28 ਅਪ੍ਰੈਲ ਦੀ ਰਾਤ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਇਸਦੀ ਜਾਣਕਾਰੀ ਟਵਿੱਟਰ 'ਤੇ ਦਿੱਤੀ ਸੀ। ਇਸ ਤੋਂ ਬਾਅਦ ਸਥਾਨਕ ਪੁਲਸ ਟੀਮ ਨੇ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਤੇ ਹੋਰ ਮੈਡੀਕਲ ਉਪਕਰਨ ਉਪਲੱਬਧ ਕਰਵਾਏ ਸਨ। ਤਬੀਅਤ ਵਿਗੜਨ 'ਤੇ 29 ਅਪ੍ਰੈਲ ਨੂੰ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ ਵੈਂਟੀਲੇਟਰ 'ਤੇ ਸਨ। ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ।