ਮਨੋਰੰਜਨ ਜਗਤ ਦੀ ਸਾਲ 2021-22 ਦੀ ਡਾਇਰੈਕਟਰੀ ਰਿਲੀਜ਼, ਮਿਲੇਗੀ ਹਰ ਪੰਜਾਬੀ ਫ਼ਿਲਮ ਦੀ ਜਾਣਕਾਰੀ

02/10/2021 5:40:31 PM

ਚੰਡੀਗੜ੍ਹ (ਬਿਊਰੋ)– ਕਿਸੇ ਵੀ ਖੇਤਰ ’ਚ ਅੱਗੇ ਵਧਣ ਲਈ ਉਸ ਖੇਤਰ ਦੀ ਪੁਖਤਾ ਜਾਣਕਾਰੀ ਤੇ ਨੈੱਟਵਰਕ ਦਾ ਹੋਣਾ ਬੇਹੱਦ ਜ਼ਰੂਰੀ ਹੈ। ਬਿਨਾਂ ਨੈੱਟਵਰਕ ਤੇ ਜਾਣਕਾਰੀ ਤੋਂ ਕਿਸੇ ਵੀ ਖੇਤਰ ’ਚ ਸਫਲਤਾ ਸੰਭਵ ਨਹੀਂ। ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ ਫ਼ਿਲਮ ਪ੍ਰਚਾਰਕ ਤੇ ਲੇਖਕ ਸਪਨ ਮਨਚੰਦਾ ਨੇ ਪੰਜਾਬੀ ਮਨੋਰੰਜਨ ਜਗਤ ਨਾਲ ਸਬੰਧਤ ਅਜਿਹੀ ਇਨਫਾਰਮੇਸ਼ਨ, ਡਾਟਾ ਤੇ ਟੈਲੀਫ਼ੋਨ ਡਾਇਰੈਕਟਰੀ ਤਿਆਰ ਕੀਤੀ ਹੈ, ਜੋ ਕਿਸੇ ਰੋਡਮੈਪ ਤੋਂ ਘੱਟ ਨਹੀਂ ਹੈ। ਇਸ ਟੈਲੀਫ਼ੋਨ ਡਾਇਰੈਕਟਰੀ ਨੂੰ ਬੀਤੇ ਦਿਨੀਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਨਾਮਵਰ ਗਾਇਕ ਤੇ ਅਦਾਕਾਰ ਹਰਭਜਨ ਮਾਨ, ਪੰਜਾਬੀ ਗਾਇਕ ਰਣਜੀਤ ਬਾਵਾ ਤੇ ਨਾਮਵਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਵਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਇਨ੍ਹਾਂ ਹਸਤੀਆਂ ਤੋਂ ਇਲਾਵਾ ਪੰਜਾਬ ਫ਼ਿਲਮ ਸਿਟੀ ਦੇ ਮੁਖੀ ਇਕਬਾਲ ਚੀਮਾ ਸਮੇਤ ਕਈ ਹੋਰ ਚਿਹਰੇ ਵੀ ਹਾਜ਼ਰ ਸਨ।

ਇਸ ਮੌਕੇ ਸਪਨ ਮਨਚੰਦਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਹਰ ਦੋ ਸਾਲਾਂ ਬਾਅਦ ਪੰਜਾਬੀ ਇੰਡਸਟਰੀ ਦੀ ਇਕ ਟੈਲੀਫ਼ੋਨ ਡਾਇਰੈਕਟਰੀ ਤਿਆਰ ਕੀਤੀ ਜਾਂਦੀ ਹੈ ਪਰ ਇਸ ਵਾਰ ਇਸ ਦੇ ਪੰਜਵੇਂ ਐਡੀਸ਼ਨ ਨੂੰ ਇਕ ਵੱਖਰਾ ਤੇ ਮਹੱਤਵਪੂਰਨ ਰੂਪ ਦਿੱਤਾ ਗਿਆ ਹੈ। ਸਾਲ 2021 ਤੇ 22 ਦੀ ਇਸ ਡਾਇਰੈਕਟਰੀ ’ਚ ਨਾ ਸਿਰਫ ਮਨੋਰੰਜਨ ਜਗਤ ਨਾਲ ਸਬੰਧਤ ਚਿਹਰਿਆਂ ਦੀ ਸੰਪਰਕ ਜਾਣਕਾਰੀ ਉਨ੍ਹਾਂ ਦੀ ਤਸਵੀਰ ਸਮੇਤ ਸ਼ਾਮਲ ਕੀਤੀ ਗਈ ਹੈ, ਬਲਕਿ 432 ਪੰਨਿਆਂ ਦੀ ਇਸ ਡਾਇਰੈਕਟਰੀ ’ਚ ਇਸ ਵਾਰ ਹੁਣ ਤੱਕ ਯਾਨੀ ਸਾਲ 1935 ਤੋਂ 2020 ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਦੀ ਜਾਣਕਾਰੀ ਵੀ ਉਪਲੱਬਧ ਕਰਵਾਈ ਗਈ ਹੈ।

ਇਹੀ ਨਹੀਂ ਇਸ ਤੋਂ ਇਲਾਵਾ ਫ਼ਿਲਮ ਬਣਾਉਣ ਦਾ ਪ੍ਰੋਸੈੱਸ ਕੀ ਹੈ, ਫ਼ਿਲਮ ਦਾ ਬਜਟ ਕਿਵੇਂ ਬਣਦਾ ਹੈ, ਨੌਰਥ ਇੰਡੀਆ ’ਚ ਕਿਥੇ-ਕਿਥੇ ਤੇ ਕਿੰਨੇ ਮਲਟੀਪਲੈਕਸ ਹਨ, ਹੁਣ ਤੱਕ ਕਿਹੜੀਆਂ ਫ਼ਿਲਮਾਂ ਨੂੰ ਨੈਸ਼ਨਲ ਐਵਾਰਡ ਹਾਸਲ ਹੋਇਆ, ਕਿਹੜਾ ਕਲਾਕਾਰ ਕਿਸ ਸਾਲ ਸਰਵੋਤਮ ਅਦਾਕਾਰ ਚੁਣਿਆ ਗਿਆ ਸਮੇਤ ਹੋਰ ਵੀ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਨੂੰ ਇਸ ਦਾ ਹਿੱਸਾ ਬਣਾਇਆ ਗਿਆ ਹੈ।

ਇਸ ਮੌਕੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਪੰਜਾਬੀ ਸਿਨੇਮੇ ਦਾ ਦਾਇਰਾ ਵਿਸ਼ਾਲ ਹੋ ਚੁੱਕਾ ਹੈ। ਅਜਿਹੇ ’ਚ ਬਹੁਤ ਸਾਰੇ ਨਵੇਂ ਚਿਹਰੇ ਇਸ ਦਾ ਹਿੱਸਾ ਬਣ ਰਹੇ ਹਨ। ਅਜਿਹੇ ਲੋਕਾਂ ਲਈ ਇਹ ਡਾਇਰੈਕਟਰੀ ਕਿਸੇ ਰੋਡਮੈਪ ਤੋਂ ਘੱਟ ਸਾਬਿਤ ਨਹੀਂ ਹੋਵੇਗੀ। ਡਾਇਰੈਕਟਰੀ ’ਚ ਸ਼ਾਮਲ ਪੰਜਾਬੀ ਸਿਨੇਮਾ ਤੇ ਫ਼ਿਲਮਾਂ ਦੀ ਜਾਣਕਾਰੀ ਇਸ ਦੇ ਅਮੀਰ ਪਿਛੋਕੜ ਤੇ ਇਤਿਹਾਸ ਤੋਂ ਜਾਣੂ ਕਰਵਾਉਂਦੀ ਹੈ। ਇਹ ਡਾਇਰੈਕਟਰੀ ਹਰ ਪੱਖ ਤੋਂ ਮਹੱਤਵਪੂਰਨ ਤੇ ਸਾਂਭਣਯੋਗ ਹੈ।

ਗਾਇਕ ਹਰਭਜਨ ਮਾਨ ਨੇ ਕਿਹਾ ਕਿ ਸਪਨ ਮਨਚੰਦਾ ਦਾ ਇਹ ਉਪਰਾਲਾ ਬੇਹੱਦ ਸ਼ਾਨਦਾਰ ਹੈ। ਇਸ ਡਾਇਰੈਕਟਰੀ ਦੀ ਮਦਦ ਨਾਲ ਬਹੁਤ ਸਾਰੇ ਕੰਮ ਆਸਾਨ ਤਾਂ ਹੁੰਦੇ ਹੀ ਸਨ, ਬਲਕਿ ਹੁਣ ਇਸ ’ਚ ਸ਼ਾਮਲ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਮਹੱਤਵਪੂਰਨ ਜਾਣਕਾਰੀ ਵੀ ਸਭ ਤੱਕ ਪਹੁੰਚੇਗੀ, ਜੋ ਕਿ ਸ਼ਲਾਘਾਯੋਗ ਕਦਮ ਹੈ।

ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਦੀ ਹੋ ਚੁੱਕੀ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਲਈ ਇਹ ਇਕ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ’ਚ ਵੱਖ-ਵੱਖ ਤਰ੍ਹਾਂ ਦਾ ਕੰਮ ਕਰ ਰਹੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨੀ ਤੇ ਫਿਰ ਉਸ ਨੂੰ ਕੈਟਾਗਿਰੀ ਵਾਈਜ਼ ਵੰਡ ਕੇ ਡਾਇਰੈਕਟਰੀ ’ਚ ਸ਼ਾਮਲ ਕਰਨਾ ਮੁਸ਼ਕਿਲ ਤੇ ਸ਼ਲਾਘਾਯੋਗ ਕੰਮ ਹੈ। ਇਸ ਨਾਲ ਕਈ ਤਰ੍ਹਾਂ ਦੇ ਕੰਮ ਆਸਾਨ ਹੁੰਦੇ ਹਨ। ਅਜਿਹੇ ਉਪਰਾਲੇ ਵੀ ਪੰਜਾਬੀ ਇੰਡਸਟਰੀ ਦੀ ਤਰੱਕੀ ’ਚ ਅਹਿਮ ਯੋਗਦਾਨ ਪਾਉਂਦੇ ਹਨ।

ਪੰਜਾਬੀ ਮਨੋਰੰਜਨ ਜਗਤ ਲਈ ਪੰਜਾਬ ਫ਼ਿਲਮ ਸਿਟੀ ਦਾ ਨਿਰਮਾਣ ਕਰਨ ਵਾਲੇ ਇਕਬਾਲ ਚੀਮਾ ਨੇ ਵੀ ਕਿਹਾ ਕਿ ਹੁਣ ਪੰਜਾਬੀ ਇੰਡਸਟਰੀ ਸਿਰਫ ਪੰਜਾਬ ਜਾਂ ਪੰਜਾਬੀ ਲੋਕਾਂ ਤੱਕ ਸੀਮਤ ਨਹੀਂ ਰਹੀ, ਬਲਕਿ ਹੋਰ ਖੇਤਰੀ ਭਾਸ਼ਾਵਾਂ ਤੇ ਹਿੰਦੀ ਫ਼ਿਲਮ ਇੰਡਸਟਰੀ ਵੀ ਪੰਜਾਬੀ ਇੰਡਸਟਰੀ ’ਚ ਦਿਲਚਸਪੀ ਰੱਖਦੀ ਹੈ। ਇਹੀ ਕਾਰਨ ਹੈ ਕਿ ਇਸ ਵੇਲੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਬਹੁਤ ਸਾਰੀਆਂ ਵੈੱਬ ਸੀਰੀਜ਼, ਡਿਜੀਟਲ ਫ਼ਿਲਮਾਂ ਤੇ ਟੀ. ਵੀ. ਸੀਰੀਅਲਜ਼ ਦਾ ਪੰਜਾਬ ’ਚ ਨਿਰਮਾਣ ਹੋ ਰਿਹਾ ਹੈ। ਆਉਣ ਵਾਲੇ ਸਮੇਂ ’ਚ ਇਸ ਡਾਇਰੈਕਟਰੀ ਦੀ ਅਹਿਮੀਅਤ ਹੋਰ ਵੀ ਵਧੇਗੀ।

ਨੋਟ– ਤੁਹਾਨੂੰ ਪਾਲੀਵੁੱਡ ਡਾਇਰੈਕਟਰੀ ਦੀ ਕਿਹੜੀ ਚੀਜ਼ ਵਧੀਆ ਲੱਗੀ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News