ਸਿੱਖ ਹਾਲੀਵੁੱਡ ਅਦਾਕਾਰ ਨੇ ਨਹੀਂ ਉਤਾਰੀ ਪੱਗ ਤਾਂ ਜਹਾਜ਼ ਚੜ੍ਹਣ ਤੋਂ ਰੋਕਿਆ

02/09/2016 6:29:09 PM

ਵਾਸ਼ਿੰਗਟਨ : ਨਿਊਯਾਰਕ ''ਚ ਆਪਣੇ ਘਰ ਜਾ ਰਹੇ ਸਿੱਖ ਅਮਰੀਕੀ ਅਦਾਕਾਰ ਅਤੇ ਡਿਜ਼ਾਈਨਰ ਵਾਰਿਸ ਆਹਲੂਵਾਲੀਆ ਨੂੰ ਉਸ ਵੇਲੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਮੈਕਸੀਕੋ ''ਚ ਇਸ ਲਈ ਜਹਾਜ਼ ''ਚ ਚੜ੍ਹਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਸੁਰੱਖਿਆ ਜਾਂਚ ਦੌਰਾਨ ਆਪਣੀ ਪੱਗ ਲਾਹੁਣ ਤੋਂ ਇਨਕਾਰ ਕਰ ਦਿੱਤਾ ਸੀ। 
ਨਿਊਯਾਰਕ ਟਾਈਮਜ਼ ਅਨੁਸਾਰ ਆਹਲੂਵਾਲੀਆ ਨੇ ਕਿਹਾ ਕਿ ਉਹ ਸੋਮਵਾਰ ਨੂੰ ਮੈਕਸੀਕੋ ਸਿਟੀ ਦੇ ਕੌਮਾਂਤਰੀ ਹਵਾਈ ਅੱਡੇ  ''ਤੇ ਤੜਕੇ ਲੱਗਭਗ ਸਾਢੇ ਪੰਜ ਵਜੇ ਐਰੋਮੈਕਸੀਕੋ ਕਾਊਂਟਰ ''ਤੇ ਪਹੁੰਚੇ ਅਤੇ ਉਨ੍ਹਾਂ ਨੂੰ ਬੋਰਡਿੰਗ ਪਾਸ ਦਿੱਤਾ ਗਿਆ, ਜਿਸ ਪਿੱਛੋਂ ਉਨ੍ਹਾਂ ਨੇ ਹੋਰ ਸੁਰੱਖਿਆ ਜਾਂਚਾਂ ਦੀ ਮੰਗ ਕੀਤੀ। 
ਆਹਲੂਵਾਲੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਨਿਊਯਾਰਕ ਸਿਟੀ ਜਾਣ ਲਈ ਜਹਾਜ਼ 408 ਵੱਲ ਜਾਣ ਦਾ ਰਸਤਾ ਦਿਖਾਇਆ ਗਿਆ ਤਾਂ ਇਕ ਕਰਮਚਾਰੀ ਨੇ ਉਨ੍ਹਾਂ ਨੂੰ ਰੋਕ ਕੇ ਬਾਕੀ  ਮੁਸਾਫਿਰਾਂ ਦੇ ਚੜ੍ਹਣ ਤੱਕ ਉਡੀਕ ਕਰਨ ਲਈ ਕਿਹਾ। ਸਾਰੇ ਮੁਸਾਫਿਰਾਂ ਦੇ ਚੜ੍ਹ ਜਾਣ ਪਿੱਛੋਂ ਆਹਲੂਵਾਲੀਆ ਦੇ ਪੈਰਾਂ ਅਤੇ ਬੈਗ ਦੀ ਜਾਂਚ ਕੀਤੀ ਗਈ ਅਤੇ ਇਸ ਪਿੱਛੋਂ ਉਨ੍ਹਾਂ ਨੂੰ ਸਵੈੱਟਸ਼ਰਟ ਤੇ ਪੱਗ ਲਾਹੁਣ ਲਈ ਕਿਹਾ ਗਿਆ।
ਆਹਲੂਵਾਲੀਆ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੱਗ ਲਾਹੁਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਜਹਾਜ਼ ''ਚ ਚੜ੍ਹਣ ਤੋਂ ਮਨ੍ਹਾ ਕਰ ਦਿੱਤਾ ਗਿਆ। ਅਦਾਕਾਰ ਨੇ ਦੱਸਿਆ ਕਿ ਇਕ ਹੋਰ ਏਅਰਲਾਈਨ ਸੁਰੱਖਿਆ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਉਹ ਸੁਰੱਖਿਆ ਮੰਗਾਂ ਨੂੰ ਪੂਰਾ ਨਹੀਂ ਕਰ ਦਿੰਦੇ। ਉਦੋਂ ਤੱਕ ਉਹ ਕਿਸੇ ਵੀ ਜਹਾਜ਼ ''ਚ ਨਹੀਂ ਜਾ ਸਕਦੇ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਪੱਗ ਕਿਉਂ ਨਹੀਂ ਉਤਾਰੀ ਤਾਂ ਉਨ੍ਹਾਂ ਨੇ ਕਿਹਾ, ''''ਇਹ ਮੇਰੇ ਵਿਸ਼ਵਾਸ ਦਾ ਪ੍ਰਤੀਕ ਹੈ। ਮੈਂ ਜਦੋਂ ਵੀ ਜਨਤਕ ਸਥਾਨ ''ਤੇ ਜਾਂਦਾ ਹਾਂ ਤਾਂ ਇਸ ਨੂੰ ਜ਼ਰੂਰ ਬੰਨ੍ਹਦਾ ਹਾਂ।'''' ਇਸ ਸੰਬੰਧੀ ਏਅਰਲਾਈਨ ਵਲੋਂ ਸੋਮਵਾਰ ਨੂੰ ਜਾਰੀ ਬਿਆਨ ''ਚ ਕਿਹਾ ਗਿਆ ਕਿ ਆਹਲੂਵਾਲੀਆ ਦੀ ਸੁਰੱਖਿਆ ਜਾਂਚ ਟ੍ਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ ਪ੍ਰੋਟੋਕਾਲ ਦੇ ਤਹਿਤ ਕੀਤੀ ਗਈ ਸੀ।


Related News