ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ਇਸ ਦਿਨ ਹੋਵੇਗਾ ਰਿਲੀਜ਼, ਸਲੀਮ ਮਰਚੈਂਟ ਨੇ ਕੀਤਾ ਐਲਾਨ

Thursday, Aug 25, 2022 - 11:19 AM (IST)

ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ਇਸ ਦਿਨ ਹੋਵੇਗਾ ਰਿਲੀਜ਼, ਸਲੀਮ ਮਰਚੈਂਟ ਨੇ ਕੀਤਾ ਐਲਾਨ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ। ਅੱਜ ਯਾਨੀ 25 ਅਗਸਤ ਨੂੰ ਸਿੱਧੂ ਮੂਸੇ ਵਾਲਾ ਲਈ ਕੈਂਡਲ ਮਾਰਚ ਉਸ ਦੇ ਪਿੰਡ ਵਿਖੇ ਕੱਢਿਆ ਜਾਵੇਗਾ। ਇਸ ਵਿਚਾਲੇ ਸਿੱਧੂ ਦੇ ਪ੍ਰਸ਼ੰਸਕਾਂ ਲਈ ਉਸ ਦੇ ਨਵੇਂ ਗੀਤ ਦੀ ਅਪਡੇਟ ਸਾਹਮਣੇ ਆਈ ਹੈ। ਇਹ ਅਪਡੇਟ ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਦਿੱਤੀ ਹੈ।

ਸਲੀਮ ਮਰਚੈਂਟ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸਲੀਮ ਮਰਚੈਂਟ ਨੇ ਕਿਹਾ, ‘‘ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਨੂੰ ਬਹੁਤ ਲੋਕ ਪੁੱਛਦੇ ਹਨ ਕਿ ਸਿੱਧੂ ਮੂਸੇ ਵਾਲਾ ਨਾਲ ਗੀਤ ਕਦੋਂ ਰਿਲੀਜ਼ ਹੋਵੇਗਾ ਤੇ ਹੁਣ ਉਹ ਸਮਾਂ ਆ ਗਿਆ ਹੈ। ਇਹ ਗੀਤ ਜੁਲਾਈ 2021 ਨੂੰ ਚੰਡੀਗੜ੍ਹ ’ਚ ਰਿਕਾਰਡ ਕੀਤਾ ਗਿਆ ਸੀ। ਮੈਂ ਪਿਛਲੇ ਸਾਲ ਅਫਸਾਨਾ ਖ਼ਾਨ ਨੂੰ ਮਿਿਲਆ ਤੇ ਉਨ੍ਹਾਂ ਨੇ ਮੇਰੀ ਮੁਲਾਕਾਤ ਸਿੱਧੂ ਨਾਲ ਕਰਵਾਈ। ਸਿੱਧੂ ਦਾ ਜਜ਼ਬਾ ਆਪਣੀ ਕਲਾ ਲਈ, ਆਪਣੇ ਗੀਤਾਂ ਲਈ ਤੇ ਆਪਣੇ ਲੋਕਾਂ ਲਈ, ਜੋ ਸੋਚ ਸੀ, ਉਹ ਸੁਣ ਕੇ ਬਹੁਤ ਖ਼ੁਸ਼ੀ ਹੋਈ ਤੇ ਬਿਨਾਂ ਕਿਸੇ ਦੇਰੀ ਤੋਂ ਅਸੀਂ ਇਕੱਠਿਆਂ ਕੰਮ ਕਰਨ ਦਾ ਫ਼ੈਸਲਾ ਕਰ ਲਿਆ। ਇਸ ਗੀਤ ਦੀ ਰਿਕਾਰਡਿੰਗ ਮੇਰੇ ਅਜ਼ੀਜ਼ ਦੋਸਤ ਸਚਿਨ ਆਹੂਜਾ ਦੇ ਸਟੂਡੀਓ ’ਚ ਚੰਡੀਗੜ੍ਹ ਵਿਖੇ ਹੋਈ ਹੈ।’’

ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਸਲੀਮ ਨੇ ਅੱਗੇ ਕਿਹਾ, ‘‘ਇਕ ਬਹੁਤ ਹੀ ਖ਼ੂਬਸੂਰਤ ਤੇ ਦਿਲ ਨੂੰ ਛੂਹਣ ਵਾਲਾ ਗੀਤ ਰਿਕਾਰਡ ਕੀਤਾ। ਸਿੱਧੂ ਨੇ ਬਹੁਤ ਦਿਲ ਨਾਲ ਇਹ ਗੀਤ ਗਾਇਆ ਹੈ। ਫਿਰ ਅਫਸਾਨਾ ਖ਼ਾਨ ਨੇ ਵੀ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ। ਅੱਜ ਸਿੱਧੂ ਸਾਡੇ ਵਿਚਾਲੇ ਨਹੀਂ ਰਿਹਾ ਪਰ ਉਸ ਦੀ ਆਵਾਜ਼, ਉਸ ਦੀ ਸੋਚ ਇਸ ਗੀਤ ’ਚ ਹੈ। ਇਸੇ ਲਈ ਇਹ ਗੀਤ ਅਸੀਂ ਇਕ ਸ਼ਰਧਾਂਜਲੀ ਵਾਂਗ ਰਿਲੀਜ਼ ਕਰ ਰਹੇ ਹਾਂ। ਸਿੱਧੂ ਦੇ ਪ੍ਰਸ਼ੰਸਕਾਂ ਲਈ, ਸਿੱਧੂ ਨੂੰ ਪਿਆਰ ਕਰਨ ਵਾਲਿਆਂ ਤੇ ਦੇਸ਼-ਵਿਦੇਸ਼ਾਂ ’ਚ ਬੈਠੇ ਉਨ੍ਹਾਂ ਸਾਰਿਆਂ ਲਈ, ਜਿਨ੍ਹਾਂ ਨੂੰ ਸਿੱਧੂ ਦੇ ਗੀਤ ਪਸੰਦ ਆਉਂਦੇ ਹਨ।’’

ਅਖੀਰ ’ਚ ਸਲੀਮ ਮਰਚੈਂਟ ਕਹਿੰਦੇ ਹਨ, ‘‘ਸਿੱਧੂ ਦੇ ਸਨਮਾਨ ਲਈ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਸ ਗੀਤ ਦੀ ਕਮਾਈ ਦਾ ਇਕ ਹਿੱਸਾ ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਵੇਗਾ। ਇਸ ਗੀਤ ਦਾ ਨਾਂ ‘ਜਾਂਦੀ ਵਾਰ’ ਹੈ, ਜੋ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਤੁਸੀਂ ਇਸ ਗੀਤ ਦੇ ਆਡੀਓ ਰਾਈਟਸ ਦਾ ਇਕ ਹਿੱਸਾ ਖਰੀਦ ਸਕਦੇ ਹੋ kalakaar.io ’ਤੇ 31 ਅਗਸਤ ਨੂੰ ਤੇ ਇਸ ਗੀਤ ਦੇ ਕੁਝ ਹਿੱਸੇ ਦੇ ਮਾਲਕ ਬਣ ਸਕਦੇ ਹੋ।’’

ਦੱਸ ਦੇਈਏ ਕਿ ‘ਜਾਂਦੀ ਵਾਰ’ ਗੀਤ ਸਿੱਧੂ ਨੇ ਪਿਛਲੇ ਸਾਲ ਰਿਕਾਰਡ ਕੀਤਾ ਸੀ। ਸਲੀਮ ਮਰਚੈਂਟ ਨਾਲ ਸਿੱਧੂ ਮੂਸੇ ਵਾਲਾ ਦੀ ਮੁਲਾਕਾਤ ਦੀ ਵੀਡੀਓ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਸਨ। ਇਸ ਗੀਤ ਨੂੰ ਸਿੱਧੂ ਦੇ ਚਾਹੁਣ ਵਾਲੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜੋ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News