ਸ਼ਿਲਪਾ ਕੋਲੋਂ ਪੁੱਛਗਿੱਛ ਕਰਨ ਮੁੰਬਈ ਪੁੱਜੀ ਲਖਨਊ ਪੁਲਸ ਨੂੰ ਨਹੀਂ ਮਿਲੀ ਅਦਾਕਾਰਾ, ਧੋਖਾਧੜੀ ਮਾਮਲੇ ’ਚ ਨੋਟਿਸ ਜਾਰੀ

Thursday, Aug 12, 2021 - 12:09 PM (IST)

ਸ਼ਿਲਪਾ ਕੋਲੋਂ ਪੁੱਛਗਿੱਛ ਕਰਨ ਮੁੰਬਈ ਪੁੱਜੀ ਲਖਨਊ ਪੁਲਸ ਨੂੰ ਨਹੀਂ ਮਿਲੀ ਅਦਾਕਾਰਾ, ਧੋਖਾਧੜੀ ਮਾਮਲੇ ’ਚ ਨੋਟਿਸ ਜਾਰੀ

ਮੁੰਬਈ (ਬਿਊਰੋ)– ਲਖਨਊ ਪੁਲਸ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੀ ਮਾਂ ’ਤੇ ਧੋਖਾਧੜੀ ਦੇ ਦੋਸ਼ਾਂ ’ਤੇ ਆਪਣੀ ਪਕੜ ਹੋਰ ਸਖ਼ਤ ਕਰ ਰਹੀ ਹੈ। ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ’ਚ ਪੁੱਛਗਿੱਛ ਲਈ ਲਖਨਊ ਪੁਲਸ ਇਨ੍ਹੀਂ ਦਿਨੀਂ ਮੁੰਬਈ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਸ ਸ਼ਿਲਪਾ ਦੇ ਘਰ ਪੁੱਛਗਿੱਛ ਲਈ ਪਹੁੰਚੀ ਤਾਂ ਉਹ ਉਥੇ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਇੰਸਪੈਕਟਰ ਨੇ ਸ਼ਿਲਪਾ ਦੇ ਮੈਨੇਜਰ ਨੂੰ ਨੋਟਿਸ ਸੌਂਪਿਆ।

ਏ. ਡੀ. ਸੀ. ਪੀ. ਨੇ ਦੱਸਿਆ ਕਿ ਮੰਗਲਵਾਰ ਨੂੰ ਬੀ. ਬੀ. ਡੀ. ਚੌਕੀ ਇੰਚਾਰਜ ਅਜੇ ਸ਼ੁਕਲਾ ਅਦਾਕਾਰਾ ਤੋਂ ਪੁੱਛਗਿੱਛ ਕਰਨ ਲਈ ਮੁੰਬਈ ਪਹੁੰਚੇ ਸਨ ਪਰ ਸ਼ਿਲਪਾ ਦੇ ਨਾ ਮਿਲਣ ਕਾਰਨ ਉਸ ਦੇ ਮੈਨੇਜਰ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਤੋਂ ਤਿੰਨ ਦਿਨਾਂ ’ਚ ਜਵਾਬ ਮੰਗਿਆ ਗਿਆ ਹੈ। ਪੁਲਸ ਮੈਨੇਜਰ ਕਿਰਨ ਬਾਬਾ ਤੋਂ ਵੀ ਪੁੱਛਗਿੱਛ ਕਰੇਗੀ। ਉਸ ਨੂੰ ਵੀ ਨੋਟਿਸ ਦਿੱਤਾ ਗਿਆ ਹੈ।

ਦਰਅਸਲ ਲਖਨਊ ਦੀ ਰਹਿਣ ਵਾਲੀ ਜੋਤਸਨਾ ਚੌਹਾਨ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੀ ਮਾਂ ਸੁਨੰਦਾ ਸ਼ੈੱਟੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਸੀ। ਜੋਤਸਨਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਿਲ ਕੇ ਅਯੋਸਿਸ ਵੈੱਲਨੈੱਸ ਸੈਂਟਰ ਦੇ ਨਾਂ ’ਤੇ 1 ਕਰੋੜ 69 ਲੱਖ ਦੀ ਠੱਗੀ ਮਾਰੀ। ਇਸ ਮਾਮਲੇ ’ਚ ਉਨ੍ਹਾਂ ਨੇ ਸ਼ਿਲਪਾ ਦੀ ਕੰਪਨੀ ਦੇ ਪ੍ਰਬੰਧਕਾਂ ਕਿਰਨ ਬਾਬਾ, ਪੂਨ ਝਾਅ, ਵਿਨੇ ਭਸੀਨ ਤੇ ਅਨਾਮਿਕਾ ਚਤੁਰਵੇਦੀ ’ਤੇ ਵੀ ਦੋਸ਼ ਲਗਾਏ ਸਨ। ਜੋਤਸਨਾ ਨੇ 19 ਜੂਨ, 2020 ਨੂੰ ਲਖਨਊ ਦੇ ਵਿਭੂਤੀਖੰਡ ਪੁਲਸ ਸਟੇਸ਼ਨ ’ਚ ਆਪਣੀ ਐੱਫ. ਆਈ. ਆਰ. ਦਰਜ ਕਰਵਾਈ ਸੀ। ਇਹ ਜਾਣਕਾਰੀ ਏ. ਡੀ. ਸੀ. ਪੀ. ਈਸਟ ਕਾਸਿਮ ਅਬਦੀ ਨੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸੈਫ-ਕਰੀਨਾ ਦੇ ਦੂਜੇ ਪੁੱਤਰ ਦੇ ਨਾਂ ’ਤੇ ਹੰਗਾਮਾ, ਲੋਕਾਂ ਨੇ ਕਿਹਾ- ‘ਅਗਲੇ ਪੁੱਤਰ ਦਾ ਨਾਂ ਰੱਖਿਓ ਔਰੰਗਜ਼ੇਬ ਜਾਂ ਬਾਬਰ

ਜੋਤਸਨਾ ਨੇ ਦਾਅਵਾ ਕੀਤਾ ਸੀ ਕਿ ਜਨਵਰੀ, 2019 ’ਚ ਉਹ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਕੰਪਨੀ ਅਯੋਸਿਸ ਦੀ  ਨਿਰਦੇਸ਼ਕ ਕਿਰਨ ਬਾਬਾ ਨੂੰ ਮਿਲੀ ਸੀ। ਕਿਰਨ ਨੇ ਉਸ ਨੂੰ ਸ਼ਿਲਪਾ ਦੀ ਕੰਪਨੀ ਦੀਆਂ ਕਈ ਪੇਸ਼ਕਾਰੀਆਂ ਦਿਖਾਈਆਂ ਸਨ। ਉਸ ਨੂੰ ਦੱਸਿਆ ਗਿਆ ਕਿ ਕੰਪਨੀ ਦੀ ਫਰੈਂਚਾਇਜ਼ੀ 5 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਕਮਾ ਸਕਦੀ ਹੈ। ਜੋਤਸਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕੰਪਨੀ ਦੀ ਫਰੈਂਚਾਇਜ਼ੀ ਲੈ ਕੇ ਇਕ ਤੰਦਰੁਸਤੀ ਕੇਂਦਰ ਖੋਲ੍ਹਣ ਲਈ 85 ਲੱਖ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਖ਼ੁਦ ਕੇਂਦਰ ਦਾ ਉਦਘਾਟਨ ਕਰੇਗੀ। ਜੋਤਸਨਾ ਨੇ ਇਸ ਕਾਰਜ ’ਚ ਕਿਰਨ ਦੇ ਨਾਲ 5 ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।

ਉਸ ਨੇ ਦੱਸਿਆ ਕਿ ਕਾਰੋਬਾਰ ਵਧਾਉਣ ਦੇ ਲਾਲਚ ’ਚ ਉਸ ਨੇ ਕਿਰਨ ਬਾਬਾ ਦੀਆਂ ਗੱਲਾਂ ’ਤੇ ਭਰੋਸਾ ਕੀਤਾ। ਇਸ ਦੇ ਲਈ ਉਸ ਨੇ ਅਪ੍ਰੈਲ, 2019 ’ਚ ਲਖਨਊ ਦੇ ਵਿਭੂਤੀਖੰਡ ’ਚ ਰੋਹਤਾਸ਼ ਪ੍ਰੈਜ਼ੀਡੈਂਸ਼ੀਅਲ ’ਚ ਇਕ ਦੁਕਾਨ ਕਿਰਾਏ ’ਤੇ ਲਈ ਸੀ। ਤੰਦਰੁਸਤੀ ਕੇਂਦਰ ਉਸੇ ’ਚ ਸ਼ੁਰੂ ਕੀਤਾ ਗਿਆ ਸੀ। ਜੋਤਸਨਾ ਨੇ ਖ਼ੁਲਾਸਾ ਕੀਤਾ ਕਿ ਜਦੋਂ ਉਸ ਨੇ ਸ਼ਿਲਪਾ ਦੀ ਕੰਪਨੀ ਨਾਲ ਸਮਝੌਤੇ ਬਾਰੇ ਗੱਲ ਕੀਤੀ ਤਾਂ ਹਰ ਕੋਈ ਇਸ ਤੋਂ ਪਰਹੇਜ਼ ਕਰਨ ਲੱਗ ਪਿਆ। ਇਹ ਵੀ ਦੱਸਿਆ ਗਿਆ ਕਿ ਕੇਂਦਰ ਦੇ ਉਦਘਾਟਨ ਲਈ ਸ਼ਿਲਪਾ ਨੂੰ ਬੁਲਾਉਣ ਦੇ ਨਾਂ ’ਤੇ ਉਸ ਤੋਂ 11 ਲੱਖ ਰੁਪਏ ਹੋਰ ਮੰਗੇ ਗਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News