ਪੁਲਸ ਕਸਟਡੀ ''ਚ ਹੋਈ Singer ਦੀ ਮੌਤ, ਪਰਿਵਾਰ ਨੇ ਪ੍ਰਸ਼ਾਸਨ ''ਤੇ ਲਗਾਏ ਗੰਭੀਰ ਦੋਸ਼
Tuesday, Jan 13, 2026 - 12:04 PM (IST)
ਐਂਟਰਟੇਨਮੈਂਟ ਡੈਸਕ- ਬੰਗਲਾਦੇਸ਼ ਦੇ ਮਸ਼ਹੂਰ ਹਿੰਦੂ ਗਾਇਕ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ, ਅਵਾਮੀ ਲੀਗ ਦੇ ਆਗੂ ਪ੍ਰਲੋਏ ਚਾਕੀ ਦੀ ਐਤਵਾਰ ਰਾਤ ਪੁਲਸ ਹਿਰਾਸਤ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਮੌਤ ਰਾਜਸ਼ਾਹੀ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਰਿਵਾਰ ਦਾ ਇਲਜ਼ਾਮ: 'ਇਲਾਜ 'ਚ ਹੋਈ ਲਾਪਰਵਾਹੀ'
ਪ੍ਰਲੋਏ ਚਾਕੀ ਦੇ ਬੇਟੇ ਅਤੇ ਸੰਗੀਤ ਨਿਰਦੇਸ਼ਕ ਸੋਨੀ ਚਾਕੀ ਨੇ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਕਿਸੇ ਵੀ ਮਾਮਲੇ ਵਿੱਚ ਨਾਮਜ਼ਦ ਨਾ ਹੋਣ ਦੇ ਬਾਵਜੂਦ ਹਿਰਾਸਤ ਵਿੱਚ ਲਿਆ ਗਿਆ ਸੀ। ਪਰਿਵਾਰ ਅਨੁਸਾਰ ਜੇਲ੍ਹ ਵਿੱਚ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲਿਆ, ਜੋ ਉਨ੍ਹਾਂ ਦੀ ਮੌਤ ਦਾ ਮੁੱਖ ਕਾਰਨ ਬਣਿਆ।
ਜੇਲ੍ਹ ਪ੍ਰਸ਼ਾਸਨ ਨੇ ਦਿੱਤੀ ਸਫਾਈ
ਦੂਜੇ ਪਾਸੇ ਪਬਨਾ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਓਮਰ ਫਾਰੂਕ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਪ੍ਰਲੋਏ ਚਾਕੀ ਪਹਿਲਾਂ ਹੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਡਾਕਟਰਾਂ ਨੇ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਪਹਿਲਾਂ ਪਬਨਾ ਸਦਰ ਹਸਪਤਾਲ ਭੇਜਿਆ ਸੀ, ਜਿੱਥੋਂ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੂੰ ਰਾਜਸ਼ਾਹੀ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਐਤਵਾਰ ਰਾਤ ਉਨ੍ਹਾਂ ਨੇ ਦਮ ਤੋੜ ਦਿੱਤਾ।
ਕੌਣ ਸਨ ਪ੍ਰਲੋਏ ਚਾਕੀ?
ਪ੍ਰਲੋਏ ਚਾਕੀ ਸਿਰਫ਼ ਇੱਕ ਸਿਆਸੀ ਨੇਤਾ ਹੀ ਨਹੀਂ ਸਨ, ਸਗੋਂ ਬੰਗਲਾਦੇਸ਼ ਦੇ ਇੱਕ ਚਰਚਿਤ ਸੰਗੀਤਕਾਰ ਅਤੇ ਸੱਭਿਆਚਾਰਕ ਕਾਰਕੁਨ ਵੀ ਸਨ। ਉਹ ਅਵਾਮੀ ਲੀਗ ਦੀ ਪਬਨਾ ਜ਼ਿਲ੍ਹਾ ਇਕਾਈ ਵਿੱਚ ਸੱਭਿਆਚਾਰਕ ਮਾਮਲਿਆਂ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ। 1990 ਦੇ ਦਹਾਕੇ ਤੋਂ ਸੱਭਿਆਚਾਰਕ ਅੰਦੋਲਨਾਂ ਵਿੱਚ ਸਰਗਰਮ ਚਾਕੀ ਦੇ ਗੀਤ ਘੱਟ ਗਿਣਤੀ ਅਤੇ ਪ੍ਰਗਤੀਸ਼ੀਲ ਭਾਈਚਾਰਿਆਂ ਵਿੱਚ ਬੇਹੱਦ ਮਕਬੂਲ ਸਨ।
ਗ੍ਰਿਫ਼ਤਾਰੀ ਪਿੱਛੇ ਦਾ ਕਾਰਨ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਪੁਲਸ ਨੇ ਪ੍ਰਲੋਏ ਚਾਕੀ ਨੂੰ 2024 ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਏ ਇੱਕ ਧਮਾਕੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪਰਿਵਾਰ ਦਾ ਦਾਅਵਾ ਹੈ ਕਿ ਗ੍ਰਿਫ਼ਤਾਰੀ ਦੇ ਸਮੇਂ ਕੇਸ ਵਿੱਚ ਉਨ੍ਹਾਂ ਦਾ ਨਾਮ ਤੱਕ ਸ਼ਾਮਲ ਨਹੀਂ ਸੀ। ਇਹ ਕਾਰਵਾਈ ਅਜਿਹੇ ਸਮੇਂ ਹੋਈ ਸੀ ਜਦੋਂ ਅੰਤਰਿਮ ਸਰਕਾਰ ਦੌਰਾਨ ਅਵਾਮੀ ਲੀਗ ਨਾਲ ਜੁੜੇ ਲੋਕਾਂ 'ਤੇ ਵੱਡੇ ਪੱਧਰ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਸੀ।
