ਪੰਜਾਬੀ ਫ਼ਿਲਮ ਉਦਯੋਗ ''ਚ ਸਰਗੁਣ ਮਹਿਤਾ ਨੂੰ ਹੋਏ 5 ਸਾਲ, ਸਾਂਝੀ ਕੀਤੀ ਭਾਵੁਕ ਪੋਸਟ
Saturday, Aug 01, 2020 - 12:42 PM (IST)

ਜਲੰਧਰ (ਬਿਊਰੋ) — ਪ੍ਰਸਿੱਧ ਅਦਾਕਾਰਾ ਸਰਗੁਣ ਮਹਿਤਾ ਨੂੰ ਪੰਜਾਬੀ ਫ਼ਿਲਮ ਉਦਯੋਗ 'ਚ ਕੰਮ ਕਰਦਿਆਂ 5 ਸਾਲ ਹੋ ਗਏ ਹਨ। 31 ਜੁਲਾਈ ਨੂੰ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਅੰਗਰੇਜ਼' ਰਿਲੀਜ਼ ਹੋਈ ਸੀ। ਇਸ ਖ਼ਾਸ ਦਿਨ 'ਤੇ ਉਨ੍ਹਾਂ ਨੇ ਬਹੁਤ ਭਾਵੁਕ ਪੋਸਟ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਅਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਕ ਲੰਮਾ ਚੋੜਾ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਲਿਖਿਆ ਹੈ '31 ਜੁਲਾਈ 2015 ਨੂੰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕੁਝ ਹੋਰ ਲੋਕਾਂ ਨਾਲ ਆਪਣੀ ਪਹਿਲੀ ਫ਼ਿਲਮ ਦੇਖਣ ਗਈ ਹੋਈ ਸੀ।
ਇਨਟਰਵਲ 'ਚ ਮੇਰੇ ਭਰਾ ਨੇ ਮੈਨੂੰ ਕਿਹਾ, 'ਕਹਿੰਦਾ ਬਾਕੀ ਸਭ ਕੁਝ ਤਾਂ ਵਧੀਆ ਹੈ ਪਰ ਤੂੰ ਕਿੱਥੇ ਆ, ਮੈਂ ਕਿਹਾ ਮੇਰੀ ਐਂਟਰੀ ਇਨਟਰਵਲ ਤੋਂ ਬਾਅਦ ਹੈ। ਉਸ ਨੂੰ ਲੱਗਿਆ ਆਪਾਂ ਇੰਨੇਂ ਬੰਦੇ ਇੱਕਠੇ ਕਰਕੇ ਲੈ ਕੇ ਆਏ ਹਾਂ, ਪਤਾ ਨਹੀਂ ਢੰਗ ਦੇ 2-3 ਸੀਨ ਹੈਗੇ ਵੀ ਆ ਕੀ ਨਹੀਂ। ਪਤਾ ਨਹੀਂ ਸੀ ਮੈਨੂੰ ਕਿ ਫ਼ਿਲਮ ਖ਼ਤਮ ਹੁੰਦਿਆਂ ਤੱਕ ਉਸ ਦਾ ਡਰ ਖ਼ੁਸ਼ੀ ਅਤੇ ਫਖਰ ਦਾ ਰੂਪ ਲੈ ਲਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਪੂਰੀ ਟੀਮ ਦਾ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।
ਦੱਸ ਦਈਏ ਕਿ ਇਸ ਫ਼ਿਲਮ ਤੋਂ ਬਾਅਦ ਸਰਗੁਣ ਮਹਿਤਾ ਲਗਾਤਾਰ ਪੰਜਾਬੀ ਫ਼ਿਲਮਾਂ 'ਚ ਸਰਗਰਮ ਹਨ। ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ਦੇ ਹਿੱਟ ਸਾਬਿਤ ਹੁੰਦੀਆਂ ਹਨ।
ਦੱਸਣਯੋਗ ਹੈ ਕਿ ਸਰਗੁਣ ਮਹਿਤਾ ਪੰਜਾਬੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਸਰਗਰਮ ਹਨ।
ਹਾਲ ਹੀ 'ਚ ਉਹ ਬੀਨੂੰ ਢਿੱਲੋਂ ਨਾਲ ਫ਼ਿਲਮ 'ਝੱਲੇ' 'ਚ ਵਿਖਾਈ ਦਿੱਤੇ ਸਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਹੋਰ ਫ਼ਿਲਮ 'ਕਿਸਮਤ-2' ਦਾ ਪੋਸਟਰ ਸਾਂਝਾ ਕੀਤਾ ਸੀ। ਇਹ ਫ਼ਿਲਮ 'ਕਿਸਮਤ' ਦਾ ਸੀਕਵਲ ਹੈ। ਇਸ ਦੇ ਨਾਲ ਹੀ ਉਹ ਐਮੀ ਵਿਰਕ ਅਤੇ ਨਿਮਰਤ ਖਹਿਰਾ ਨਾਲ ਫ਼ਿਲਮ 'ਸੌਂਕਣ ਸੌਂਕਣੇ' 'ਚ ਵੀ ਨਜ਼ਰ ਆਉਣਗੇ।