ਜਜ਼ਬੇ ਨੂੰ ਸਲਾਮ ! ਅੱਧੀ ਰਾਤ ਨੂੰ ਮਦਦ ਲਈ ਅੱਗੇ ਆਈ ਸੋਨੂੰ ਸੂਦ ਦੀ ਟੀਮ, ਬਚਾਈ 22 ਕੋਰੋਨਾ ਪੀੜਤਾਂ ਦੀ ਜਾਨ

Wednesday, May 05, 2021 - 01:08 PM (IST)

ਮੁੰਬਈ: ਜੋ ਕੰਮ ਸਰਕਾਰ ਨਹੀਂ ਕਰ ਪਾ ਰਹੀ ਉਹ ਸੋਨੂੰ ਸੂਦ ਕਰ ਰਹੇ ਹਨ। ਜਦੋਂ ਤੋਂ ਕੋਰੋਨਾ ਕਾਲ ਬਣ ਕੇ ਦੇਸ਼ ’ਤੇ ਮੰਡਰਾ ਰਿਹਾ ਹੈ ਉਦੋਂ ਤੋਂ ਹੀ ਸੋਨੂ ਸੂਦ ਲੋਕਾਂ  ਦੀ ਮਦਦ ਲਈ ਮੂਹਰਲੀਆਂ ਸਫਾਂ ਵਿੱਚ ਰਹੇ ਹਨ। ਬੀਤੇ ਦਿਨ ਵੀ ਸੋਨੂੰ ਸੂਦ ਕਾਰਨ ਕਈ ਕੋਰੋਨਾ ਪੀੜਤਾਂ ਦੀ ਜਾਨ ਬਚ ਗਈ। ਅੱਧੀ ਰਾਤ ਨੂੰ ਬੰਗਲੁਰੂ ਦੇ ਏ.ਆਰ.ਏ.ਕੇ ਹਸਪਤਾਲ ਨੇ ਮਦਦ ਦੀ ਗੁਹਾਰ ਲਗਾਈ, ਦੱਸਿਆ ਕਿ ਆਕਸੀਜਨ ਨਹੀਂ ਹੈ। ਸੋਨੂੰ ਸੂਦ ਅਤੇ ਉਨ੍ਹਾਂ ਦੀ ਟੀਮ ਰਾਤ ਭਰ ਜੁਟੀ ਰਹੀ ਅਤੇ ਕੁਝ ਹੀ ਘੰਟਿਆਂ ’ਚ 15 ਆਕਸੀਜਨ ਸਿਲੰਡਰ ਦੀ ਵਿਵਸਥਾ ਕੀਤੀ।
ਇੰਸਪੈਕਟਰ ਨੇ ਕੀਤਾ ਸੀ ਫੋਨ
ਰਿਪੋਰਟ ਮੁਤਾਬਕ ਮੰਗਲਵਾਰ ਨੂੰ ਸੋਨੂੰ ਸੂਦ ਚੈਰਿਟੀ ਫਾਊਂਡੇਸ਼ਨ ਦੇ ਇਕ ਮੈਂਬਰ ਨੂੰ ਯੇਲਾਹੰਕਾ ਇਲਾਕੇ ਦੇ ਇੰਸਪੈਕਟਰ ਐੱਮ.ਆਰ. ਸੱਤਿਆਨਾਰਾਇਣ ਨੇ ਫੋਨ ਕੀਤਾ। ਦੱਸਿਆ ਕਿ ਏ.ਆਰ.ਏ.ਕੇ ਹਸਪਤਾਲ ’ਚ ਹਾਲਤ ਬੁਰੀ ਹੈ, ਮਦਦ ਚਾਹੀਦੀ ਹੈ। ਹਸਪਤਾਲ ’ਚ ਆਕਸੀਜਨ ਦੀ ਘਾਟ ਨਾਲ ਪਹਿਲਾਂ ਹੀ 2 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। 

PunjabKesari
ਅੱਧੀ ਰਾਤ ਨੂੰ ਸਾਰੇ ਲੋਕਾਂ ਨੂੰ ਜਗਾਇਆ, ਕਿਹਾ- ਐਮਰਜੈਂਸੀ ਹੈ
ਸੋਨੂੰ ਸੂਦ ਦੀ ਟੀਮ ਨੂੰ ਜਿਵੇਂ ਹੀ ਇਸ ਦੀ ਖ਼ਬਰ ਮਿਲੀ, ਪੂਰੀ ਟੀਮ ਅੱਧੀ ਰਾਤ ਨੂੰ ਹੀ ਆਕਸੀਜਨ ਸਿਲੰਡਰ ਦੇ ਜੁਗਾੜ ’ਚ ਜੁਟ ਗਈ। ਅੱਧੀ ਰਾਤ ਨੂੰ ਹੀ ਆਪਣੇ ਸਾਰੇ ਦੋਸਤਾਂ ਨੂੰ ਜਗਇਆ, ਉਨ੍ਹਾਂ ਨੂੰ ਦੱਸਿਆ ਕਿ ਐਮਰਜੈਂਸੀ ਹੈ। ਕੁਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਸੋਨੂੰ ਸੂਦ ਅਤੇ ਉਨ੍ਹਾਂ ਦੀ ਟੀਮ ਨੇ 15 ਆਕਸੀਜਨ ਸਿਲੰਡਰ ਹਸਪਤਾਲ ਪਹੁੰਚਾ ਦਿੱਤੇ। 
ਸੋਨੂੰ ਨੇ ਆਖੀ ਇਹ ਗੱਲ
ਜਾਨ ਬਚਾਉਣਾ ਇਸ ਸਮੇਂ ਸਭ ਤੋਂ ਵੱਡੀ ਉਪਲੱਬਧੀ ਹੈ। ਸੋਨੂੰ ਕਹਿੰਦੇ ਹਨ ਕਿ ਇਹ ਪੂਰੀ ਤਰ੍ਹਾਂ ਨਾਲ ਟੀਮਵਰਕ ਅਤੇ ਸਾਡੇ ਦੋਸਤਾਂ ’ਚ ਦੇਸ਼ਵਾਸੀਆਂ ਦੀ ਮਦਦ ਕਰਨ ਦੀ ਇੱਛਾ-ਸ਼ਕਤੀ ਦਾ ਨਤੀਜਾ ਹੈ। ਜਿਵੇਂ ਹੀ ਸਾਨੂੰ ਇੰਸਪੈਕਟਰ ਸੱਤਿਆਨਾਰਾਇਣ ਜੀ ਦਾ ਫੋਨ ਆਇਆ। ਅਸੀਂ ਇਸ ਨੂੰ ਕੰਫਰਮ ਕਰਦੇ ਹੀ ਮਿੰਟਾਂ ਦੇ ਅੰਦਰ ਕਰਵਾਈ ਸ਼ੁਰੂ ਕਰ ਦਿੱਤੀ। ਟੀਮ ਨੇ ਪੂਰੀ ਰਾਤ ਕਿਸੇ ਹੋਰ ਚੀਜ਼ ਦੇ ਬਾਰੇ ’ਚ ਨਾ ਸੋਚਦੇ ਹੋਏ, ਸਿਰਫ਼ ਹਸਪਤਾਲ ਨੂੰ ਆਕਸੀਜਨ ਸਿਲੰਡਰ ਦਿਵਾਉਣ ’ਚ ਮਦਦ ਕੀਤੀ। ਜੇਕਰ ਦੇਰੀ ਹੁੰਦੀ ਤਾਂ ਕਈ ਪਰਿਵਾਰ ਆਪਣੇ ਕਰੀਬੀਆਂ ਨੂੰ ਖੋਹ ਦਿੰਦੇ।  

PunjabKesari
ਮੈਨੂੰ ਮੇਰੀ ਟੀਮ ਮੈਂਬਰ ਹਸ਼ਮਥ ’ਤੇ ਮਾਣ ਹੈ
ਸੋਨੂੰ ਨੇ ਅੱਗੇ ਕਿਹਾ ਕਿ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਕੱਲ੍ਹ ਰਾਤ ਇੰਨੀਆਂ ਸਾਰੀਆਂ ਜ਼ਿੰਦਗੀਆਂ ਬਚਾਉਣ ’ਚ ਮਦਦ ਕੀਤੀ। ਮੇਰੀ ਟੀਮ ਮੈਂਬਰਾਂ ਦੀ ਇਹ ਲਗਨ ਹੋਰ ਅੱਗੇ ਵਧੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ। ਮੈਨੂੰ ਮੇਰੀ ਟੀਮ ਮੈਂਬਰ ਹਸ਼ਮਥ ’ਤੇ ਬਹੁਤ ਮਾਣ ਹੈ, ਜੋ ਪੂਰੇ ਸਮੇਂ ਮੇਰੇ ਨਾਲ ਸੰਪਰਕ ’ਚ ਰਹੇ ਅਤੇ ਪੂਰੀ ਟੀਮ ਨੇ ਉਸ ਦੀ ਮਦਦ ਕੀਤੀ। 
ਸੋਨੂੰ ਸੂਦ ਨੇ ਸ਼ੁਰੂ ਕੀਤੀ ਹੈ ਵੈਕਸੀਨ ਲਗਵਾਉਣ ਦੀ ਮੁਹਿੰਮ
ਸੋਨੂੰ ਸੂਦ ਬੀਤੇ ਦਿਨੀਂ ਖ਼ੁਦ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਸੀ, ਇਸ ਕਾਰਨ ਉਹ ਇਕ ਹਫ਼ਤੇ ’ਚ ਹੀ ਸੰਕਰਮਣ ਨੂੰ ਮਾਤ ਦੇ ਕੇ ਸਿਹਤਮੰਦ ਹੋ ਗਏ। ਅਦਾਕਾਰ ਨੇ ‘ਸੰਜੀਵਨੀ-ਏ ਸ਼ਾਟ ਆਫ ਲਾਈਫ਼’ ਨਾਂ ਨਾਲ ਇਕ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ ਉਹ ਲੋਕਾਂ ਨੂੰ ਕੋਵਿਡ ਵੈਕਸੀਨ ਜ਼ਰੂਰ ਲਗਾਉਣ ਦੀ ਅਪੀਲ ਕਰ ਰਹੇ ਹਨ। 


Aarti dhillon

Content Editor

Related News