‘ਹੈਦਰ ਉਦਾਸ ਏ ਅੰਮਾਂ!’, ਇਕ ਕਹਾਣੀ ਵਾਹਗਿਓਂ ਪਾਰ ਦੀ

07/30/2022 1:00:35 PM

ਸਿੱਧੂ ਮੂਸੇ ਵਾਲਾ ਦੇ ਕਤਲ ਦਾ ਜਿੰਨਾ ਚੜ੍ਹਦੇ ਪੰਜਾਬ ’ਚ ਸੋਗ ਹੋਇਆ, ਕਰੀਬ ਉਨਾ ਹੀ ਲਹਿੰਦੇ ਪੰਜਾਬ ’ਚ ਵੀ। ਦੋਵਾਂ ਪੰਜਾਬਾਂ ’ਚ ਉਹ ਖ਼ਾਸ ਕਰਕੇ ਬੱਚਿਆਂ ਤੇ ਨੌਜਵਾਨਾਂ ’ਚ ਕਾਫੀ ਮਕਬੂਲ ਸੀ। ਮੇਰੇ ਗੁਆਂਢੀ ਪਿੰਡ ਬਜੂਹਾ ਖ਼ੁਰਦ, ਤਹਿਸੀਲ ਨਕੋਦਰ ਜ਼ਿਲਾ ਜਲੰਧਰ ਤੋਂ ਰੌਲਿਆਂ ਵੇਲੇ ਉੱਠ ਕੇ ਲਹਿੰਦੇ ਪੰਜਾਬ ਦੇ ਜ਼ਿਲਾ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲਾ ਦੇ ਪਿੰਡ 40 ਚੱਕ ਗੋਗੇਰਾ ਬ੍ਰਾਂਚ ’ਚ ਪ੍ਰਵਾਸ ਕਰ ਗਏ ਚੌਧਰੀ ਦਾਦ ਅਲੀ ਖਾਂ ਦੇ ਪੁੱਤ-ਪੋਤਰੇ ਹੁਣ ਤਕ ਆਪਣੇ ਬਜ਼ੁਰਗਾਂ ਦੀ ਜੰਮਣ ਭੋਇੰ ਨਾਲ ਜੁੜੇ ਹੋਏ ਹਨ।

ਚੌਧਰੀ ਦਾਦ ਅਲੀ ਖਾਂ ਦੇ ਪੋਤਰੇ ਚੌਧਰੀ ਜ਼ੁਲਫ਼ਕਾਰ ਅਲੀ ਖਾਂ ਦੇ ਅੱਗੋਂ ਪੋਤਰੇ ਜ਼ਰਗਾਮ ਹੈਦਰ ਵਲਦ ਰਾਣਾ ਇਜਾਜ਼ ਅਹਿਮਦ ਖਾਂ, ਜਿਸ ਦੀ ਉਮਰ ਕੋਈ ਪੰਜ ਕੁ ਵਰ੍ਹੇ ਹੈ, ਸਿੱਧੂ ਮੂਸੇ ਵਾਲਾ ਦਾ ਵੱਡਾ ਫ਼ੈਨ ਹੈ। ਰਾਣਾ ਇਜਾਜ਼ ਅਹਿਮਦ ਖਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ, ਜੋ ਲਾਇਲਪੁਰ ਦੇ ਅਲਾਈਡ ਸਕੂਲ ’ਚ ਅਜੇ ਕੱਚੀ ਪਹਿਲੀ ਦਾ ਵਿਦਿਆਰਥੀ ਹੈ, ਸਿੱਧੂ ਮੂਸੇ ਵਾਲਾ ਦੇ ਗੀਤਾਂ ਨੂੰ ਅਕਸਰ ਆਪਣੀ ਤੋਤਲੀ ਆਵਾਜ਼ ’ਚ ਗੁਣ-ਗੁਣਾਉਂਦਾ ਸੁਣੀਦਾ ਹੈ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਉਹ ਸਿੱਧੂ ਮੂਸੇ ਵਾਲਾ ਦਾ ਇਸ ਕਦਰ ਦੀਵਾਨਾ ਹੈ ਕਿ ਜਦੋਂ ਮੂਸੇ ਵਾਲਾ ਦੇ ਕਤਲ ਦੀ ਖ਼ਬਰ ਆਮ ਹੋਈ ਤਾਂ ਉਹ ਹੌਲ ਨਾਲ ਬੀਮਾਰ ਪੈ ਗਿਆ। ਉਸ ਨੇ ਦੋ ਦਿਨਾਂ ਤਕ ਕੁਝ ਵੀ ਖਾਧਾ-ਪੀਤਾ ਨਹੀਂ। ਜ਼ਿੱਦ ਕਰਕੇ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਤੇ ਦਸਤਾਰ ਮੰਗਾਵਾ ਕੇ ਬੰਨ੍ਹ ਲਈ। ਇਹੀ ਨਹੀਂ, ਪੁੱਤਰ ਦੇ ਕਈ ਸਕੂਲ ਤੇ ਗੁਆਂਢ ਦੇ ਸਾਥੀਆਂ ਨੇ ਵੀ ਪ੍ਰਭਾਵ ’ਚ ਆ ਕੇ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਤੇ ਪੱਗ ਬੰਨ੍ਹ ਲਈ। ਕਾਕਾ ਯੂਟਿਊਬ ਤੇ ਅਕਸਰ ਮੂਸੇ ਵਾਲਾ ਦੇ ਗੀਤ ਸੁਣਨਾ ਪਸੰਦ ਕਰਦਾ ਹੈ। ਮੂਸੇ ਵਾਲਾ ਦੇ ਮਾਪਿਆਂ ਤੇ ਘਰ-ਬਾਰ ਨੂੰ ਨਿਹਾਰਦਾ ਹੋਇਆ ਦਾਦੀ ਅੰਮਾਂ ਨੂੰ ਆਪਣੀ ਤੋਤਲੀ ਆਵਾਜ਼ ’ਚ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦਾ ਹੈ।

ਹੈਦਰ ਦੀ ਉਦਾਸੀ ਨੂੰ ਸਮਝਦਿਆਂ ਸਾਰੇ ਗੋਲ-ਮੋਲ ਜਵਾਬ ਦੇ ਕੇ ਉਸ ਨੂੰ ਟਰਕਾ ਛੱਡਦੇ ਹਨ। ਉਹ ਆਏ ਦਿਨ ਸਿੱਧੂ ਮੂਸੇ ਵਾਲਾ ਦੇ ਘਰ ਜਾਣ ਦੀ ਜ਼ਿੱਦ ਕਰਦਾ ਹੈ। ਅਫ਼ਸੋਸ ਕਿ ਹਾਲ ਦੀ ਘੜੀ, ਉਸ ਦੀ ਇਸ ਖਾਹਿਸ਼ ਨੂੰ ਪੂਰਾ ਕਰਨਾ ਨਾਮੁਮਕਿਨ ਹੈ। ਬੀਤੀ ਰਾਤ ਫਿਰ ਹੈਦਰ ਨੇ ਮੂਸੇ ਵਾਲਾ ਦੀ ਦਰਦਨਾਕ ਹੱਤਿਆ ਵਾਲੀ ਵੀਡੀਓ ਯੂਟਿਊਬ ’ਤੇ ਦੇਖੀ। ਉਹ ਨੀਂਦ ’ਚ ਮੂਸੇ ਵਾਲਾ-ਮੂਸੇ ਵਾਲਾ ਬੁੜਬੁੜਾਉਂਦਾ ਰਿਹਾ। ਉਸ ਨੇ ਅੱਜ ਫਿਰ ਕੁਝ ਖਾਧਾ-ਪੀਤਾ ਨਹੀਂ। ਉਹ ਸਕੂਲ ਵੀ ਨਹੀਂ ਗਿਆ। ਮੇਰੀ ਮਾਂ ਨੇ ਹੈਦਰ ਦੇ ਸਕੂਲ ਨਾ ਜਾਣ ਦਾ ਮੈਨੂੰ ਕਾਰਨ ਪੁੱਛਿਆ। ‘ਹੈਦਰ ਉਦਾਸ ਏ ਅੰਮਾਂ!’ ਕਹਿੰਦਿਆਂ ਮੈਂ ਕਮਰੇ ’ਚੋਂ ਬਾਹਰ ਹੋ ਗਿਆ। ਅੰਮਾਂ ਦੇ ਚਿਹਰੇ ’ਤੇ ਵੀ ਉਦਾਸੀ ਦੀ ਲਕੀਰ ਫਿਰ ਗਈ।

–ਸਤਵੀਰ ਸਿੰਘ ਚਾਨੀਆਂ
(92569-73526)


Rahul Singh

Content Editor

Related News